ਸਾਹਸੀ ਇਨਸਾਨ ਹੀ ਹਮੇਸ਼ਾ ਸਫਲ ਹੁੰਦੇ ਹਨ

10

December

2020

ਇਹ ਗੱਲ ਸੱਚ ਹੈ ਕਿ ਸਫਲਤਾ ਦਾ ਸਬੰਧ ਸਿਰਫ ਸਾਹਸ ਨਾਲ ਹੁੰਦਾ ਹੈ। ਸਾਹਸੀ ਇਨਸਾਨ ਹਮੇਸ਼ਾ ਹੀ ਉਚਾਈਆਂ ਸਰ ਕਰਦੇ ਹਨ। ਵਿਸ਼ਵ ਪ੍ਰਸਿਧ ਸਾਹਿਤਕਾਰ 'ਸ਼ੈਕਸਪੀਅਰ' ਕਹਿੰਦੇ ਹਨ 'ਪ੍ਰਸਿਧੀ' ਦੇ ਉਚ ਸਿਖਰ ਉਤੇ ਉਹ ਪਹੁੰਚਦਾ ਹੈ ਜੋ ਨਿਡਰ ਹੁੰਦਾ ਹੈ। ਦਲੇਰੀ ਅਤੇ ਹੌਂਸਲੇ ਤੋਂ ਬਿਨਾਂ ਅੱਗੇ ਵਧਿਆ ਹੀ ਨਹੀਂ ਜਾ ਸਕਦਾ।ਸਾਹਸ ਨਾਲ ਹਰ ਮੰਜ਼ਿਲ ਫਤਹਿ ਕੀਤੀ ਜਾ ਸਕਦੀ ਹੈ। ਡਰਪੋਕ ਅਤੇ ਕਾਇਰ ਲੋਕ ਕਦੇ ਵੀ ਤਰੱਕੀ ਨਹੀਂ ਕਰ ਸਕਦੇ। ਜੋ ਲੋਕ ਕਾਇਰਤਾਪੂਰਨ ਗੱਲਾਂ ਕਰਦੇ ਹਨ ਉਨ੍ਹਾਂ ਵਿੱਚ ਕਿਸੇ ਵੀ ਕੰਮ ਨੂੰ ਕਰਨ ਦਾ ਹੌਂਸਲਾ ਨਹੀਂ ਹੁੰਦਾ। ਕੁਦਰਤ ਵਲੋਂ ਭਾਂਵੇ ਹਰ ਇਨਸਾਨ ਨੂੰ ਸਰੀਰਕ ਸ਼ਕਤੀ ਦਿੱਤੀ ਜਾਂਦੀ ਹੈ ਅਤੇ ਅੱਗੇ ਵਧਣ ਦਾ ਅਵਸਰ ਵੀ ਜਰੂਰ ਮਿਲਦਾ ਹੈ ਪਰ ਡਰਪੋਕ ਮਾਨਸਿਕਤਾ ਅਤੇ ਆਲਸ ਕਾਰਨ ਸਭ ਵਿਅਰਥ ਚਲਾ ਜਾਂਦਾ ਹੈ। ਐਸੀ ਸਰੀਰਕ ਸ਼ਕਤੀ ਦਾ ਕੀ ਫਾਇਦਾ? ਜਿਸਤੋਂ ਕੋਈ ਕੰਮ ਹੀ ਨਾ ਲਿਆ ਜਾਵੇ। ਸ਼ਕਤੀ ਤਾਂ ਹੁੰਦੀ ਹੀ ਕੰਮ ਲਈ ਹੈ।ਉਤਪਾਦਨ ਲਈ ਤਾਂ ਸਰੀਰਕ ਸ਼ਕਤੀ ਦਿੱਤੀ ਗਈ ਹੈ। ਜੇਕਰ ਸਰੀਰਕ ਸ਼ਕਤੀ ਵਿਅਰਥ ਪਈ ਰਹੇ ਤਾਂ ਜਿਸ ਤਰਾਂ ਲੱਕੜੀ ਨੂੰ ਘੁਣ ਲੱਗ ਜਾਂਦੀ ਹੈ ਉਸੇ ਤਰ੍ਹਾਂ ਸ਼ਕਤੀ ਨੂੰ ਵੀ ਘੁਣ ਲੱਗ ਜਾਂਦੀ ਹੈ।ਪ੍ਰੰਤੂ ਸਾਹਸੀ ਵਿਅਕਤੀ ਆਪਣੀ ਸ਼ਕਤੀ ਨੂੰ ਕਦੇ ਵੀ ਘੁਣ ਨਹੀਂ ਲੱਗਣ ਦਿੰਦਾ।ਉਹ ਆਪਣੇ ਅੰਦਰ ਦੇ ਸਾਹਸ ਨੂੰ ਕਦੇ ਵੀ ਮਰਨ ਨਹੀਂ ਦਿੰਦਾ।ਉਹ ਆਪਣੀ ਅੰਦਰੁਨੀ ਸ਼ਕਤੀ ਦੀ ਪਹਿਚਾਣ ਕਰਕੇ ਸਮੇਂ ਤੇ ਉਪਯੋਗ ਕਰਦਾ ਹੈ।ਉਹ ਹਰ ਕਦਮ ਦਲੇਰੀ ਨਾਲ ਪੁੱਟਦਾ ਹੈ।ਅਨੇਕਾਂ ਅਜਿਹੇ ਜਾਦੂਈ ਉਦਾਹਰਣ ਮੌਜੂਦ ਹਨ ਜਿੱਥੇ ਲੋਕਾਂ ਦੁਆਰਾ ਸਫਲਤਾ ਲਈ ਦਿਖਾਏ ਸਾਹਸ ਨੂੰ ਦੇਖਕੇ ਸੰਸਾਰ ਦੰਗ ਰਹਿ ਗਿਆ। ਕੈਂਸਰ ਦੇ ਮਰੀਜ਼ ਇੱਕ ਕੈਪਟਨ ਨੇ ਵਾਟਰਲੂ ਦੀ ਲੜਾਈ ਵਿੱਚ ਹੌਂਸਲਾ ਦਿਖਾਇਆ। ਉਸਨੇ ਬਿਸਤਰ ਤੇ ਲੜਨ ਦੀ ਬਜਾਏ ਹਿੰਮਤ ਦੇ ਨਾਲ ਲੜਦੇ-2 ਮਰ ਜਾਣਾ ਬੇਹਤਰ ਸਮਝਿਆ। ਉਹ ਬਹਾਦਰੀ ਨਾਲ ਲੜਿਆ ਅਤੇ ਬਹੁਤ ਜ਼ਖਮੀ ਹੋ ਗਿਆ।ਨਤੀਜਾ ਬਹੁਤ ਹੀ ਵਧੀਆ ਨਿਕਲਿਆ। ਲੜਾਈ ਵਿੱਚ ਇੱਕ ਤੇਜ਼ ਹਥਿਆਰ ਨਾਲ ਉਸਦੇ ਕੈਂਸਰ ਵਾਲੇ ਹਿੱਸੇ ਦਾ ਗਲਿਆ ਹੋਇਆ ਭਾਗ ਕੱਟਿਆ ਗਿਆ ਅਤੇ ਉਸਦਾ ਕੈਂਸਰ ਠੀਕ ਹੋ ਗਿਆ ਅਤੇ ਉਹ ਵਰਿਆਂ ਤੱਕ ਸਫਲਤਾ ਪੂਰਵਕ ਜੀਵਤ ਰਿਹਾ ਜਦਕਿ ਡਾਕਟਰਾਂ ਮੁਤਾਬਿਕ ਉਹ ਜਿੰਦਗੀ ਦੇ ਆਖਰੀ ਪੜਾਅ ਤੇ ਸੀ। ਧਰਤੀ ਦੇ ਪੇਟ ਵਿੱਚਲੀਆਂ ਕੋਲੇ ਦੀਆਂ ਖਾਨਾਂ ਵਿੱਚ ਪਹਿਲਾਂ ਹਨੇਰਾ ਰਹਿੰਦਾ ਸੀ। ਹਨੇਰੇ ਕਾਰਨ ਦੁਰਘਟਨਾਵਾਂ ਨਾਲ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਜਾਂਦੀ ਸੀ। ਗੈਸ ਦੇ ਭੈਅ ਕਾਰਨ ਖਾਨਾਂ ਵਿੱਚ ਰੌਸ਼ਨੀ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ ਸੀ। ਲੋਕਾਂ ਦੀ ਧਾਰਣਾ ਸੀ ਕਿ ਗੈਸ ਦੇ ਪ੍ਰਭਾਵ ਕਾਰਨ ਅੱਗ ਭੜਕ ਸਕਦੀ ਹੈ,ਖਾਨ ਵਿੱਚ ਵਿਸਫੋਟ ਨਾਲ ਜਾਨਾਂ ਜਾ ਸਕਦੀਆਂ ਹਨ।ਬਿਜਲੀ ਦੀ ਉਦੋਂ ਖੋਜ ਨਹੀਂ ਹੋਈ ਸੀ। ਉਦੋਂ ਇੱਕ ਸਾਹਸੀ ਵਿਅਕਤੀ ਨੇ ਵਿਸ਼ੇਸ਼ ਪ੍ਰਕਾਰ ਦਾ ਦੀਪ ਬਣਾਇਆ ਅਤੇ ਉਸਦਾ ਪ੍ਰਯੋਗ ਵੀ ਖੁਦ ਕੀਤਾ। ਉਹ ਬਹਾਦਰੀ ਨਾਲ ਜੀਵਨ ਦੀ ਪ੍ਰਵਾਹ ਨਾ ਕਰਦੇ ਹੋਏ, ਦੀਪ ਲੈ ਕੇ ਹਨੇਰੀ ਖਤਰਨਾਕ ਖਾਨ(ਗੁਫਾ) ਵਿੱਚ ਚਲਾ ਗਿਆ। ਉਸਦਾ ਪ੍ਰਯੋਗ ਸਫਲ ਰਿਹਾ। ਉਸ ਵਿੱਚ ਵਿਸ਼ਵਾਸ ਅਤੇ ਅਥਾਹ ਹੌਂਸਲਾ ਸੀ ਜਿਸ ਕਾਰਨ ਉਹ ਸਫਲ ਰਿਹਾ। ਉਹ ਖਾਨ ਵਿੱਚ ਮਰ ਵੀ ਸਕਦਾ ਸੀ ਜੇਕਰ ਉਸਦਾ ਪ੍ਰਯੋਗ ਅਸਫਲ ਹੋ ਜਾਂਦਾ। ਪ੍ਰਯੋਗ ਅਸਫਲ ਹੋਣ ਦਾ ਅਰਥ ਸੀ ਭਿਅੰਕਰ ਵਿਸਫੋਟ ਅਤੇ ਮੌਤ। ਪ੍ਰੰਤੂ ਸਾਹਸੀ ਲੋਕ ਕਦੇ ਮੌਤ ਦੀ ਪ੍ਰਵਾਹ ਨਹੀਂ ਕਰਦੇ। ਸਾਹਸੀ ਵਿਅਕਤੀ ਕਦੇ ਕਿਸੇ ਭੈਅ ਨਾਲ ਆਪਣੇ ਵਧੇ ਹੋਏ ਕਦਮ ਪਿੱਛੇ ਨਹੀਂ ਹਟਾਉਂਦਾ। ਉਸ ਵਿੱਚ ਐਨਾ ਸਾਹਸ ਹੁੰਦਾ ਹੈ ਕਿ ਉਹ ਪਿੱਛੇ ਮੁੜਕੇ ਦੇਖਦਾ ਵੀ ਨਹੀਂ। ਬਿਨਾਂ ਹੌਂਸਲੇ ਤੁਸੀਂ ਕਦੇ ਕੁੱਝ ਕਰ ਵੀ ਨਹੀਂ ਸਕਦੇ।ਵਪਾਰ,ਨੌਕਰੀ, ਉਦਯੋਗ,ਖੇਡਾਂ,ਖੇਤੀ ਸਭ ਕਿਤੇ ਸਾਹਸ ਚਾਹੀਦਾ ਹੈ। ਉਤਪਾਦਨ ਦੇ ਜਿੰਨੇ ਸਾਧਨ ਹਨ ਸਭ ਕਿਤੇ ਦਲੇਰੀ ਦੀ ਲੋੜ ਹੁੰਦੀ ਹੈ। ਤੁਹਾਡੇ ਕੋਲ ਪੂੰਜੀ ਹੈ, ਮਿਹਨਤ ਕਰ ਸਕਦੇ ਹੋ, ਜਮੀਨ ਮਿਲ ਸਕਦੀ ਹੈ।ਪ੍ਰੰਤੂ ਜੇਕਰ ਤੁਹਾਡੇ ਕੋਲ ਸਾਹਸ ਨਹੀਂ ਤਾਂ ਉਤਪਤੀ ਨਹੀਂ ਕਰ ਸਕਦੇ।ਸਾਹਸ ਤੋਂ ਬਿਨਾਂ ਕਦੇ ਕੋਈ ਕੰਮ ਸ਼ੁਰੂ ਹੀ ਨਹੀਂ ਕੀਤਾ ਜਾ ਸਕਦਾ। ਸਾਹਸ ਦੀ ਕਮੀ ਕਾਰਨ ਅਸਫਲਤਾ ਦਾ ਭੈਅ ਸਤਾਉਂਦਾ ਰਹਿੰਦਾ ਹੈ।ਇਸ ਲਈ ਉਤਪਾਦਨ ਲਈ ਸਾਹਸ ਬਹੁਤ ਜਰੂਰੀ ਹੈ। ਜਿਸ ਉਦਯੋਗੀ ਕੋਲ ਸਾਹਸ ਨਹੀਂ ਉਹ ਘਾਟੇ ਦੇ ਭੈਅ ਨਾਲ ਗ੍ਰਸਤ ਰਹਿੰਦਾ ਹੈ। ਵਪਾਰ ਕਰਨ ਤੋਂ ਡਰਦਾ ਹੈ। ਉਹ ਵਪਾਰੀ ਸਫਲ ਹੁੰਦਾ ਹੈ ਜੋ ਸਾਹਸੀ ਹੁੰਦਾ ਹੈ। ਅੱਜ ਅਸੀਂ ਜਿੰਨੇ ਵੱਡੇ ਕਾਰਖਾਨੇਦਾਰਾਂ ਨੂੰ ਦੇਖਦੇ ਹਾਂ-ਵਿਸ਼ਵ ਦੇ ਸਭ ਤੋਂ ਵੱਧ ਦੌਲਤਮੰਦਾਂ ਨੂੰ ਦੇਖਦੇ ਹਾਂ ਉਹ ਸਭ ਸਾਹਸੀ ਹਨ।ਉਹ ਮਿਹਨਤ ਅਤੇ ਦ੍ਰਿੜ ਸੰਕਲਪ ਦੇ ਨਾਲ ਸਿਖਰਾਂ ਤੇ ਪਹੁੰਚੇ ਹਨ।ਮਿਹਨਤ, ਸੂਝ,ਕੌਸ਼ਲ, ਵਿਵੇਕ ਬੁੱਧੀ ਅਤੇ ਹੌਂਸਲੇ ਕਾਰਨ ਅੱਜ ਉਹਨਾਂ ਕੋਲ ਅਥਾਹ ਧਨ ਹੈ ।ਉਹਨਾਂ ਨੇ ਕਿਸਮਤ ਦੇ ਸਹਾਰੇ ਆਪਣੀਆਂ ਸ਼ਕਤੀਆਂ ਨੂੰ ਨਿਸ਼ਕ੍ਰਿਯ ਨਹੀਂ ਛੱਡਿਆ। ਉਹਨਾਂ ਵਿੱਚ ਹੌਂਸਲਾ ਸੀ ਜਿਸ ਕਾਰਨ ਉਹ ਅੱਗੇ ਵੱਧ ਗਏ ।ਪ੍ਰੰਤੂ ਕਾਇਰ ਵਿਅਕਤੀ ਸਿਰਫ ਕਲਪਨਾਵਾਂ ਦੇ ਮਹਿਲ ਉਸਾਰਦਾ ਹੈ। ਕੰਮ ਨੂੰ ਅਮਲੀ ਰੂਪ ਦੇਣ ਦਾ ਉਸ ਵਿੱਚ ਸਾਹਸ ਹੀ ਨਹੀਂ ਹੁੰਦਾ। ਉਹ ਸ਼ੇਖਚਿਲੀ ਦੀ ਤਰ੍ਹਾਂ ਉਥੇ ਦਾ ਉਥੇ ਹੀ ਰਹਿੰਦਾ ਹੈ। ਅੱਗੇ ਵਧਣ ਅਤੇ ਸਿਖਰਾਂ ਨੂੰ ਛੋਹਣ ਦੇ ਜੋ ਸੁਪਨੇ ਦੇਖਦੇ ਹਨ, ਜੋ ਕਲਪਨਾ ਕਰਦੇ ਹਨ।ਉਹਨਾਂ ਨੂੰ ਸਾਕਾਰ ਰੂਪ ਦੇਣ ਲਈ ਦਲੇਰੀ ਦੀ ਲੋੜ ਹੁੰਦੀ ਹੈ। ਸਾਹਸ ਇੱਕ ਅਜਿਹਾ ਹਥਿਆਰ ਹੈ ਜੋ ਦੁੱਖਾਂ, ਕਸ਼ਟਾਂ ਅਤੇ ਹਰ ਤਰ੍ਹਾਂ ਦੀ ਕਮਜ਼ੋਰੀ ਨੂੰ ਖਤਮ ਕਰ ਦਿੰਦਾ ਹੈ। ਸਾਹਸੀ ਵਿਅਕਤੀ ਦੇ ਸਾਹਮਣੇ ਕਠਿਨਾਈਆਂ ਕੋਈ ਅਰਥ ਨਹੀਂ ਰੱਖਦੀਆਂ।ਉਹ ਸਾਰੀਆਂ ਮੁਸ਼ਕਿਲਾਂ ਉੱਤੇ ਜਿੱਤ ਪ੍ਰਾਪਤ ਕਰਦਾ ਹੋਇਆ ਉਚਾਈਆਂ ਵੱਲ ਵੱਧਦਾ ਹੈ। ਤੁਸੀਂ ਵੀ ਜੇਕਰ ਹਿੰਮਤ ਰੱਖਦੇ ਹੋ, ਆਪਣੇ ਆਪ ਤੇ ਭਰੋਸਾ ਰੱਖੋ ਅਤੇ ਅੱਗੇ ਵਧੋ।ਆਓ ਸਾਹਸ ਦਾ ਪੱਲਾ ਫੜਕੇ ਉੱਚੀਆਂ ਉਡਾਰੀਆਂ ਲਾਈਏ ਅਤੇ ਸਫਲ ਜਿੰਦਗੀ ਜਿਉਂਈਏ। ਲੇਖਕ - ਕੇਵਲ ਸਿੰਘ ਮਾਨਸਾ ਮੋ: 9872515652