Arash Info Corporation

ਨਾਨਕ ਬੇੜੀ ਸਚ ਕੀ....

10

November

2020

ਨਾਨਕ ਬੇੜੀ ਸਚ ਕੀ... ਪੁਸਤਕ ਲੇਖਕ ਸੁਰਜੀਤ ਸਿੰਘ ਦੁਆਰਾ ਛੋਟੀ ਉਮਰੇ ਵੱਡੀਆਂ ਪੁਲਾਂਘਾਂ ਪੁੱਟਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤੀ ਗਈ ਹੈ ।ਲੇਖਕ ਦੁਆਰਾ ਇਸ ਪੁਸਤਕ ਦੇ ਆਰੰਭ ਵਿਚ ਵੱਖ-ਵੱਖ ਧਰਮਾਂ ਵਾਰੇ ਸੰਖੇਪ ਵਿੱਚ ਚੋਖੀ ਜਾਣਕਾਰੀ ਦਿੱਤੀ ਗਈ ਹੈ। ਇਸ ਵਿਚ ਛੇ ਗੁਰੂ ਸਾਹਿਬਾਨਾਂ ਦੇ ਜੀਵਨ ਕਾਲ ਅਤੇ ਸੰਬੰਧਿਤ ਘਟਨਾਵਾਂ ਦਾ ਵਰਨਣ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਪ੍ਰਮਾਣਾਂ ਸਹਿਤ ਦੇਣ ਦਾ ਬਹੁਤ ਸ਼ਲਾਘਾਯੋਗ ਉਪਰਾਲਾ ਕੀਤਾ ਹੈ।ਸੀਮਤ ਸ਼ਬਦਾਂ ਵਿਚ ਲੇਖਕ ਵੱਡੀ ਜਾਣਕਾਰੀ ਦੇਣ ਦੀ ਸਮਰੱਥਾ ਰੱਖਦਾ ਹੈ। ਸੌਖੀ ਤੇ ਸਰਲ ਭਾਸ਼ਾ ਦੁਆਰਾ ਸਮੁੱਚੀ ਸਾਮੱਗਰੀ ਦਾ ਵਰਣਨ ਇਸ ਪ੍ਰਕਾਰ ਪ੍ਰੋਇਆ ਹੈ ਕਿ ਪੜਨ ਸਮੇਂ ਪਾਠਕ ਦੀ ਨਿਰੰਤਰਤਾ ਬਣੀ ਰਹਿੰਦੀ ਹੈ । ਗੁਰੂ ਸਾਹਿਬਾਨ ਦੇ ਜੀਵਨ ਵੇਰਵੇ ਅਤੇ ਘਟਨਾਵਾਂ ਨੂੰ ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਪ੍ਰਮਾਣਿਕਤਾ ਸਹਿਤ ਪੇਸ਼ ਕਰਦੇ ਹੋਏ ਲੇਖਕ ਦੀ ਵਿਦਵਤਾ ਡੁੱਲ੍ਹ-ਡੁੱਲ੍ਹ ਪੈਂਦੀ ਹੈ ।