ਸਮੁੰਦਰੀ ਘੋੜਾ

12

December

2020

ਪਿਆਰੇ ਬੱਚਿਓ, ਤੁਸੀਂ ਸਾਰਿਆਂ ਨੇ ਸਮੁੰਦਰ ਵਿਚ ਮਿਲਣ ਵਾਲੇ ਨਿੱਕੇ ਜਿਹੇ ਜੀਵ 'ਸਮੁੰਦਰੀ ਘੋੜੇ' ਦਾ ਨਾਂਅ ਜ਼ਰੂਰ ਸੁਣਿਆ ਹੋਵੇਗਾ। ਇਹ ਜੀਵ ਹਿੱਪੋਕੈਂਪਸ ਪ੍ਰਜਾਤੀ ਦੀ ਇਕ ਤਰ੍ਹਾਂ ਦੀ ਮੱਛੀ ਹੀ ਹੁੰਦੀ ਹੈ। ਇਸ ਜੀਵ ਨੇ ਆਪਣਾ ਨਾਂਅ ਆਪਣੇ ਸਿਰ ਅਤੇ ਧੌਣ ਦੀ ਬਨਾਵਟ ਜੋ ਕਿ ਅਸਲੀ ਘੋੜੇ ਵਰਗੀ ਹੁੰਦੀ ਹੈ, ਤੋਂ ਹਾਸਿਲ ਕੀਤਾ ਹੈ। ਮੱਛੀਆਂ ਦੀ ਪ੍ਰਜਾਤੀ ਹੋਣ ਦੇ ਬਾਵਜੂਦ ਇਸ ਦੇ ਸਰੀਰ 'ਤੇ ਸਕੇਲਜ਼ ਨਹੀਂ ਹੁੰਦੇ। ਇਨ੍ਹਾਂ ਦੀ ਬਾਹਰੀ ਪਰਤ ਨਰਮ ਚਮੜੀ ਜੋ ਕਿ ਸਖਤ ਹੱਡੀਆਂ ਵਰਗੀਆਂ ਪਲੇਟਾਂ ਨੂੰ ਢਕਦੀ ਹੋਈ ਛੱਲਿਆਂ ਦੇ ਰੂਪ ਵਿਚ ਹੁੰਦੀ ਹੈ। ਇਨ੍ਹਾਂ ਜੀਵਾਂ ਦੇ ਪਸਲੀਆਂ ਵੀ ਨਹੀਂ ਹੁੰਦੀਆਂ। ਸਮੁੰਦਰੀ ਘੋੜਿਆਂ ਦਾ ਪੋਸਚਰ ਖੜਵੇਂ ਰੂਪ ਵਿਚ ਅਤੇ ਪੂਛ ਕੁੰਡਲੀ ਵਰਗੀ ਹੁੰਦੀ ਹੈ। ਵੱਖ-ਵੱਖ ਪ੍ਰਜਾਤੀਆਂ ਦੇ ਜੀਵਾਂ ਦਾ ਆਕਾਰ 1.5 ਤੋਂ35 ਸੈਂਟੀਮੀਟ ਤੱਕ ਹੁੰਦਾ ਹੈ। ਇਹ ਬਹੁਤ ਨਿਮਨ ਦਰਜੇ ਦੇ ਤੈਰਾਕ ਹੁੰਦੇ ਹਨ ਕਿਉਂਕਿ ਇਨ੍ਹਾਂ ਦੀ ਪੂਛ ਤੇ ਬਾਕੀ ਮੱਛੀਆਂ ਵਾਂਗ ਮੀਨ ਪੰਖ (ਫਿਨ) ਨਹੀਂ ਹੁੰਦਾ, ਇਸ ਕਰਕੇ ਇਹ ਸਿਰਫ਼ ਖੜ੍ਹਵੇ ਰੁਖ਼ ਹੀ ਤੈਰ ਸਕਦੇ ਹਨ। ਅਕਸਰ ਇਨ੍ਹਾਂ ਨੂੰ ਦੂਜੀਆਂ ਵਸਤੂਆਂ ਨੂੰ ਆਪਣੀ ਪੂਛ ਦੇ ਸਹਾਇਤਾ ਨਾਲ ਕੁੰਡਲੀ ਪਾਏ ਹੀ ਦੇਖਿਆ ਜਾਂਦਾ ਹੈ। ਪਰ ਇਨ੍ਹਾਂ ਦੀ ਨਜ਼ਰ ਬਹੁਤ ਤੇਜ਼ ਹੁੰਦੀ ਹੈ ਅਤੇ ਦੋਵੇਂ ਅੱਖਾਂ ਇਕ-ਦੂਜੇ ਤੋਂ ਅਲੱਗ ਕੰਮ ਕਰ ਸਕਦੀਆਂ ਹਨ। ਇਸ ਕਰਕੇ ਇਹ ਇਕੋ ਸਮੇਂ ਤੇ ਇਕ ਅੱਖ ਨਾਲ ਅੱਗੇ ਤੇ ਦੂਜੀ ਨਾਲ ਪਿੱਛੇ ਵੀ ਦੇਖ ਸਕਦੇ ਹਨ। ਬਹੁਤ ਪੁਰਾਤਨ ਜੀਵ ਹੋਣ ਕਰਕੇ ਇਨ੍ਹਾਂ ਦਾ ਪਾਚਣ ਤੰਤਰ ਬਹੁਤ ਵਿਕਸਿਤ ਨਹੀਂ ਹੁੰਦਾ ਅਤੇ ਸਰੀਰ ਵਿਚ ਮਿਹਦਾ ਵੀ ਨਹੀਂ ਹੁੰਦਾ, ਜਿਸ ਲਈ ਜਿੰਦਾ ਰਹਿਣ ਵਾਸਤੇ ਕੁਝ ਨਾ ਕੁਝ ਲਗਾਤਾਰ ਖਾਣਾ ਪੈਂਦਾ ਹੈ। ਇਨ੍ਹਾਂ ਦੀ ਖੁਰਾਕ 'ਚ ਦੂਜੇ ਛੋਟੇ ਜੀਵ ਅਤੇ ਲਾਰਵੇ ਆਦਿ ਸ਼ਾਮਿਲ ਹੁੰਦੇ ਹਨ। ਆਪਣੇ ਸ਼ਿਕਾਰ ਨੂੰ ਫੜਨ ਲਈ ਇਹ ਆਪਣੇ ਨੇੜੇ-ਤੇੜੇ ਰੰਗ ਬਦਲ ਕੇ ਸਹੀ ਸਮਾਂ ਆਉਣ ਤੱਕ ਲੰਬੇ ਵਕਤ ਲਈ ਸਥਿਰ ਰਹਿ ਸਕਦੇ ਹਨ। ਨਰ ਸਮੁੰਦਰੀ ਘੋੜਿਆਂ ਦੀ ਪੂਛ ਕੋਲ ਇਕ ਥੈਲੀ ਮੌਜੂਦ ਹੁੰਦੀ ਹੈ ਜਿਸ ਵਿਚ ਮਾਦਾ ਲਗਪਗ 1500 ਅੰਡੇ ਦਿੰਦੀ ਹੈ। ਫਿਰ 45 ਦਿਨਾਂ ਬਾਅਦ ਇਨ੍ਹਾਂ ਅੰਡਿਆਂ ਵਿਚੋਂ ਪੂਰੀ ਤਰ੍ਹਾਂ ਵਿਕਸਿਤ ਸਮੁੰਦਰੀ ਘੋੜੇ ਜਿਨ੍ਹਾਂ ਦਾ ਆਕਾਰ ਬਹੁਤ ਛੋਟਾ ਹੁੰਦਾ ਹੈ, ਨਿਕਲ ਆਉਂਦੇ ਹਨ। ਬਹੁਤ ਛੋਟੇ ਆਕਾਰ ਕਰਕੇ ਇਹ ਦੂਜੇ ਸ਼ਿਕਾਰੀ ਜੀਵਾਂ ਅਤੇ ਸਮੁੰਦਰੀ ਲਹਿਰਾਂ ਦਾ ਸ਼ਿਕਾਰ ਬਣ ਜਾਂਦੇ ਹਨ ਅਤੇ ਸਿਰਫ਼ 0.5 ਫ਼ੀਸਦੀ ਤੱਕ ਬੱਚੇ ਹੀ ਪ੍ਰੌੜ ਅਵਸਥਾ ਤੱਕ ਪਹੁੰਚਦੇ ਹਨ। ਫਿਰ ਵੀ ਇਨ੍ਹਾਂ ਦੇ ਜ਼ਿੰਦਾ ਰਹਿਣਦੀ ਦਰ ਬਾਕੀ ਮੱਛੀਆਂ ਦੇ ਮੁਕਾਬਲੇ ਚੰਗੀ ਹੈ। ਅੱਜਕਲ੍ਹ ਇਨ੍ਹਾਂ ਜੀਵਾਂ ਦੀਆਂ ਕੁਝ ਪ੍ਰਜਾਤੀਆਂ ਨੂੰ ਘਰੇਲੂ ਐਕੂਏਰੀਅਮ ਵਿਚ ਪਾਲਤੂ ਬਣਾ ਕੇ ਵੀ ਰੱਖਿਆ ਜਾਣ ਲੱਗਾ ਹੈ। ਚੀਨ ਦੇ ਵਿਰਾਸਤੀ ਇਲਾਜ ਪ੍ਰਣਾਲੀ ਵਿਚ ਇਨ੍ਹਾਂ ਦੀ ਵਰਤੋਂ ਕਈ ਦਵਾਈਆਂ ਵਿਚ ਕੀਤੀ ਜਾਂਦੀ ਹੈ। ਇਸ ਕਰਕੇ ਦੁਨੀਆ ਭਰ ਵਿਚ ਲਗਪਗ 20 ਮਿਲੀਅਨ ਸਮੁੰਦਰੀ ਘੋੜਿਆਂ ਨੂੰ ਹਰ ਸਾਲ ਫੜ ਲਿਆ ਜਾਂਦਾ ਹੈ। (ਡਾ. ਰਮਨਦੀਪ ਸਿੰਘ ਬਰਾੜ)