Arash Info Corporation

ਲੌਂਗੋਵਾਲ ਦੇ ਕਿਸਾਨ ਜਗਦੀਸ਼ ਸਿੰਘ ਨੇ ਪਿਛਲੇ 4 ਸਾਲਾਂ ਤੋਂ ਨਹੀਂ ਲਗਾਈ ਖੇਤ ਵਿੱਚ ਅੱਗ

24

November

2020

ਲੌਂਗੋਵਾਲ,24 ਨਵੰਬਰ (ਜਗਸੀਰ ਸਿੰਘ ) - ਡਾਇਰੈਕਟਰ ਖੇਤੀਬਾਡ਼ੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਨੂੰ ਮੰਨਦੇ ਹੋਏ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੁਆਰਾ ਕੀਤੇ ਜਾਂਦੇ ਉਪਰਾਲਿਆਂ ਤਹਿਤ ਅੱਜ ਕਿਸਾਨ ਜਗਦੀਸ਼ ਸਿੰਘ ਨੇ ਝੋਨੇ ਦੇ ਨਾੜ ਨੂੰ ਬਿਨਾਂ ਅੱਗ ਲਗਾਏ ਖੜ੍ਹੇ ਕਰਚਿਆਂ ਵਿੱਚ ਕਣਕ ਦੀ ਬਿਜਾਈ ਕੀਤੀ।ਇਸ ਮੌਕੇ ਕਿਸਾਨ ਜਗਦੀਸ਼ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਚਾਰ ਸਾਲਾਂ ਤੋਂ ਬਿਨਾਂ ਅੱਗ ਲਗਾਏ ਹੀ ਖੇਤ ਵਿੱਚ ਫ਼ਸਲ ਦੀ ਬਿਜਾਈ ਕਰ ਰਿਹਾ ਹੈ ਇਸ ਨਾਲ ਉਹ ਯੂਰੀਆ ਖਾਦ ਦੀ ਵਰਤੋਂ ਵੀ ਘੱਟ ਕਰਦਾ ਹੈ ਅਤੇ ਹੋਰ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਵੀ ਥੋੜ੍ਹੀ ਮਾਤਰਾ ਵਿੱਚ ਕਰਦਾ ਹੈ।ਕਿਸਾਨ ਨੇ ਦੱਸਿਆ ਕਿ ਇਸ ਨਾਲ ਉਸ ਦੀ ਫ਼ਸਲ ਦੀ ਉਪਜਾਊ ਸ਼ਕਤੀ ਬਣੀ ਰਹਿੰਦੀ ਹੈ ਅਤੇ ਮਿੱਤਰ ਕੀੜੇ ਨੁੰ ਵੀ ਕੋਈ ਨੁਕਸਾਨ ਨਹੀਂ ਪਹੁੰਚਦਾ।ਕਿਸਾਨ ਜਗਦੀਸ਼ ਸਿੰਘ ਨੇ ਦੱਸਿਆ ਕਿ ਉਹ ਗੁਰੂਆਂ ਦੁਆਰਾ ਲਿਖੀ ਗੁਰਬਾਣੀ ਤੇ ਵਿਸ਼ਵਾਸ ਕਰਦਾ ਹੈ ਅਤੇ ਵਾਤਾਵਰਣ ਨਾਲ ਵੀ ਪਿਆਰ ਕਰਦਾ ਹੈ । ਇਸ ਮੌਕੇ ਖੇਤੀਬਾਡ਼ੀ ਅਧਿਕਾਰੀ ਡਾ. ਗੁਰਿੰਦਰਜੀਤ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਸੰਗਰੂਰ ਨੇ ਦੱਸਿਆ ਕਿ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਕਰਨ ਨਾਲ ਝਾੜ ਤੇ ਕੋਈ ਫ਼ਰਕ ਨਹੀਂ ਪੈਂਦਾ ਜਦੋਂ ਕਿ ਝਾੜ ਵੱਧ ਨਿਕਲਦਾ ਹੈ ਇਸ ਨਾਲ ਛੋਟੇ ਤੱਤਾਂ ਦੀ ਘਾਟ ਵੀ ਪੂਰੀ ਹੋ ਜਾਂਦੀ ਹੈ।ਇਸ ਮੌਕੇ ਖੇਤੀਬਾਡ਼ੀ ਅਧਿਕਾਰੀਆਂ ਨੇ ਕਿਸਾਨ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਹੋਰ ਕਿਸਾਨਾਂ ਨੂੰ ਵੀ ਅਗਾਂਹਵਧੂ ਕਿਸਾਨ ਜਗਦੀਸ਼ ਸਿੰਘ ਵਾਂਗ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਖੇਤ ਵਿੱਚ ਕਣਕ ਦੀ ਬਿਜਾਈ ਕਰਨ ਦੀ ਸਲਾਹ ਦਿੱਤੀ।ਇਸ ਮੌਕੇ ਖੇਤੀਬਾਡ਼ੀ ਅਧਿਕਾਰੀ ਮਹਿੰਦਰ ਸਿੰਘ ਆਤਮਾ ਸਟਾਫ ਵਲੋਂ ਕਿਸਾਨ ਜਗਦੀਸ਼ ਸਿੰਘ ਨੂੰ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਸਰਕਾਰੀ ਸਮਾਗਮਾਂ ਵਿੱਚ ਉਸ ਨੂੰ ਸਨਮਾਨਤ ਵੀ ਕਰਵਾਇਆ ਜਾਵੇਗਾ।ਇਸ ਮੌਕੇ ਖੇਤੀਬਾਡ਼ੀ ਅਧਿਕਾਰੀ ਰਸ਼ਪਾਲ ਸਿੰਘ,ਸ੍ਰੀ ਸਰਬਜੀਤ ਸਿੰਘ ਉਪ-ਨਿਰੀਖਕ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।