ਲੁਧਿਆਣਾ ਸਮਾਰਟ ਸਿਟੀ ਲਿਮਟਿਡ ਦੇ ਸੀ.ਈ.ਓ. ਵੱਲੋਂ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦੀ ਸਮੀਖਿਆ ਲਈ ਕੀਤੀ ਮੀਟਿੰਗ

11

December

2020

ਲੁਧਿਆਣਾ, 11 ਦਸੰਬਰ (ਬਿਕਰਮਪ੍ਰੀਤ) - ਕਮਿਸ਼ਨਰ ਨਗਰ ਨਿਗਮ ਅਤੇ ਸੀ.ਈ.ਓ. ਲੁਧਿਆਣਾ ਸਮਾਰਟ ਸਿਟੀ ਲਿਮਟਿਡ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ ਦੀ ਪ੍ਰਧਾਨਗੀ ਹੇਠ ਸਮਾਰਟ ਸਿਟੀ ਮਿਸ਼ਨ ਤਹਿਤ ਵੱਖ-ਵੱਖ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਸਥਾਨਕ ਨਗਰ ਨਿਗਮ ਦੇ ਜ਼ੋਨ-ਡੀ ਦਫ਼ਤਰ ਵਿਖੇ ਇੱਕ ਮੀਟਿੰਗ ਦਾ ਆਯੋਜਨ ਕੀਤਾ। ਮੀਟਿੰਗ ਦੌਰਾਨ ਵੱਖ-ਵੱਖ ਪ੍ਰਾਜੈਕਟਾਂ ਬਾਰੇ ਵਿਸਥਾਰ ਨਾਲ ਵਿਚਾਰ ਵਟਾਂਦਰੇ ਕੀਤੇ ਅਤੇ ਅਧਿਕਾਰੀਆਂ ਨੂੰ ਪ੍ਰਾਜੈਕਟਾਂ ਦੀ ਪ੍ਰਗਤੀ ਵਿੱਚ ਤੇਜ਼ੀ ਲਿਆਉਣ ਲਈ ਨਿਰਦੇਸ਼ ਦਿੱਤੇ। ਸ੍ਰੀ ਸੱਭਰਵਾਲ ਨੇ ਦੱਸਿਆ ਕਿ ਮੌਜੂਦਾ ਸਥਿਤੀ ਵਿੱਚ 10 ਪ੍ਰੋਜੈਕਟ ਚੱਲ ਰਹੇ ਹਨ। ਕੁਝ ਪ੍ਰਮੁੱਖ ਪ੍ਰਾਜੈਕਟਾਂ ਵਿੱਚ - ਪੱਖੋਵਾਲ ਰੇਲਵੇ ਕਰਾਸਿੰਗ ਤੇ ਆਰ.ਓ.ਬੀ. - ਆਰ.ਯੂ.ਬੀ., ਸਰਾਭਾ ਨਗਰ ਮਾਰਕੀਟ ਦਾ ਨਵੀਨੀਕਰਣ, ਮਲਹਾਰ ਰੋਡ ਨੂੰ ਸਮਾਰਟ ਰੋਡ ਵਜੋਂ ਵਿਕਸਤ ਕਰਨਾ, ਸਿੱਧਵਾਂ ਨਹਿਰ ਵਾਟਰਫ੍ਰੰਟ (ਫੇਸ-1), ਕਾਰਕਸ ਯੂਟੀਲਾਈਜੇਸ਼ਨ ਪਲਾਂਟ, ਏ.ਬੀ.