ਘਟਨਾ ਨੂੰ ਬਿਆਨਦਾ ਹੋਇਆ ਲੇਖਕ ਕੋਈ ਸ਼ਬਦ-ਜਾਲ ਨਹੀਂ ਵਿਛਾਉਂਦਾ ਸਗੋਂ ਸਧਾਰਨ ਤੇ ਸੌਖਿਆਂ ਸਮਝ ਪੈਂਦੀ ਭਾਸ਼ਾ ਦੀ ਵਰਤੋਂ ਹੀ ਲੇਖਕ ਦੀ ਵਿਲੱਖਣਤਾ ਪ੍ਰਗਟਾਉਂਦੀ ਹੈ। ਗੁਰੂ ਸਾਹਿਬਾਨ ਜੀ ਦੇ ਜੀਵਨ ਕਾਲ ਦੀਆਂ ਘਟਨਾਵਾਂ ਤੇ ਬਿਰਤਾਂਤ ਪਾਠਕਾਂ ਦੀ ਜਾਣਕਾਰੀ ਵਿਚ ਵਾਧਾ ਹੀ ਨਹੀਂ ਕਰਦੇ ਸਗੋਂ ਪਾਠਕ ਪੜ੍ਹਦਾ - ਪੜ੍ਹਦਾ ਅਗੰਮੀ ਅਨੁਭਵ ਵੀ ਮਹਿਸੂਸ ਕਰਦਾ ਹੈ। ਲੇਖਕ ਨੇ ਅਨੇਕਾਂ ਹਵਾਲੇ ਦੇ ਕੇ ਗੁਰੂ ਸਾਹਿਬਾਨ ਜੀ ਦੇ ਜੀਵਨ ਬਾਰੇ ਲਿਖਿਆ ਹੈ ਕਿ ਕਿਤੇ ਵੀ ਸ਼ੱਕ ਦੀ ਗੁੰਜਾਇਸ਼ ਨਹੀਂ ਰਹਿ ਜਾਂਦੀ, ਜਿਵੇਂ ਗੁਰੂ ਅਰਜਨ ਦੇਵ ਜੀ ਤੇ ਚੜਾਈ ਕਰਕੇ ਆ ਰਹੇ ਸੁਲਹੀ ਖਾਂ ਦੇ ਰਸਤੇ ਵਿਚ ਹੀ ਬਲ਼ਦੇ ਭੱਠੇ ਵਿਚ ਡਿਗ ਕੇ ਮਰਨ ਦੀ ਖਬਰ ਸੁਣ ਕੇ ਮਹਾਰਾਜ ਫਰਮਾਉਂਦੇ ਹਨ- ਸੁਲਹੀ ਤੇ ਨਾਰਾਇਣ ਰਾਖੁ।। ਸੁਲਹੀ ਖਾਂ ਹਾਥੁ ਕਹੀ ਨੂੰ ਪਹੁਚੈ ਸੁਲਹੀ ਹੋਇ ਮੂਆ ਨਾਪਾਕੁ ।।੧।। ਰਹਾਉ ।। ਪੁਸਤਕ ਵਿਚ ਲੇਖਕ ਨੇ ਵਗਦੇ ਦਰਿਆ ਦੀ ਤਰ੍ਹਾਂ ਬਿਰਤਾਂਤਾ ਨੂੰ ਪੇਸ਼ ਕੀਤਾ ਹੈ ਜੋ ਕਿ ਪਖੰਡਾਂ, ਝੂਠ ਤੇ ਅਨੇਕਾਂ ਭਰਮ-ਭੁਲੇਖਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਰੌਸ਼ਨੀ ਵਿੱਚ ਰੋੜ੍ਹਦਾ ਹੋਇਆ ਅੱਗੇ ਵਧਦਾ ਹੈ। ਗਿਆਨ ਅਤੇ ਗੁਰਬਾਣੀ ਦੇ ਆਤਮਿਕ ਝਲਕਾਰਿਆਂ ਨਾਲ ਭਰਪੂਰ ਇਸ ਪੁਸਤਕ ਦੀ ਕੀਮਤ ਕੋਈ ਮਾਅਨੇ ਨਹੀਂ ਰੱਖਦੀ ।ਵਧੀਆ ਜੀਵਨ-ਜਾਚ ਲਈ ਹਰ ਇਕ ਨੂੰ ਪੁਸਤਕ ਪੜ੍ਹ ਕੇ ਜ਼ਰੂਰ ਲਾਹਾ ਖੱਟਣਾ ਚਾਹੀਦਾ ਹੈ। ਕੰਵਲਜੀਤ ਕੌਰ “ਬੁਢਲਾਡਾ'' ਜਿਲ੍ਹਾ ਮਾਨਸਾ। 90568-19844