ਅੰਤਰਰਾਸ਼ਟਰੀ ਮਰਦ ਦਿਵਸ ਤੇ ਵਿਸ਼ੇਸ਼ - ਮਰਦਾਂ ਅਤੇ ਲੜਕਿਆਂ ਦੀ ਸਿਹਤ ਦੀ ਗੱਲ

18

November

2020

ਹਰ ਸਾਲ 19 ਨਵੰਬਰ ਦਾ ਦਿਨ ਅੰਤਰਰਾਸ਼ਟਰੀ ਮਰਦ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।ਸਭ ਤੋਂ ਪਹਿਲਾਂ ਇਹ ਦਿਨ ਟਰੀਨੀਡਾਡ ਅਤੇ ਟੋਬੇਗੋ ਵਿੱਚ 1999 ਵਿੱਚ ਮਨਾਉਣਾ ਸ਼ੁਰੂ ਹੋਇਆ ਸੀ।ਇਸ ਨੂੰ ਆਸਟਰੇਲੀਆ, ਕਾਰੇਬੀਅਨ, ਉੱਤਰੀ-ਅਮਰੀਕਾ, ਏਸ਼ੀਆ, ਯੂਰਪ ਅਤੇ ਅਫਰੀਕਾ ਚ'ਵੱਖ ਵੱਖ ਵਿਅਕਤੀਆਂ ਅਤੇ ਸੰਸਥਾਵਾਂ ਵੱਲੋਂ ਹੁੰਗਾਰਾ ਮਿਲਿਆ।ਯੂਨੈਸਕੋ ਵੱਲੋਂ ਬੋਲਦਿਆਂ ਉਸ ਸਮੇਂ ਦੀ ਔਰਤਾਂ ਅਤੇ ਸ਼ਾਂਤੀ –ਸਭਿਆਚਾਰ ਦੀ ਡਾਇਰੈਕਟਰ ਇੰਗੀਬੋਰਗ ਬਰੀਨਜ ਨੇ ਅੰਤਰਰਾਸ਼ਟਰੀ ਮਰਦ ਦਿਵਸ ਬਾਰੇ ਕਿਹਾ, “ਇਹ ਇੱਕ ਬਹੁਤ ਹੀ ਖੂਬਸੂਰਤ ਵਿਚਾਰ ਹੈ।ਇਸ ਨਾਲ ਲਿੰਗ-ਸੰਤੁਲਨ ਪੈਦਾ ਹੋਵੇਗਾ”। ਉਸ ਨੇ ਅੱਗੇ ਕਿਹਾ ਕਿ ਯੂਨੈਸਕੋ ਇਸ ਦੇ ਪ੍ਰਬੰਧਕਾਂ ਨੂੰ ਪੂਰਨ ਸਹਿਯੋਗ ਦੇਵੇਗਾ।ਮਰਦ ਦਿਵਸ ਮਨਾਉਣ ਦੇ ਕੁਝ ਉਦੇਸ਼ ਇਸ ਤਰਾਂ ਹਨ- ਮਰਦਾਂ ਅਤੇ ਲੜਕਿਆਂ ਦੀ ਸਿਹਤ ਤੇ ਕੇਂਦਰਿਤ ਹੋਣਾ। ਲਿੰਗ-ਸਮਾਨਤਾ ਵਿੱਚ ਸੁਧਾਰ ਲਿਆਉਣਾ। ਮਰਦਾਂ ਅਤੇ ਲੜਕਿਆਂ ਵਿਰੱਧ ਹੋ ਰਹੀ ਵਿਤਕਰੇਬਾਜੀ ਨੂੰ ਪ੍ਰਗਟ ਕਰਨ ਦਾ ਇੱਕ ਮੌਕਾ ਦੇਣਾ। ਮਰਦਾਂ ਦੀਆਂ ਪ੍ਰਾਪਤੀਆਂ ਖਾਸ ਕਰਕੇ ਅਪਣੇ ਵਰਗ,ਪਰਿਵਾਰ,ਵਿਆਹ ਅਤੇ ਬੱਚਿਆਂ ਦੀ ਸੰਭਾਲ ਵਿੱਚ ਉਹਨਾਂ ਦੇ ਯੋਗਦਾਨ ਨੂੰ ਸਲਾਹੁਣਾ। ਵਿਸ਼ਾਲ ਅਰਥਾਂ ਵਿੱਚ ਮਨੁੱਖਤਾ ਦੀਆਂ ਕਦਰਾਂ-ਕੀਮਤਾਂ ਉਤਸ਼ਾਹਿਤ ਕਰਨੀਆਂ। ਮਰਦ ਦਿਵਸ ਅੱਜ 80 ਤੋਂ ਵੱਧ ਦੇਸ਼ਾਂ ਵਿੱਚ ਮਨਾਇਆ ਜਾਂਦਾ ਹੈ ਜਿਸ ਵਿੱਚ ਅਸਟਰੇਲੀਆ,ਭਾਰਤ,ਪਾਕਿਸਤਾਨ,ਚੀਨ,ਅਮਰੀਕਾ,ਰੋਮਾਨੀਆ,ਸਿੰਘਾਪੁਰ,ਯੂ.ਕੇ.,ਅਫਰੀਕਾ,ਡੈਨਮਾਰਕ,ਕੈਨੇਡਾ,ਫਰਾਂਸ ਅਤੇ ਇਟਲੀ ਆਦਿ ਸ਼ਾਮਲ ਹਨ।ਪਹਿਲਾਂ 1960 ਵਿੱਚ ਇਹ ਦਿਵਸ 23 ਫਰਬਰੀ ਨੂੰ ਮਨਾਉਣ ਦਾ ਸੱਦਾ ਦਿੱਤਾ ਗਿਆ ਸੀ।ਫਿਰ 1968 ਵਿੱਚ ਅਮਰੀਕੀ ਪੱਤਰਕਾਰ ਜੌਹਨ ਪੀ.ਹੈਰਿਸ ਨੇ ਸ਼ਲੀਨਾ ਜਨਰਲ ਵਿੱਚ ਸੰਪਾਦਕੀ ਲਿਖੀ ਅਤੇ ਸੋਵੀਅਤ ਵਲੋਂ ਮਰਦ ਦਿਵਸ ਸ਼ੁਰੂ ਕੀਤੇ ਜਾਣ ਤੋਂ ਬਿਨਾਂ ਹੀ ਅੰਤਰਰਾਸ਼ਟਰੀ ਮਹਿਲਾ ਦਿਵਸ ਸ਼ੁਰੂ ਕੀਤੇ ਜਾਣ ਦੀ ਵਿਰੋਧਤਾ ਕੀਤੀ।ਉਸ ਅਨੁਸਾਰ ਲਿੰਗ ਸਮਾਨਤਾ ਜਰੂਰੀ ਹੈ । ਉਦੋਂ ਤੋਂ ਇਸ ਨੂੰ 19 ਨਵੰਬਰ ਨੂੰ ਮਨਾਉਣਾ ਨਿਸ਼ਚਿਤ ਹੋਇਆ। ਇਸ ਦਿਵਸ ਦਾ ਸੰਕੇਤ ਹੈ। ਹਰ ਸਾਲ ਇਸ ਦਿਨ ਇੱਕ ਵਿਸ਼ਾ ਜਾਂ ਥੀਮ ਰੱਖਿਆ ਜਾਂਦਾ ਹੈ ਅਤੇ ਬਾਕੀ ਸਾਰਾ ਸਾਲ ਉਸ ਵਿਸ਼ੇ ਨਾਲ ਸੰਬੰਧਿਤ ਕਿਰਿਆਵਾਂ ਕਰਵਾਈਆਂ ਜਾਂਦੀਆਂ ਹਨ। 2018 ਦਾ ਥੀਮ ਸੀ-ਸਕਾਰਾਤਮਕ ਮਰਦ ਰੋਲ ਮਾਡਲਜ 2019 ਦਾ ਥੀਮ ਸੀ- ਮਰਦਾਂ ਅਤੇ ਲੜਕਿਆਂ ਲਈ ਕੁਝ ਵੱਖਰਾ ਕਰਦੇ ਹੋਏ £ ਇਸ ਸਾਲ 2020 ਦਾ ਥੀਮ ਹੈ-“ਮਰਦਾਂ ਅਤੇ ਲੜਕਿਆਂ ਲਈ ਚੰਗੇਰੀ ਸਿਹਤ” ਅੰਤਰਰਾਸ਼ਟਰੀ ਮਰਦ ਦਿਵਸ ਦੇ ਬਾਨੀ ਸੰਸਥਾਪਕ ਡਾ.ਜੀਰੋਮ ਟੀਲੋਕ ਸਿੰਘ ਅਨੁਸਾਰ ਇਸ ਦੇ ਉਦੇਸ਼ ਹਨ- ਅਦਮੀਆਂ ਦੀ ਜੀਵਨ-ਆਸ਼ਾ ਵਿੱਚ ਸੁਧਾਰ ਕਰਨਾ। ਮਰਦਾਂ ਨੂੰ ਸਹਾਇਤਾ ਪ੍ਰਦਾਨ ਕਰਨਾ। ਲੜਕਿਆਂ ਦੀ ਸਿੱਖਿਆ ਵਿੱਚ ਸੁਧਾਰ ਕਰਨਾ। ਮਰਦਾਂ ਅਤੇ ਲੜਕਿਆਂ ਪ੍ਰਤੀ ਹਿੰਸਾ ਵਿਰੁੱਧ ਸਹਿਣਸ਼ੀਲਤਾ ਦੀ ਗੱਲ ਕਰਨੀ। ਪਿਤਾ ਦੇ ਅਤੇ ਮਰਦ ਦੇ ਉਸਾਰੂ ਰੋਲ ਦੀ ਸ਼ਲਾਘਾ ਕਰਨੀ। ਆਸਟਰੇਲੀਆ ਤੋਂ ਵਾਰਵਿਕ ਮਾਰਸ਼ ਅਤੇ ਇੰਟਰਨੈਸ਼ਨਲ ਮੈਨਜ ਡੇ ਵੈਬਸਾਈਟ ਦੇ ਸੰਚਾਲਕ ਕਹਿੰਦੇ ਹਨ- “ਇਸ ਸਾਲ ਸਾਡਾ ਮਨੋਰਥ ਵਿਅਕਤੀਆਂ,ਪਰਿਵਾਰਾਂ,ਗਿਰਜਾ-ਘਰਾਂ,ਸੰਪਰਦਾਵਾਂ,ਛੋਟੇ ਵਪਾਰਕ ਅਦਾਰਿਆਂ ਅਤੇ ਕਾਰਪੋਰੇਟ ਘਰਾਣਿਆਂ ਦੀ,ਸਵੈ ਸੇਵੀ ਸੰਸਥਾਵਾਂ ਸਮੇਤ ਮਰਦਾਂ ਅਤੇ ਲੜਕਿਆਂ ਦੀ ਵਧੀਆ ਸਿਹਤ ਲਈ ਕੰਮ ਕਰਨਾ ਹੈ।ਅਸੀਂ ਮਰਦਾਂ ਅਤੇ ਲੜਕਿਆਂ ਦੇ ਅਵਮੁੱਲਣ ਦੀ ਲੋੜ ਨੂੰ ਅਤੇ ਮਰਦਾਂ ਅਤੇ ਲੜਕਿਆਂ ਦੀ ਸਿਹਤ ਅਤੇ ਚੰਗੇਰੇ ਜੀਵਨ ਦੀ ਲੋੜ ਨੂੰ ਉਤਸ਼ਾਹਿਤ ਕਰਨਾ ਚਾਹੁੰਦੇ ਹਾਂ।“ ਸੋਸ਼ਲ ਸਾਇੰਸਜ ਰੀਸਰਚ ਅਨੁਸਾਰ ਜੇ ਪਿਤਾ ਆਪਣੀ ਸਿਹਤ ਦਾ ਖਿਆਲ ਰੱਖਦੇ ਹਨ, ਤਾਂ ਉਹਨਾਂ ਦੀ ਔਲਾਦ ਵੀ ਉਸੇ ਤਰਾਂ ਕਰਦੀ ਹੈ। ਸੰਸਾਰ ਸਿਹਤ ਸੰਸਥਾ ਦੇ ਅੰਕੜਿਆਂ ਅਨੁਸਾਰ ਸਾਰੇ ਸੰਸਾਰ ਵਿੱਚ ਮਰਦ ਹਿੰਸਾ ਵਿੱਚ ਵੱਧ ਮਰਦੇ ਹਨ ਅਤੇ ਜਖਮੀ ਹੁੰਦੇ ਹਨ। ਇਸੇ ਤਰਾਂ ਐਕਸੀਡੈਂਟ ਮਰਦਾਂ ਦੇ ਵੱਧ ਹੁੰਦੇ ਹਨ। ਅਤੇ ਬਹੁਤ ਸਾਰੇ ਜੌਖਿਮ ਵਾਲੇ ਕੰਮ ਮਰਦਾਂ ਦੁਆਰਾ ਕੀਤੇ ਜਾਣ ਕਰਕੇ ਮਰਦ ਬਹੁਤ ਸਾਰੀਆਂ ਖਾਸ ਬੀਮਾਰੀਆਂ ਦੇ ਸ਼ਿਕਾਰ ਹੁੰਦੇ ਹਨ।