ਸਵੈ-ਰੋਜ਼ਗਾਰ ਦਾ ਕਾਰੋਬਾਰ ਕਰਨ ਦੇ ਚਾਹਵਾਨਾਂ ਲਈ ਲਗਾਏ ਜਾਣਗੇ ਲੋਨ ਮੇਲੇ

12

December

2020

ਫਾਜ਼ਿਲਕਾ, 12 ਦਸੰਬਰ (ਪ.ਪ) ਵਧੀਕ ਡਿਪਟੀ ਕਮਿਸ਼ਨਰ (ਜ)-ਕਮ- ਮੁੱਖ ਕਾਰਜਕਾਰੀ ਅਫਸਰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਸ੍ਰੀ ਅਭਿਜੀਤ ਕਪਲਿਸ਼ ਨੇ ਦੱਸਿਆ ਕਿ ਸਵੈ-ਰੋਜ਼ਗਾਰ ਦਾ ਕਾਰੋਬਾਰ ਕਰਨ ਦੇ ਚਾਹਵਾਨਾਂ ਲਈ ਲੋਨ ਮੇਲੇ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਲੋਨ ਮੇਲਿਆਂ ਦੌਰਾਨ ਵੱਖ-ਵੱਖ ਵਿਭਾਗਾਂ ਵੱਲੋਂ ਆਪੋ-ਆਪਣੇ ਵਿਭਾਗ ਅਧੀਨ ਚਲਾਈਆਂ ਜਾਂਦੀਆਂ ਸਕੀਮਾਂ ਤੇ ਯੋਜਨਾਂਵਾਂ ਬਾਰੇ ਜਾਗਰੂਕ ਕੀਤਾ ਜਾਵੇਗਾ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 15 ਦਸੰਬਰ ਨੂੰ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਫਾਜ਼ਿਲਕਾ, 17 ਦਸੰਬਰ ਨੂੰ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਅਬੋਹਰ, 22 ਦਸੰਬਰ ਨੂੰ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਜਲਾਲਾਬਾਦ ਅਤੇ 24 ਦਸੰਬਰ ਨੂੰ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਅਰਨੀਵਾਲਾ ਵਿਖੇ ਲੋਨ ਮੇਲਾ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਵੈ-ਰੋਜਗਾਰ ਦੇ ਕਾਰੋਬਾਰ ਵੱਲ ਲਿਜਾਉਣ ਲਈ ਪੰਜਾਬ ਸਰਕਾਰ ਵੱਲੋਂ ਲੋਨ ਮੇਲੇ ਲਗਾਏ ਜਾ ਰਹੇ ਹਨ ਤਾਂ ਜ਼ੋ ਨੌਜਵਾਨ ਆਪਣੇ ਹੁਨਰ ਅਨੁਸਾਰ ਸਵੈ-ਰੋਜ਼ਗਾਰ ਦਾ ਕਾਰੋਬਾਰ ਕਰਨ ਲਈ ਸਸਤੀ ਦਰਾਂ 'ਤੇ ਲੋਨ ਪ੍ਰਾਪਤ ਕਰ ਸਕਣ ਅਤੇ ਆਪਣੇ ਪੈਰਾ ਸਿਰ ਖੜ੍ਹੇ ਹੋ ਸਕਣ। ਉਨ੍ਹਾਂ ਕਿਹਾ ਕਿ ਲੋਨ ਲੈਣ ਦੇ ਚਾਹਵਾਨ ਨੌਜਵਾਨ ਆਪਣਾ ਆਧਾਰ ਕਾਰਡ, ਪੈਨ ਕਾਰਡ, ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਹੋਰ ਲੋੜੀਂਦੇ ਦਸਤਾਵੇਜ਼ ਲੋਨ ਮੇਲਿਆਂ ਦੌਰਾਨ ਨਾਲ ਲੈ ਕੇ ਆਉਣਾ ਯਕੀਨੀ ਬਣਾਉਣ।