ਵਿਗਿਆਨੀਆਂ ਦਾ ਬਚਪਨ ਰੇਡੀਓ ਤਰੰਗਾਂ ਦਾ ਖੋਜੀ-ਗੁਗਲੀਲਮੋ ਮਾਰਕੋਨੀ

12

December

2020

ਸਮੁੱਚਾ ਵਿਸ਼ਵ ਗੁਗਲੀਲਮੋ ਮਾਰਕੋਨੀ ਨੂੰ ਰੇਡੀਓ ਦੀ ਖੋਜ ਕਰਨ ਅਤੇ ਲੰਬੀਆਂ ਦੂਰੀਆਂ ਤੱਕ ਰੇਡੀਓ-ਤਰੰਗਾਂ ਦੇ ਸੰਚਾਰ ਦਾ ਪਿਤਾਮਾ ਮੰਨਦਾ ਹੈ। ਉਸ ਦਾ ਪੂਰਾ ਨਾਂਅ ਗੁਗਲੀਲਮੋ ਜੀਓਵਾਨੀ ਮਾਰੀਆ ਮਾਰਕੋਨੀ ਸੀ। ਉਹ ਇਟਲੀ ਦੇ ਬੋਲੋਗਨਾ ਸ਼ਹਿਰ ਵਿਚ ਇਕ ਸਰਦੇ-ਪੁੱਜਦੇ ਜ਼ਿਮੀਂਦਾਰ ਦੇ ਘਰ ਜੰਮਿਆ। ਉਹ ਆਪਣੇ ਮਾਂ-ਬਾਪ ਦਾ ਦੂਜਾ ਪੁੱਤਰ ਸੀ। ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਮਾਰਕੋਨੀ ਪੜ੍ਹਨ ਖ਼ਾਤਰ ਕਦੀ ਕਿਸੇ ਸਕੂਲ ਨਹੀਂ ਸੀ ਗਿਆ। ਉਹ ਉਦੋਂ ਦਸ ਵਰ੍ਹਿਆਂ ਦਾ ਸੀ ਜਦੋਂ ਉਸ ਨੂੰ ਵਿਗਿਆਨਕ ਉਪਕਰਨਾਂ ਵਿਚ ਦਿਲਚਸਪੀ ਹੋ ਗਈ ਸੀ। ਉਹ ਵਧੇਰੇ ਸਮਾਂ ਬੋਲੋਗਨਾ ਯੂਨੀਵਰਸਿਟੀ ਵਿਚ ਭੌਤਿਕ ਵਿਗਿਆਨ ਦੇ ਖੋਜੀ ਅਗਸਟੋਚੀਗੀ ਦੀ ਪ੍ਰਯੋਗਸ਼ਾਲਾ ਵਿਚ ਹੀ ਪੜ੍ਹਨ ਜਾਂਦਾ ਰਿਹਾ। ਇਕ ਵਾਰ ਗੁਗਲੀਲਮੋ ਨੂੰ ਐਲਪਸ ਪਹਾੜ 'ਤੇ ਘੁੰਮਣ ਦਾ ਮੌਕਾ ਮਿਲਿਆ। ਉੱਥੇ ਉਸ ਨੂੰ ਇਕ ਵਿਗਿਆਨਕ ਰਿਸਾਲਾ ਮਿਲਿਆ। ਉਸ ਵਿਚ ਛਪੇ ਬਿਜਲਈ ਤਰੰਗਾਂ ਬਾਰੇ ਇਕ ਲੇਖ ਨੇ ਉਸ ਨੂੰ ਬੜਾ ਪ੍ਰਭਾਵਿਤ ਕੀਤਾ। ਉਹ ਹਾਲੇ ਛੋਟਾ ਹੀ ਸੀ ਜਦੋਂ ਉਸ ਨੇ ਹਰਟਜ਼ ਦੇ ਤਰੰਗਾਂ ਬਾਰੇ ਨਿਬੰਧ ਪੜ੍ਹੇ ਸਨ। ਉਸ ਦਾ ਗੁਰੂ ਆਗਸਟੋਚੀਗੀ ਵੀ ਬੋਲੋਗੋਨਾ ਵਿਸ਼ਵ ਵਿਦਿਆਲੇ ਵਿਚ ਤਰੰਗਾਂ 'ਤੇ ਖੋਜ ਕਰਦਾ ਸੀ। ਗੁਗਲੀਲਮੋ ਦੀ ਮਾਂ ਨੇ ਆਪਣਾ ਚੁਬਾਰਾ ਨਿੱਕੇ ਮੋਟੇ ਪ੍ਰਯੋਗ ਕਰਨ ਲਈ ਗੁਗਲੀਲਮੋ ਨੂੰ ਦੇ ਦਿੱਤਾ ਸੀ। ਉਸ ਦਾ ਪਿਤਾ ਵਿਗਿਆਨਕ ਪ੍ਰਯੋਗਾਂ ਨੂੰ ਵਕਤ ਬਰਬਾਦ ਕਰਨਾ ਸਮਝਦਾ ਸੀ। ਉਸ ਦੇ ਭਰਾ ਐਲਫੋਨਸੇ ਨੇ ਵੀ ਪ੍ਰਯੋਗਾਂ ਵਿਚ ਉਸ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਸੀ। ਉਹ ਚੋਰੀ-ਚੋਰੀ ਪ੍ਰਯੋਗ ਕਰਦਾ ਹੁੰਦਾ ਸੀ। ਜੇ ਉਨ੍ਹਾਂ ਦੇ ਪਿਤਾ ਨੂੰ ਪਤਾ ਲੱਗ ਜਾਂਦਾ ਤਾਂ ਉਹ ਚੁਬਾਰੇ 'ਚੋਂ ਉਸ ਦਾ ਸਾਮਾਨ ਬਾਹਰ ਵਗਾਹ ਮਾਰਦਾ। ਇਕ ਦਿਨ ਗੁਗਲੀਲਮੋ ਚੁਬਾਰੇ ਦੇ ਇਕ ਕੋਨੇ ਵਿਚ ਬੈਠ ਗਿਆ। ਉਸ ਦੇ ਭਰਾ ਨੂੰ ਰਿਸੀਵਰ ਪਕੜਾ ਕੇ ਦੂਜੇ ਕੋਨੇ ਵਿਚ ਬਿਠਾਇਆ ਗਿਆ ਸੀ। ਮੋਰਸ ਕੀ ਤੇ ਹੱਥ ਫੇਰ ਕੇ ਗੁਗਲੀਲਮੋ ਨੇ ਆਪਣੇ ਭਾਈ ਨੂੰ ਇਕ ਸੰਦੇਸ਼ ਘੱਲਿਆ। ਉਸ ਨੂੰ ਸੰਦੇਸ਼ ਮਿਲ ਗਿਆ ਸੀ। ਦੂਜੇ ਦਿਨ ਰਿਸੀਵਰ ਘਰੋਂ ਬਾਹਰ ਚੁੱਕ ਲਿਆਂਦਾ ਸੀ। ਇਸ ਨਾਲ ਰਿਲੇ ਅਤੇ ਇਕ ਘੰਟੀ ਵੀ ਜੋੜ ਦਿੱਤੀ ਸੀ। ਚੁਬਾਰੇ ਤੋਂ ਸੰਕੇਤ ਮਿਲਣ ਤੇ ਮੋਰਸ ਦਾ ਅੱਖਰ 'ਐਸ' ਵਿਹੜੇ ਵਿਚ ਗੂੰਜ ਪਿਆ ਸੀ। ਖ਼ੁਸ਼ੀ ਵਿਚ ਐਲਫੋਨਸੇ ਰਿਸੀਵਰ ਨੂੰ ਖੇਤਾਂ ਵਿਚ ਲੈ ਗਿਆ। ਏਰੀਅਲ ਲੱਕੜ ਦੀ ਇਕ ਸੋਟੀ ਤੇ ਬੰਨ ਦਿੱਤਾ ਗਿਆ। ਅੱਖਰ 'ਐਸ' ਮੁੜ ਸੁਣਾਈ ਦਿੱਤਾ ਸੀ। ਕੁਝ ਦੂਰੀ 'ਤੇ ਸੰਦੇਸ਼ ਪੁੱਜਦਾ ਕਰਨ ਵਿਚ ਉਹ ਸਫ਼ਲ ਹੋ ਗਿਆ ਸੀ। ਉਸ ਦੇ ਮਨ ਵਿਚ ਫੁਰਨਾ ਫੁਰਿਆ ਕਿ ਸ਼ਕਤੀਸ਼ਾਲੀ ਸੰਚਾਰ ਉਪਕਰਨਾਂ ਦੀ ਵਰਤੋਂ ਕਰ ਕੇ, ਇਸ ਨੂੰ ਲੰਬੀਆਂ ਦੂਰੀਆਂ ਤੱਕ ਵੀ ਪਹੁੰਚਾਇਆ ਜਾ ਸਕਦਾ ਸੀ। ਸਮਾਂ ਪਾ ਕੇ ਇਕ ਦਿਨ ਗੁਗਲੀਲਮੋ ਨੇ ਆਪਣੇ ਭਰਾ ਅਲਫੋਨਸੇ ਨੂੰ ਇਕ ਬੰਦੂਕ ਅਤੇ ਗ੍ਰਾਹੀ ਉਪਕਰਨ ਦੇ ਕੇ ਦੂਰ ਪਹਾੜੀ 'ਤੇ ਭੇਜਿਆ। ਉਸ ਨੂੰ ਦੱਸਿਆ ਗਿਆ ਸੀ ਕਿ ਜਦ ਵੀ ਸੰਕੇਤ ਉਸ ਕੋਲ ਪਹੁੰਚੇ ਤਾਂ ਉਹ ਗੋਲੀ ਚਲਾ ਦੇਵੇ। ਗੁਗਲੀਲਮੋ ਨੇ ਮੋਰਸ ਚਾਬੀ ਫੇਰ ਕੇ ਸੰਦੇਸ਼ ਭੇਜਿਆ। ਦੂਰ ਤੋਂ ਗੋਲੀ ਚੱਲਣ ਦੀ ਆਵਾਜ਼ ਆਈ। ਇਹ ਪ੍ਰਯੋਗ ਹੀ ਰੇਡੀਉ ਦੀ ਖੋਜ ਦਾ ਆਧਾਰ ਬਣਿਆਂ। ਅੱਗੇ ਚੱਲ ਕੇ 'ਤਾਰ ਮੁਕਤ ਟੈਲੀਗ੍ਰਾਫੀ' ਦੇ ਵਿਕਸਤ ਕਰਨ ਕਰਕੇ ਉਸ ਨੂੰ ਨੋਬਲ ਪੁਰਸਕਾਰ ਦੇ ਕੇ ਵੀ ਸਨਮਾਨਿਆਂ ਗਿਆ ਸੀ। (ਪ੍ਰਿੰ. ਹਰੀ ਕ੍ਰਿਸ਼ਨ ਮਾਇਰ) (ਮੋਬਾਈਲ : 97806-67686)