ਇੱਕ ਝਲਕ ਅੰਕੜਿਆਂ ਵੱਲ ਵੀ ਮਾਰ ਲਈਏ-(ਪਿਛਲੇ ਸਾਲ ਦੇ ਅੰਕੜੇ ) ਬਿਨਾਂ ਛੱਤ ਤੋਂ ਬਾਹਰ ਖੁਲ੍ਹੇ ਵਿੱਚ ਸੌਣ ਵਾਲਿਆਂ ਵਿੱਚੋਂ 87% ਮਰਦ ਸਨ। ਲਾਪਤਾ ਲੋਕਾਂ ਵਿਚੱੋਂ 73% ਮਰਦ ਸਨ। ਆਤਮ-ਹੱਤਿਆ ਕਰਨ ਵਾਲਿਆਂ ਵਿੱਚੋਂ 76% ਮਰਦ ਸਨ। 8.7% ਮਰਦ ਅਲਕੋਹਲ ਤੇ ਨਿਰਭਰ ਕਰਦੇ ਸਨ। ਮਾਨਸਿਕ ਸਿਹਤ ਸਮੱਸਿਆਵਾਂ ਵਾਲੇ 22% ਮਰਦ ਸਨ। ਹੁਣੇ ਜਿਹੇ ਹੋਈਆਂ ਤਾਜਾ ਖੋਜਾਂ ਤੋਂ ਸਾਹਮਣੇ ਆਇਆ ਹੈ ਕਿ ਮਰਦਾਂ ਦਾ ਔਰਤਾਂ ਦੇ ਮੁਕਾਬਲੇ ਖੁਦਕੁਸ਼ੀ ਦਰ 3 ਗੁਣਾ ਜਿਆਦਾ ਹੈ। ਹਰ ਤਿੰਨ ਪਿੱਛੇ ਇੱਕ ਮਰਦ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦਾ ਹੈ। ਮਰਦ,ਔਸਤਨ ਔਰਤਾਂ ਨਾਲੋਂ 4-5 ਸਾਲ ਪਹਿਲਾਂ ਮਰ ਜਾਂਦੇ ਹਨ। ਮਰਦਾਂ ਨੂੰ ਫੇਫੜਿਆਂ ਦਾ ਕੈਂਸਰ ਔਰਤਾਂ ਦੇ ਮੁਕਾਬਲੇ ਦੁੱਗਣਾ ਹੁੰਦਾ ਹੈ। ਦਿਲ ਦੀਆਂ ਬੀਮਾਰੀਆਂ ਮਰਦਾਂ ਨੂੰ ਔਰਤਾਂ ਨਾਲੋਂ ਦੁੱਗਣੀਆਂ ਹਨ। ਸੋ ਇਸ ਦਿਵਸ ਤੇ ਅਜਿਹੀਆਂ ਸਾਰੀਆਂ ਸਮੱਸਿਆਵਾਂ ਨੂੰ ਵਿਚਾਰਿਆ ਜਾਂਦਾ ਹੈ ਅਤੇ ਇਹਨਾਂ ਦੇ ਹੱਲ ਲੱਭ ਕੇ ਸਾਰਾ ਸਾਲ ਉਸ ਹੱਲ ਨਾਲ ਸੰਬੰਧਿਤ ਕਰਵਾਈਆਂ ਕੀਤੀਆਂ ਜਾਂਦੀਆਂ ਹਨ । ਇਸ ਦਾ ਗਲੋਬਲ ਹੈਡਕੁਆਰਟਰ ਯੂ.ਕੇ.