ਵੱਖ-ਵੱਖ ਥਾਈਂ ਤਿੰਨ ਜਣਿਆਂ ਨੇ ਖ਼ੁਦਕੁਸ਼ੀ ਕੀਤੀ

17

October

2018

ਚੰਡੀਗੜ੍ਹ, ਇਥੋਂ ਦੇ ਸੈਕਟਰ 41-ਏ ਵਿੱਚ ਰਹਿੰਦੀ 64 ਵਰ੍ਹਿਆਂ ਦੀ ਬਜ਼ੁਰਗ ਔਰਤ ਨੇ ਗਲ ਵਿੱਚ ਫਾਹਾ ਲੈ ਕੇ ਅੱਜ ਖੁਦਕੁਸ਼ੀ ਕਰ ਲਈ। ਪੁਲੀਸ ਅਨੁਸਾਰ ਸਵੇਰੇ 4 ਵਜੇ ਪੀਸੀਆਰ ਨੂੰ ਘਟਨਾ ਬਾਰੇ ਸੂਚਨਾ ਮਿਲੀ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਮਹਿਲਾ ਨੂੰ ਹਸਪਤਾਲ ਪਹੁੰਚਾਇਆ ਪਰ ਉਸ ਸਮੇਂ ਤੱਕ ਮਹਿਲਾ ਦੀ ਮੌਤ ਹੋ ਚੁੱਕੀ ਸੀ। ਪੁਲੀਸ ਅਨੁਸਾਰ ਮ੍ਰਿਤਕ ਮਹਿਲਾ ਦੀ ਪਛਾਣ ਹਰਮੀਤ ਕੌਰ ਵਜੋਂ ਹੋਈ ਹੈ। ਉਸ ਦੇ ਬੇਟੇ ਰਵਿੰਦਰ ਪਾਲ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੀ ਮਾਂ ਕਾਫੀ ਸਮੇਂ ਤੋਂ ਤਣਾਅ ਵਿੱਚ ਰਹਿੰਦੀ ਸੀ। ਇਸੇ ਤਣਾਅ ਤੋਂ ਤੰਗ ਆ ਕੇ ਉਸ ਨੇ ਫਾਹਾ ਲੈ ਲਿਆ ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸੇ ਦੌਰਾਨ ਪੁਲੀਸ ਦੇ ਨਾਲ ਫੌਰੈਂਸਿਕ ਮਾਹਿਰਾਂ ਨੇ ਘਟਨਾ ਸਥਾਨ ਦਾ ਦੌਰਾ ਕੀਤਾ। ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ। ਐੱਸ.ਏ.ਐੱਸ. ਨਗਰ (ਮੁਹਾਲੀ), (ਪੱਤਰ ਪ੍ਰੇਰਕ): ਮੁਹਾਲੀ ਪਿੰਡ ਵਿੱਚ ਇੱਕ ਨੌਜਵਾਨ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਅਜੈ ਕੁਮਾਰ (20 ਸਾਲ) ਵਾਸੀ ਜ਼ਿਲ੍ਹਾ ਸੀਤਾਮੜੀ (ਬਿਹਾਰ) ਵਜੋਂ ਹੋਈ ਹੈ। ਅਜੈ ਕੁਮਾਰ ਇੱਥੇ ਫੇਜ਼-1 ਸਥਿਤ ਪੁਰਾਣੇ ਮੁਹਾਲੀ ਪਿੰਡ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਮ੍ਰਿਤਕ ਦੇ ਭਰਾ ਸੁਰਿੰਦਰ ਕੁਮਾਰ ਅਤੇ ਜੀਤਨ ਕੁਮਾਰ ਨੇ ਪੁਲੀਸ ਨੂੰ ਦੱਸਿਆ ਕਿ ਉਹ ਆਪਣੇ ਪਰਿਵਾਰਾਂ ਸਮੇਤ ਕਾਫ਼ੀ ਸਮੇਂ ਤੋਂ ਇੱਥੇ ਰਹਿ ਰਹੇ ਹਨ। ਉਹ ਰੋਜ਼ਾਨਾ ਵਾਂਗ ਆਪਣੇ ਕੰਮ ’ਤੇ ਗਏ ਸੀ ਅਤੇ ਉਨ੍ਹਾਂ ਦੀਆਂ ਪਤਨੀਆਂ ਘਰ ਵਿੱਚ ਹੀ ਕੰਮ ਕਰ ਰਹੀਆਂ ਸਨ। ਅਜੈ ਕੁਮਾਰ ਬੱਚੇ ਨੂੰ ਖਿਡਾ ਰਿਹਾ ਸੀ। ਇਸ ਦੌਰਾਨ ਕੁਝ ਸਮੇਂ ਬਾਅਦ ਉਹ ਕਮਰੇ ਵਿੱਚ ਗਿਆ ਅਤੇ ਅੰਦਰੋਂ ਕੁੰਡੀ ਲਗਾ ਲਈ। ਕੁਝ ਸਮੇਂ ਬਾਅਦ ਅਜੈ ਕੁਮਾਰ ਦੀ ਭਰਜਾਈ ਕਮਰੇ ਵਿੱਚ ਗਈ ਤਾਂ ਅੰਦਰੋਂ ਕੁੰਡੀ ਲੱਗੀ ਹੋਣ ਕਾਰਨ ਉਸ ਨੇ ਦਰਵਾਜ਼ਾ ਖੜਕਾਇਆ ਪ੍ਰੰਤੂ ਕਿਸੇ ਨੇ ਕੁੰਡੀ ਨਹੀਂ ਖੋਲ੍ਹੀ। ਉਸ ਨੇ ਖਿੜਕੀ ਰਾਹੀਂ ਅੰਦਰ ਦੇਖਿਆ ਤਾਂ ਅਜੈ ਕੁਮਾਰ ਦੀ ਲਾਸ਼ ਪੱਖੇ ਦੀ ਹੁੱਕ ਨਾਲ ਲਟਕ ਰਹੀ ਸੀ। ਉਸ ਨੇ ਆਪਣੇ ਪਤੀ ਨੂੰ ਸੂਚਨਾ ਦਿੱਤੀ ਅਤੇ ਉਹ ਤੁਰੰਤ ਘਰ ਪਹੁੰਚ ਗਏ। ਇਸ ਹਾਦਸੇ ਬਾਰੇ ਪੁਲੀਸ ਨੂੰ ਸੂਚਨਾ ਦਿੱਤੀ ਗਈ। ਪੁਲੀਸ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਲੋਕਾਂ ਦੀ ਹਾਜ਼ਰੀ ਵਿੱਚ ਕਮਰੇ ਦੀ ਕੁੰਡੀ ਤੋੜ ਕੇ ਅਜੈ ਦੀ ਲਾਸ਼ ਨੂੰ ਹੇਠਾਂ ਉਤਾਰਿਆ ਅਤੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ। ਇਸ ਸਬੰਧੀ ਫੇਜ਼-1 ਥਾਣਾ ਦੇ ਐੱਸਐੱਚਓ ਜਤਿੰਦਰਪਾਲ ਸਿੰਘ ਜੇਪੀ ਨੇ ਦੱਸਿਆ ਕਿ ਲਾਸ਼ ਕੋਲੋਂ ਪੁਲੀਸ ਨੂੰ ਕੋਈ ਖ਼ੁਦਕੁਸ਼ੀ ਨੋਟ ਨਹੀਂ ਮਿਲਿਆ ਹੈ। ਉਂਜ ਪਰਿਵਾਰ ਨੇ ਵੀ ਕਿਸੇ ’ਤੇ ਕੋਈ ਸ਼ੱਕ ਜ਼ਾਹਰ ਨਹੀਂ ਕੀਤਾ ਅਤੇ ਕਿਸੇ ਵੀ ਪ੍ਰਕਾਰ ਦੀ ਕਾਨੂੰਨੀ ਕਾਰਵਾਈ ਕਰਵਾਉਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਸੀਆਰਪੀਸੀ ਦੀ ਧਾਰਾ 174 ਅਧੀਨ ਡੀਡੀਆਰ ਦਰਜ ਕੀਤੀ ਗਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਭਲਕੇ ਮੰਗਲਵਾਰ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ।