ਪੁਲੀਸ ਨੇ ਨਸ਼ਾ ਛੁਡਾਊ ਕੇਂਦਰ ਵਿੱਚੋਂ 250 ਨੌਜਵਾਨ ਛੁਡਵਾਏ

17

October

2018

ਚਮਕੌਰ ਸਾਹਿਬ, ਚਮਕੌਰ ਸਾਹਿਬ ਥਾਣੇ ਅਧੀਨ ਪੈਂਦੇ ਪਿੰਡ ਜੰਡ ਸਾਹਿਬ ਦੇ ਨਸ਼ਾ ਛਡਾਊ ਕੇਂਦਰ ਵਿੱਚੋਂ ਪੁਲੀਸ ਨੇ ਅੱਜ ਦੇਰ ਸ਼ਾਮ 250 ਤੋਂ ਵੱਧ ਨੌਜਵਾਨਾਂ ਨੂੰ ਛੁਡਾਇਆ। ਇਸ ਨਸ਼ਾ ਛਡਾਊ ਕੇਂਦਰ ਵਿੱਚ ਨੌਜਵਾਨਾਂ ਨਾਲ ਕਥਿਤ ਤੌਰ ’ਤੇ ਮਾੜਾ ਸਲੂਕ ਕੀਤਾ ਜਾਂਦਾ ਸੀ ਅਤੇ ਨੌਜਵਾਨਾਂ ਦੀ ਕੁੱਟਮਾਰ ਵੀ ਕੀਤੀ ਜਾਂਦੀ ਸੀ। ਇਸ ਨਸ਼ਾ ਛੁਡਾਊ ਕੇਂਦਰ ਵਿੱਚ ਭਰਤੀ ਹੋਏ ਇੱਕ ਨੌਜਵਾਨ ਦੀ ਮਾਂ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਕਿ ਨਸ਼ਾ ਕੇਂਦਰ ਦੇ ਪ੍ਰਬੰਧਕ ਉਸ ਦੇ ਪੁੱਤਰ ਨੂੰ ਮਿਲਣ ਨਹੀਂ ਦੇ ਰਹੇ ਜਿਸ ਕਾਰਨ ਉਸ ਦੇ ਪੁੱਤਰ ਸਮੇਤ ਕੇਂਦਰ ਵਿੱਚ ਹੋਰ ਨੌਜਵਾਨਾਂ ਨੂੰ ਛੁਡਾਇਆ ਜਾਵੇ। ਮਾਂ ਨੇ ਦੋਸ਼ ਲਾਇਆ ਕਿ ਕੇਂਦਰ ਵਿੱਚ ਭਰਤੀ ਨੌਜਵਾਨਾਂ ਨਾਲ ਕਥਿਤ ਤੌਰ ’ਤੇ ਅਣਮਨੁੱਖੀ ਵਤੀਰਾ ਕੀਤਾ ਜਾਂਦਾ ਹੈ। ਇਸ ਸ਼ਿਕਾਇਤ ’ਤੇ ਡੀਐੱਸਪੀ ਨਵਰੀਤ ਸਿੰਘ ਵਿਰਕ ਪੁਲੀਸ ਪਾਰਟੀ ਸਮੇਤ ਨਸ਼ਾ ਛੁਡਾਊ ਕੇਂਦਰ ਪਹੁੰਚੇ ਅਤੇ ਪਤਾ ਲੱਗਾ ਕਿ ਪਿੰਡ ਜੰਡ ਸਾਹਿਬ ਵਿੱਚ ਨਾਜ਼ਾਇਜ਼ ਤੌਰ ’ਤੇ ਨਸ਼ਾ ਛੁਡਾਊ ਕੇਂਦਰ ਚਲਾਇਆ ਜਾ ਰਿਹਾ ਹੈ ਜਿਸ ਵਿੱਚ 250 ਤੋਂ ਵੀ ਵੱਧ ਨੌਜਵਾਨ ਕਥਿਤ ਤੌਰ ’ਤੇ ਬੰਦੀ ਬਣਾਏ ਗਏ ਹਨ। ਨੌਜਵਾਨ ਦੀ ਮਾਂ ਜਸਵਿੰਦਰ ਕੌਰ ਵਾਸੀ ਪਿੰਡ ਚਾਹਲ ਖੁਰਦ (ਨਵਾਂ ਸ਼ਹਿਰ) ਨੇ ਸ਼ਿਕਾਇਤ ਕੀਤੀ ਕਿ ਨਸ਼ਾ ਛਡਾਊ ਕੇਂਦਰ ਵਿੱਚ ਉਸ ਦੇ ਪੁੱਤਰ ਸਮੇਤ ਹੋਰ ਨੌਜਵਾਨਾਂ ਨੂੰ ਬੰਦੂਆਂ ਮਜ਼ਦੂਰਾਂ ਵਾਂਗ ਰੱਖਿਆ ਗਿਆ ਹੈ ਅਤੇ ਪ੍ਰਬੰਧਕਾਂ ਵੱਲੋਂ ਨੌਜਵਾਨਾਂ ਤੋਂ ਖੇਤੀਬਾੜੀ ਦਾ ਕੰਮ ਵੀ ਜਬਰਦਸਤੀ ਲਿਆ ਜਾ ਰਿਹਾ ਹੈ। ਮੌਕੇ ’ਤੇ ਪੁੱਜੇ ਜ਼ਿਲ੍ਹਾ ਪੁਲੀਸ ਮੁਖੀ ਸਵਪਨ ਸ਼ਰਮਾ ਤੇ ਡਿਪਟੀ ਕਮਿਸ਼ਨਰ ਸੁਮੀਤ ਜਾਰੰਗਲ ਨੇ ਪੂਰੇ ਮਾਮਲੇ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਕਾਰਵਾਈ ਕਰਨ ਦੇ ਅਦੇਸ਼ ਦਿੱਤੇ। ਡੀਐੱਸਪੀ ਨਵਰੀਤ ਸਿੰਘ ਵਿਰਕ ਨੇ ਦੱਸਿਆ ਕਿ ਅਕੈਡਮੀ ਦੇ ਪ੍ਰਬੰਧਕ ਖੁਸ਼ਵਿੰਦਰ ਸਿੰਘ ਉਰਫ਼ ਕਾਕਾ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਅੱਠ ਕੇਸ ਦਰਜ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜਿੱਥੇ ਨੌਜਵਾਨਾਂ ਨੂੰ ਰੱਖਿਆ ਜਾਂਦਾ ਸੀ, ਉਸ ਕਮਰੇ ਵਿੱਚ ਹਵਾ ਦਾ ਕੋਈ ਪ੍ਰਬੰਧ ਨਹੀਂ ਸੀ। ਡੀਸੀ ਸੁਮੀਤ ਜਾਰੰਗਲ ਤੇ ਜ਼ਿਲ੍ਹਾ ਪੁਲੀਸ ਮੁਖੀ ਸਵਪਨ ਸ਼ਰਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਕੇਂਦਰ ਨੂੰ ਨਸ਼ਾ ਛਡਾਉੂ ਕੇਂਦਰ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਥੇ ਕਥਿਤ ਤੌਰ ’ਤੇ ਨਸ਼ਾ ਛੁਡਾਉਣ ਦਾ ਕੋਈ ਪ੍ਰਬੰਧ ਨਹੀਂ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਦਾ ਮੈਡੀਕਲ ਕਰਵਾ ਕੇ ਉਨ੍ਹਾਂ ਦੇ ਘਰ ਪਹੁੰਚਾਇਆ ਜਾਵੇਗਾ। ਇਸ ਮੌਕੇ ਐੱਸਡੀਐਮ ਮਨਕੰਵਲ ਸਿੰਘ ਚਾਹਲ, ਤਹਿਸੀਲਦਾਰ ਸ਼ੁਸ਼ੀਲ ਕੁਮਾਰ, ਥਾਣਾ ਮੁਖੀ ਗੁਰਦੀਪ ਸਿੰਘ ਸੈਣੀ, ਸੀਨੀਅਰ ਮੈਡੀਕਲ ਅਫਸਰ ਡਾ. ਅਸ਼ੋਕ ਕੁਮਾਰ, ਡੀਐੱਸਪੀ ਮਨਜੋਤ ਕੌਰ, ਡੱਲਾ ਪੁਲੀਸ ਚੌਕੀ ਇੰਚਾਰਜ ਇੰਦਰਜੀਤ ਸਿੰਘ ਅਤੇ ਬੇਲਾ ਪੁਲੀਸ ਚੌਕੀ ਦੇ ਇੰਚਾਰਜ ਰੋਹਿਤ ਸ਼ਰਮਾ ਹਾਜ਼ਰ ਸਨ।