ਵਿੱਚ ਹੈ ਅਤੇ ਏਸ਼ੀਆ ਦੇ ਦਫਤਰ ਭਾਰਤ ਅਤੇ ਫਿਲੀਪਾਈਨਜ ਵਿੱਚ ਹਨ । ਇਸ ਵਿੱਚ ਇਹ ਕਿਰਿਆਵਾਂ ਆਉਂਦੀਆਂ ਹਨ- ਦਿਵਸ ਨਾਲ ਸੰਬੰਧਿਤ ਸਮਾਗਮ ਰਚਾਉਣੇ ਅੰਤਰਰਾਸ਼ਟਰੀ ਮਰਦ ਦਿਵਸ ਲੋਗੋਜ ਪੋਸਟਰਜ ਪ੍ਰਸੰਸਾ ਪੱਤਰ ਜਾਰੀ ਕਰਨੇ। ਭਾਰਤ ਵਿੱਚ ਮਰਦਾਂ ਦੇ ਅਧਿਕਾਰਾਂ ਦੀ ਸੰਸਥਾ “ਸੇਵ ਇੰਡੀਅਨ ਡੈਮਿਲੀ “ਹੈ ਜੋ 2007 ਤੋਂ ਕੰਮ ਕਰ ਰਹੀ ਹੈ।ਇੰਟਰਨੈਸ਼ਨਲ ਮੈਨਜ ਡੇ ਮਾਰਫਤ ਡੈਡਜ ਫਾਰ ਕਿਡਜ ਫਾਊਂਡੇਸ਼ਨ ਇਸ ਦੀ ਸੰਚਾਲਕ ਹੈ। ਹਰ ਸਾਲ ਇਸ ਦਿਵਸ ਨੂੰ ਮਨਾਉਣ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ।ਅਸਲ ਵਿੱਚ ਔਰਤ ਨੂੰ ਮਿਲੇ ਵੱਧ ਅਧਿਕਾਰਾਂ ਦਾ ਫਾਇਦਾ ਲੈਂਦਿਆਂ ਕਈ ਥਾਵਾਂ ਤੇ ਮਰਦਾਂ ਤੇ ਝੂਠੇ ਕੇਸ ਪਾਉਣ ਜਾਂ ਉਨਾਂ ਦੇ ਸ਼ੋਸ਼ਣ ਦੀਆਂ ਵੀ ਖਬਰਾਂ ਆ ਰਹੀਆਂ ਹਨ। ਮਰਦਾਂ ਦੇ ਜਜਬਾਤ ਦੀ ਕਿਧਰੇ ਗੱਲ ਨਹੀਂ ਹੋ ਰਹੀ ।ਉਹਨਾਂ ਦੀਆਂ ਸਮੱਸਿਆਵਾਂ ਨੂੰ ਵੀ ਉਠਾਉਣਾ ਉੱਤੇ ਹੱਲ ਕਰਨਾ ਸਮੇਂ ਦੀ ਲੋੜ ਹੈ।ਅਸਲ ਅਰਥਾਂ ਵਿੱਚ ਕਿਸੇ ਵੀ ਲਿੰਗ ਨਾਲ ਕਿਸੇ ਵੀ ਤਰਾਂ ਦਾ ਭਿੰਨਭੇਦ ਨਹੀਂ ਹੋਣਾ ਚਾਹੀਦਾ। ਆਸ ਕਰਾਂਗੇ ਕਿ ਇੱਕ ਦਿਨ ਅਸੀਂ ਇਨਸਾਨ ਨੂੰ ਸਿਰਫ ਇਨਸਾਨ ਦੇ ਰੂਪ ਵਿੱਚ ਮਾਣ ਦੇਣਾ ਸਿੱਖ ਜਾਂਵਾਂਗੇ,ਭਾਵੇਂ ਦੇਰ ਨਾਲ ਹੀ ਸਹੀ। ਹਰ ਤਰਾਂ ਦੇ ਵਿਤਕਰਿਆਂ ਤੋਂ ਉਪਰ ਉੱਠ ਸਕਾਂਗੇ।ਉਸ ਦਿਨ ਦੇ ਜਲਦੀ ਆਉਣ ਦੀ ਦੁਆ ਕਰੀਏ। *ਜਸਵਿੰਦਰ ਸਿੰਘ ਰੁਪਾਲ