ਡੀ. ਖੇਤਰ ਲਈ ਨਹਿਰ ਅਧਾਰਤ ਜਲ ਸਪਲਾਈ ਪ੍ਰਾਜੈਕਟ, ਰੂਫ ਟਾਪ ਸੋਲਰ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ, ਸਿੱਧਵਾਂ ਨਹਿਰ ਵਾਟਰ ਫਰੰਟ (ਫੇਸ-2), ਬੁੱਢਾ ਦਰਿਆ ਦੇ ਨਾਲ-ਨਾਲ ਚੇਨ ਲਿੰਕ ਕੰਡਿਆਲੀ ਤਾਰ ਅਤੇ ਪੂਰੇ ਲੁਧਿਆਣਾ ਸ਼ਹਿਰ ਵਿੱਚ ਵੱਖ-ਵੱਖ 22 ਥਾਵਾਂ 'ਤੇ ਕੰਪੈਕਟਰ ਲਗਾਉਣੇ ਦੇ ਲਈ ਤਿੰਨ ਪ੍ਰਾਜੈਕਟਾਂ ਲਈ ਲੈਟਰ ਆਫ਼ ਐਵਾਰਡ ਜਾਰੀ ਕੀਤਾ ਗਿਆ ਹੈ ਅਤੇ ਸਾਰੇ ਇਸੇ ਮਹੀਨੇ ਵਿੱਚ ਸ਼ੁਰੂ ਹੋ ਜਾਣਗੇ। ਸੀਈਓ-ਐਲ.ਐਸ.ਸੀ.ਐਲ. ਵੱਲੋਂ ਜੈਨਪੁਰ ਵਿਖੇ ਸਪੋਰਟਸ ਪਾਰਕ ਦੇ ਵਿਕਾਸ ਪ੍ਰਾਜੈਕਟ 'ਤੇ ਵੀ ਵਿਸਥਾਰ ਨਾਲ ਵਿਚਾਰ ਵਟਾਂਦਰੇ ਕੀਤੇ। ਉਨ੍ਹਾਂ ਪ੍ਰਾਜੈਕਟ ਵਿਚ ਲੱਗੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰੀਆਂ ਗਤੀਵਿਧੀਆਂ ਨੂੰ ਸਮੇਂ ਸਿਰ ਮੁਕੰਮਲ ਕਰਨ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਕੰਮ ਲਈ ਟੈਂਡਰ ਜਲਦ ਜਾਰੀ ਕੀਤੇ ਜਾ ਸਕਣ। ਉਨ੍ਹਾਂ ਗੁਰੂ ਨਾਨਕ ਸਟੇਡੀਅਮ (ਬਾਸਕਟਬਾਲ ਅਤੇ ਬੈਡਮਿੰਟਨ ਕੋਰਟ ਅਤੇ ਐਥਲੈਟਿਕ ਟਰੈਕ) ਵਿਖੇ ਖੇਡ ਸਹੂਲਤਾਂ ਦੀ ਨਵੀਨੀਕਰਣ ਅਤੇ ਰੱਖ ਬਾਗ ਵਿਖੇ ਅਰਧ ਓਲੰਪਿਕ ਸਾਈਜ਼ ਸਵੀਮਿੰਗ ਪੂਲ ਦੀ ਉਸਾਰੀ ਲਈ ਟੈਂਡਰ ਜਲਦ ਤੋਂ ਜਲਦ ਜਾਰੀ ਕਰਨ ਦੇ ਨਿਰਦੇਸ਼ ਵੀ ਦਿੱਤੇ ਤਾਂ ਜੋ ਲੁਧਿਆਣਾ ਦੇ ਵਸਨੀਕਾਂ ਲਈ ਵਿਸ਼ਵ ਪੱਧਰੀ ਖੇਡ ਸਹੂਲਤਾਂ ਮੁਹੱਈਆ ਕਰਵਾਈ ਜਾ ਸਕਣ। ਸੀਈਓ-ਐਲ.ਐਸ.ਸੀ.ਐਲ. ਨੇ ਐਮ.ਸੀ.ਐਲ. ਅਤੇ ਪ੍ਰੋਜੈਕਟ ਮੈਨੇਜਮੈਂਟ ਕੰਸਲਟੈਂਟ ਤੋਂ ਸਾਰੀ ਸਬੰਧਤ ਟੀਮ ਨੂੰ ਪ੍ਰਾਜੈਕਟਾਂ ਦੀ ਸਮੇਂ ਸਿਰ ਮੁਕੰਮਲਤਾ ਨੂੰ ਯਕੀਨੀ ਬਣਾਉਣ ਲਈ ਬਾਕੀ ਰਹਿੰਦੇ ਕੰਮਾਂ ਲਈ ਟੈਂਡਰ ਜਾਰੀ ਕਰਨ ਲਈ ਪ੍ਰਾਜੈਕਟ ਦੀ ਪ੍ਰਗਤੀ ਵਿੱਚ ਤੇਜ਼ੀ ਲਿਆਉਣ ਲਈ ਵੀ ਕਿਹਾ।