ਕਾਤਿਲ ਮਸੀਹਾ

10

December

2020

ਮਾਯੂਸ ਹੋਕੇ ਦਫਤਰ ਦੀਆਂ ਪੌੜੀਆਂ ਉਤਰਕੇ ਪੰਜ ਛੇ ਕਿੱਕਾਂ ਮਾਰਕੇ ਉਸਨੇ ਆਪਣਾਂ ਪੁਰਾਣਾ ਵੈਸਪਾ ਸਕੂਟਰ ਸਟਾਰਟ ਕੀਤਾ, ਭੁੱਖ ਲੱਗੀ ਹੋਣ ਕਾਰਣ, ਵਿੱਤ ਮੁਤਾਵਿਕ ਕੁਲਚੇ ਛੋਲੇ ਦੀ ਰੇਹੜੀ ਵੱਲ ਰੁੱਖ ਕੀਤਾ, ਰਸਤੇ ਚ ਸੋਚਦਾ ਆ ਰਿਹਾ ਸੀ ਕਿ ਕਿਵੇਂ ਦਸਵੀਂ ਤੋਂ ਬਾਦ ਘਰ ਦੀ ਆਰਥਿਕ ਕਮਜ਼ੋਰੀ ਕਰਕੇ, ਟਿਊਸ਼ਨਾਂ ਪੜ੍ਹਾ ਪੜ੍ਹਾ ਕੇ ਉਸਨੇ ਪ੍ਰਾਈਵੇਟ ਤੌਰ ਤੇ ਐਮ ਏ ਵਧੀਆ ਨੰਬਰਾਂ ਚ ਪਾਸ ਕਰ ਲਈ ਸੀ। ਤਿੰਨ ਚਾਰ ਸਾਲ ਤੋਂ ਬਾਦ ਵੀ ਨੌਕਰੀ ਲਈ ਪ੍ਰਾਈਵੇਟ ਦਫਤਰਾਂ ਦੇ ਚੱਕਰ ਮਾਰਨ ਤੋਂ ਬਾਦ ਕਿਸੇ ਦੋਸਤ ਦੇ ਦੱਸਣ ਤੇ ਅੱਜ ਪੂਰੀ ਆਸ ਲੈਕੇ, ਕਲਰਕ ਦੀ ਨੌਕਰੀ ਲਈ ਇੱਕ ਗੈਸ ਏਜੰਸੀ ਚ ਇੰਟਰਵਿਓ ਚੋਂ ਏਸ ਲਈ ਨਕਾਰ ਦਿੱਤਾ ਸੀ ਕਿ ਉਥੇ ਸਿਰਫ ਦਸ ਪੜ੍ਹੀ ਹੋਈ ਸਮਾਰਟ ਲੜਕੀ ਦੀ ਲੋੜ ਸੀ, ਸੋਚ ਦੀ ਲੜੀ ਅਚਾਨਕ ਟੁੱਟ ਗਈ ਜਦੋਂ ਸੜਕ ਤੋਂ ਕੁੱਝ ਹਟਵਾ ਸ਼ੋਰ ਸ਼ਰਾਬਾ ਸੁਣਿਆ, ਕੁੱਝ ਜਾਨਣ ਦੀ ਮਾਨਸਕਿਤਾ ਰੱਖਦੇ ਹੋਣ ਕਾਰਣ, ਸਕੂਟਰ ਰੋਕ ਕੇ ਸ਼ੋਰ ਸ਼ਰਾਬੇ ਵਾਲੀ ਜਗ੍ਹਾ ਵੱਲ ਫਰ ਦੋੜਿਆ, ਜਾਕੇ ਦੇਖਿਆ ਕਿ ਚਾਰ ਪੰਜ ਲੜਕੇ ਜ਼ੋ ਨਸ਼ੇ ਦੀ ਹਾਲਾਤ ਚ ਲੱਗ ਰਹੇ ਸਨ, ਇੱਕ ਮੰਦਬੁੱਧੀ ਲੱਗਦੀ ਲੜਕੀ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ ਕਰ ਰਹੇ ਸਨ, ਬਸ ਪੇਂਡੂ ਸੁਭਾਅ ਹੋਣ ਕਾਰਣ ਬਿਨਾਂ ਸੋਚੇ ਸਮਝੇ ਓਨਾ ਨਾਲ ਭਿੜ ਗਿਆ । ਕੁਦਰਤੀ ਉਥੇ ਇੱਕ ਸਰੀਆ ਹੱਥ ਆ ਗਿਆ ਤੇ ਲੜਕੀ ਦੇ ਉਪਰ ਪਏ ਨੌਜਵਾਨ ਦੇ ਐਨ ਵੱਖੀ ਚ ਦੇ ਮਾਰਿਆ ਤੇ ਉਹ ਓਸੇ ਵਕਤ ਟੇਢਾ ਹੋਕੇ ਮੁੜ ਨਾ ਉੱਠਿਆ । ਸਾਰੇ ਜਣੇ ਅਚਾਨਕ ਹੋਏ ਹਾਦਸੇ ਤੋਂ ਭੈ ਭੀਤ ਹੋਕੇ ਭੱਜ ਗਏ । ਓਹਨਾ ਚੋਂ ਹੀ ਕਿਸੇ ਨੇ ਜਗਵੀਰ ਨੂੰ ਵੀ ਓਥੋਂ ਭੱਜ ਜਾਣ ਦੀ ਸਿਆਣਪ ਭਰੀ ਸਲਾਹ ਦੇ ਦਿੱਤੀ , ਡਰ ਤੇ ਸ਼ਸ਼ੋਪੰਜ ਚ ਆਪਣਾ ਸਕੂਟਰ ਛੱਡਕੇ ਉਹ ਵੀ ਓਥੋਂ ਦੌੜ ਕੇ ਇੱਕ ਬੱਸ ਚ ਬੈਠਕੇ ਨਾਮਲੂਮ ਸਫ਼ਰ ਨੂੰ ਨਿਕਲ ਗਿਆ ਬੱਸ ਬਠਿੰਡੇ ਦੇ ਇੱਕ ਪਿੰਡ ਚ ਜਾਕੇ ਰੁਕੀ ਜਿਥੇ ਉਸਦਾ ਇੱਕ ਸਹਾਰਾ ਤੇ ਰਹਿਣ ਬਸੇਰਾ ਬਣਿਆ, ਉਸ ਪਿੰਡ ਦਾ ਇੱਕ ਇਤਿਹਾਸਿਕ ਗੁਰਦਵਾਰਾ, ਕਿਓਂਕਿ ਗੁਰਦਵਾਰੇ ਚ ਕੋਈ ਡੂੰਘਾਈ ਨਾਲ ਪੁੱਛ ਪੜਤਾਲ ਨਹੀਂ ਕੀਤੀ ਜਾਂਦੀ, ਕਤਲ ਕਰਨ ਦਾ ਮਨ ਤੇ ਬੋਝ ਤਾਂ ਸੀ ਪਰ ਉਸ ਲੜਕੀ ਦੀ ਇੱਜਤ ਬਚਾਉਣ ਦੀ ਮਾਨਸਿਕ ਸੰਤੁਸ਼ਟੀ ਵੀ ਸੀ ਹਫਤਾ ਕੁ ਘਰ ਤੇ ਮਾਂ ਬਾਪ ਦੀ ਯਾਦ ਇੱਕ ਅਪਰਾਧ ਬੋਧ ਚ ਗੁਆਚ ਗਈ ਲੰਗਰ ਚ ਸੇਵਾ ਕਰਦਿਆਂ ਦਿਨ ਲੰਘ ਜਾਂਦਾ ਤੇ ਓਥੋਂ ਦੇ ਮਹੌਲ ਮੁਤਾਬਿਕ ਦਾਹੜੀ ਵੀ ਵਧਾ ਲਈ। ਨਾ ਚੁਹਦਿਆ ਵੀ ਥੋੜ੍ਹਾ ਬਹੁਤ ਪਾਠ ਵੀ ਕਰਨ ਲੱਗੇ ਤੇ ਇਮਾਨਦਾਰ ਹੋਣ ਕਾਰਣ ਓਥੋਂ ਦੇ ਮੁੱਖ ਸੇਵਾਦਾਰ ਸ੍ਰ ਪਾਲਾ ਸਿੰਘ ਦਾ ਚਹੇਤਾ ਬਣ ਗਿਆ ਤੇ ਓਹਦੀ ਗੱਡੀ ਦਾ ਡਰਾਈਵਰ ਵੀ ਰਾਤ ਨੂੰ ਕਈ ਕਈ ਵਾਰ ਬੀਤੇ ਹੋਏ ਨੂੰ ਯਾਦ ਕਰਕੇ ਉਭੜਵਾਹੇ ਉੱਠਦਾ, ਮਾ ਬਾਪ ਨੂੰ ਯਾਦ ਕਰਕੇ ਰੋਂਦਾ, ਇਸ ਸਾਰੀ ਕੁੜੱਤਣ ਦੀ ਤਿੱਖੀ ਧੁੱਪ ਚ ਇੱਕ ਠੰਡੀ ਵਾ ਦਾ ਬੁੱਲ੍ਹਾ ਬਣਕੇ ਆਈ ਉਸ ਗਿਆਨੀ ਪਾਲਾ ਸਿੰਘ ਦੀ ਨੇਕ ਦਿਲ, ਜਵਾਨ ਤੇ ਸੋਹਣੀ ਸੁਨੱਖੀ ਧੀ ਪ੍ਰੀਤ, ਜ਼ੋ ਹਮ ਉਮਰ ਕਰਕੇ ਜਗਵੀਰ ਵੱਲ ਦਿਨੋਂ ਦਿਨ ਖਿੱਚੀ ਗਈ ਤੇ ਆਖਿਰ ਨੂੰ ਦੋਨੋ ਇੱਕ ਦੂਜੇ ਦੇ ਬਣ ਕੇ ਰਹਿ ਗਏ। ਪ੍ਰੀਤ ਹੁਣ ਪੂਰੀ ਤਰਾਂ ਰੂਹ ਤੋਂ ਜਗਬੀਰ ਦੀ ਹੋ ਚੁੱਕੀ ਸੀ, ਘਰ ਦੀ ਯਾਦ ਤੇ ਆਪਣੇ ਅਤੀਤ ਤੋਂ ਪ੍ਰੇਸ਼ਾਨ ਤੇ ਬੇਚੈਨ, ਨੂੰ ਪ੍ਰੀਤ ਨੇ ਕਈ ਵਾਰ ਸਵਾਲ ਕੀਤਾ ਪਰ ਉਹ ਉਸਨੂੰ ਖੋਣ ਦੇ ਡਰ ਤੋਂ ਦੜ ਵੱਟ ਜਾਂਦਾ। ਸੱਚ ਦੱਸਣ ਦਾ ਬਹੁਤ ਵਾਰ ਮਨ ਕੀਤਾ ਪਰ ਹੌਂਸਲਾ ਨਾ ਪੈਂਦਾ ਦੋਨਾਂ ਦਾ ਪਿਆਰ ਪ੍ਰਵਾਨ ਚੜਦਾ ਗਿਆ, ਪ੍ਰੀਤ ਦੇ ਬਾਪ ਨੂੰ ਵੀ ਭਿਣਕ ਲੱਗ ਗਈ, ਪਰ ਕੋਈ ਜ਼ਿਆਦਾ ਏਤਰਾਜ਼ ਨਾ ਕੀਤਾ, ਜਗਬੀਰ ਨੇ ਆਪਣੇ ਆਪ ਨੂੰ ਇੱਕ ਅਨਾਥ ਦੱਸਿਆ ਸੀ। ਪ੍ਰੀਤ ਦੇ ਬਾਪ ਦੀ ਨਜ਼ਰ ਚ ਉਹ ਇੱਕ ਨੇਕ ਰੱਬ ਦਾ ਬੰਦਾ ਸੀ । ਦੋਨਾਂ ਚ ਵਧ ਰਹੀ ਜ਼ਿਆਦਾ ਨੇੜਤਾ ਦੇਖਕੇ, ਗਿਆਨੀ ਜੀ ਨੇ ਦੋਨਾਂ ਨੂੰ ਵਿਆਹ ਦੇ ਬੰਨਣ ਚ ਬੰਨਣ ਦਾ ਫੈਸਲਾ ਕਰ ਲਿਆ। ਆਖਿਰ ਦੋਨਾਂ ਨੂੰ ਇੱਕਠੇ ਬਿਠਾਕੇ ਗੱਲ ਹੋ ਗਈ । ਸਾਦੇ ਤਰੀਕੇ ਨਾਲ ਆਨੰਦ ਕਰਜ਼ ਦੀ ਰਸਮ ਹੋਣ ਲੱਗ ਪਈ, ਤਿੰਨ ਲਾਵਾਂ ਹੋ ਚੁੱਕੀਆਂ ਸਨ, ਐਨ ਚੌਥੀ ਲਾਂਵ ਸ਼ੁਰੂ ਹੋਣ ਲੱਗੀ ਤਾਂ ਜੁੱਤੀਆਂ ਉਤਾਰਕੇ ਗੁਰੂ ਗ੍ਰੰਥ ਸਾਹਿਬ ਦੀ ਮਰਿਯਾਦਾ ਰੱਖਦੇ ਹੋਏ ਚਾਰ ਪੰਜ ਪੁਲਿਸ ਵਾਲੇ ਸੰਗਤ ਚ ਆ ਬੈਠੇ, ਜਿਸ ਨਾਲ ਖੁਸ਼ੀ ਤੇ ਅਨੰਦ ਦਾ ਮਾਹੌਲ ਅਸਹਿਜ ਹੋ ਗਿਆ। ਅਨੰਦ ਕਾਰਜ਼ ਸੰਪੂਰਣ ਹੋ ਚੁੱਕਿਆ ਸੀ ਪਰ ਜਗਬੀਰ ਦੇ ਮੂੰਹ ਤੇ ਹਵਾਈਆਂ ਉੱਡ ਰਹੀਆਂ ਸਨ, ਉਸਦਾ ਅਤੀਤ ਵਰਦੀ ਪਾਈ ਸਾਹਮਣੇ ਆ ਬੈਠਾ ਸੀ ਉਹ ਸੋਚ ਰਿਹਾ ਸੀ ਕਿ ਕੁਝ ਐਸਾ ਹੋਵੇ ਕਿ ਉਹ ਮਿਸਟਰ ਇੰਡੀਆ ਦੇ ਅਨਿਲ ਕਪੂਰ ਵਾਂਗ ਅਚਾਨਕ ਗਾਇਬ ਹੋ ਜਾਵੇ, ਪਰ ਅਫਸੋਸ਼ ਅਜਿਹਾ ਅਸਲ ਚ ਨਹੀਂ ਹੁੰਦਾ। ਸੰਗਤ ਥੋੜੀ ਸੀ ਪਰ ਕਿਸੇ ਨੇ ਕੋਈ ਸਵਾਲ ਜੁਆਬ ਨਹੀਂ ਕੀਤਾ, ਗਿਆਨੀ ਜੀ, ਪੁਲਸ ਵਾਲੇ ਤੇ ਇੱਕਲਾ ਥਾਣੇਦਾਰ ਇੱਕ ਕਮਰੇ ਵਿੱਚ ਚਲੇ ਗਏ ਪੌਂਣੇ ਘੰਟੇ ਬਾਦ ਜਦੋਂ ਥਾਣੇਦਾਰ ਬਾਕੀ ਦੇ ਜਵਾਨਾਂ ਕੋਲ ਗਿਆ, ਜ਼ੋ ਕਿ ਲੰਗਰ ਛੱਕ ਰਹੇ ਸਨ, ਸਾਹਿਬ ਨੂੰ ਇੱਕਲਾ ਦੇਖਕੇ ਸਵਾਲੀਆ ਚਿੰਨ ਬਣ ਗਏ। ਖ਼ੁਦ ਲੰਗਰ ਛੱਕਕੇ ਜਵਾਨਾਂ ਨੂੰ ਦੱਸਿਆ, ਬਈ ਓਹਨਾਂ ਕੋਲੋਂ ਗਲਤੀ ਹੋ ਗਈ, ਇਹ ਓਹ ਮੁੰਡਾ ਨੀ ਓਹ ਮੋਨਾ ਸੀ,ਜਦਕਿ ਇਹ ਮੁੰਡਾ ਪੂਰਾ ਦਰਸ਼ਣੀ ਸਿੰਘ ਹੈ । ਉੱਠਕੇ ਕਹਿਣ ਲੱਗਾ ਕਿ ਉਸਨੇ ਬੱਚਿਆਂ ਨੂੰ ਵਿਆਹ ਦਾ ਸ਼ਗਨ ਦੇ ਦਿੱਤਾ ਹੈ, ਓਹ ਵੀ ਸ਼ਗਨ ਤੇ ਅਸ਼ੀਰਵਾਦ ਦੇਕੇ ਜਾਣ । “ਜੀ ਜਨਾਬ “, ਕਹਿਕੇ ਬਾਕੀ ਜਵਾਨ ਵਿਆਹ ਵਾਲੇ ਲੜਕੇ ਲੜਕੀ ਵੱਲ ਨੂੰ ਹੋ ਤੁਰੇ । ਅਸਲ ਚ ਲੜਕੀ ਦੇ ਬਾਪ ਨੇ ਠਾਂਣੇਦਾਰ ਨੂੰ ਸਭ ਕੁੱਝ ਸੱਚ ਦੱਸ ਦਿੱਤਾ ਸੀ, ਜ਼ੋ ਕੁੱਝ ਜਗਬੀਰ ਨੇ ਵਿਆਹ ਤੋ ਦੋ ਦਿਨ ਪਹਿਲਾਂ ਆਪਣੀ ਬੀਤੀ ਜ਼ਿੰਗਦੀ ਵਾਰੇ ਭੇਦ ਖੋਲਿਆ ਸੀ । ਬਾਪ ਮੁੰਡੇ ਦੀ ਇਮਾਨਦਾਰੀ ਦਾ ਕਾਇਲ ਹੋ ਗਿਆ ਸੀ। ਹੋਰ ਵੀ ਗੱਲ ਸੀ ਕਿ ਗੁਰੂ ਘਰ ਚ ਰਹਿੰਦੇ ਸਮੇਂ ਉਸਨੇ ਕਦੀ ਵੀ ਐਸੀ ਵੈਸੀ ਹਰਕਤ ਨਹੀਂ ਕੀਤੀ ਸੀ, ਜ਼ੋ ਇਤਰਾਜ ਯੋਗ ਹੋਵੇ । ਉਸਨੇ ਇਹ ਵੀ ਮਹਿਸੂਸ ਕੀਤਾ ਕਿ ਜਿਸ ਹਾਲਾਤ ਚ ਕਤਲ ਹੋਇਆ ਸੀ, ਓਹ ਇੱਕ ਹਾਦਸਾ ਸੀ, ਤੇ ਜੇ ਓਹ ਪਾਪੀ ਮਰ ਵੀ ਗਿਆ ਤਾਂ ਚੰਗਾ ਹੀ ਹੋਇਆ । ਉਸਨੇ ਇਹ ਵੀ ਸੋਚਿਆ ਕਿ ਜੇ ਜਗਬੀਰ ਦੀ ਜਗਾਹ ਓਹ ਖ਼ੁਦ ਹੁੰਦਾ ਤਾਂ ਖਾਲਸੇ ਦੀ, ਧੀ ਭੈਣ ਦੀ ਰਾਖੀ ਕਰਨ ਵਾਲੀ ਪ੍ਰੰਪਰਾ ਕਾਇਮ ਰੱਖਦਿਆਂ, ਓਸ ਪਾਪੀ ਨੂੰ ਸੋਧਾ ਲਾ ਦੇਂਦਾਂ ਭਾਵ ਮਾਰ ਦੇਂਦਾਂ । ਹੁਣ ਜਗਬੀਰ ਤੇ ਪ੍ਰੀਤ ਬਾਹਰ ਆ ਗਏ ਤੇ ਗਿਆਨੀ ਜੀ ਨੇ ਦੋਨਾਂ ਨੂੰ ਬੁੱਕਲ ਚ ਲੈ ਲਿਆ। ਐਨੇ ਨੂੰ ਇੱਕ ਗੱਡੀ ਗੁਰੂ ਘਰ ਪਰਿਸਰ ਚ ਆਕੇ ਰੁਕੀ ਤਾਂ ਇੱਕਦਮ ਦੌੜ ਕੇ ਜਗਬੀਰ ਨੇ ਉਤਰਨ ਵਾਲੇ ਦੋਨਾਂ ਮੁਸਾਫ਼ਿਰਾਂ ਦੇ ਪੈਰੀ ਹੱਥ ਲਾਇਆ, ਓਹਨਾਂ ਨੇ ਨਮ ਅੱਖਾਂ ਨਾਲ ਜਗਬੀਰ ਨੂੰ ਆਪਣੀ ਸਾਂਝੀ ਬੁੱਕਲ ਚ ਲੈ ਲਿਆ । ਇਹ ਜਗਬੀਰ ਦੇ ਮਾਤਾ ਪਿਤਾ ਸਨ । ਜਦੋਂ ਕਮਰੇ ਵਿੱਚ ਗਿਆਨੀ ਜੀ ਥਾਣੇਦਾਰ ਨਾਲ ਗੱਲ ਕਰ ਰਿਹਾ ਸੀ ਉਸਨੇ ਇਹ ਭੇਦ ਨਿਸੰਗ ਹੋਕੇ ਖੋਲਿਆ ਕਿ ਉਸਦੀ ਬੱਚੀ ਨੂੰ ਵੀ ਕੋਈ ਲੜਕਾ ਵਰਗਲਾਕੇ ਭਜਾ ਲੈ ਗਿਆ ਸੀ, ਅਤੇ ਓਹ ਤਿੰਨ ਮਹੀਨੇ ਬਾਦ ਮਿਲੀ ਸੀ, ਉਸਨੇ ਮਾਂ ਬਾਹਰੀ ਬੱਚੀ ਨੂੰ ਮਾਫ ਕਰ ਦਿੱਤਾ ਸੀ। ਇਸ ਸਾਰੀ ਗੱਲ ਉਸਨੇ ਜਗਬੀਰ ਨੂੰ ਵਿਆਹ ਤੋਂ ਪਹਿਲਾਂ ਹੀ ਦੱਸ ਦਿੱਤੀ ਸੀ ਤੇ ਮੁੰਡੇ ਨੇ ਕੋਈ ਇਤਰਾਜ਼ ਨਹੀਂ ਕੀਤਾ ਸੀ । **(ਹਰਮੇਸ਼ ਸਿੰਘ ਸਾਹਾਬਾਣਾ)