ਵਿਦਿਆਰਥੀਆਂ ਦੀਆਂ ਮੰਗਾਂ ਸਬੰਧੀ ਸਰਕਾਰੀ ਰਣਬੀਰ ਕਾਲਜ ਦੇ ਪ੍ਰਿੰਸੀਪਲ ਨੂੰ ਮੰਗ ਪੱਤਰ ਸੌਂਪਿਆ

09

November

2020

ਸੰਗਰੂਰ,9 ਨਵੰਬਰ (ਜਗਸੀਰ ਲੌਂਗੋਵਾਲ ) - ਅੱਜ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਵੱਲੋਂ ਵਿਦਿਆਰਥੀਆਂ ਦੀਆਂ ਮੰਗਾਂ ਸਬੰਧੀ ਸਰਕਾਰੀ ਰਣਬੀਰ ਕਾਲਜ ਦੇ ਪ੍ਰਿੰਸੀਪਲ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਪੀ.ਆਰ.ਐੱਸ.ਯੂ. ਦੇ ਜ਼ਿਲ੍ਹਾ ਸਕੱਤਰ ਪਾਰਸਦੀਪ ਨੇ ਕਿਹਾ ਕਿ ਸਰਕਾਰ ਨੇ 16 ਨਵੰਬਰ ਤੋਂ ਹਾਲੇ ਕਾਲਜ ਯੂਨੀਵਰਸਿਟੀਆਂ ਖੋਲ੍ਹਣ ਦਾ ਐਲਾਨ ਕੀਤਾ ਹੈ ਤੇ ਦੂਜੇ ਪਾਸੇ ਰਣਬੀਰ ਕਾਲਜ ਵੱਲੋਂ 17 ਤਰੀਕ ਤੋਂ ਹੀ ਕਾਲਜ ਪ੍ਰਸ਼ਾਸਨ ਨੇ ਐਮਐੱਸਟੀ ਲੈਣ ਦਾ ਅਲਾਨ ਕੀਤਾ ਹੈ। ਆਗੂ ਨੇ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਕਾਲਜ ਵਿਚ ਲਏ ਜਾਣ ਵਾਲੇ ਐਮ. ਐੱਸ. ਟੀ. ਕਾਲਜ ਖੁੱਲ੍ਹਣ ਤੋਂ 10 ਦਿਨ ਬਾਅਦ ਲਏ ਜਾਣ ਅਤੇ ਇਸ ਤੋਂ ਇਲਾਵਾ ਹੋਰ ਮੰਗਾਂ ਜਿਵੇਂ ਗ਼ਰੀਬੀ ਰੇਖਾ ਤੋਂ ਹੇਠਾਂ ਆਉਣ ਵਾਲੇ ਵਿਦਿਆਰਥੀ ਜਿਨ੍ਹਾਂ ਦੇ ਬੀ.ਪੀ.ਐਲ. ਦੇ ਸਰਟੀਫਿਕੇਟ ਬਣੇ ਹੋਏ ਹਨ ਉਨ੍ਹਾਂ ਦਾ 75% ਪੀ.ਟੀ.ਏ. ਫੰਡ ਜਲਦੀ ਹੀ ਵਾਪਸ ਕਰਨ, ਬੱਸ ਪਾਸ ਕਾਲਜ ਵਿੱਚ ਹੀ ਬਣਾਏ ਜਾਣ, ਕਾਲਜ ਦੀ ਲਾਇਬਰੇਰੀ ਵਿਚ ਜਲਦ ਹੀ ਕਿਤਾਬਾਂ ਜਾਰੀ ਕੀਤੀਆਂ ਜਾਣ, ਜਿਓਗ੍ਰਾਫੀ ਦੀ ਪ੍ਰਯੋਗਸ਼ਾਲਾ ਦਾ ਜਲਦੀ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇ ਇਨ੍ਹਾਂ ਮੰਗਾਂ ਵੱਲ ਜਲਦ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਜਥੇਬੰਦੀ ਵੱਲੋਂ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਕਾਲਜ ਪ੍ਰਧਾਨ ਜਸਵਿੰਦਰ ਕੌਰ, ਗੁਰਜਿੰਦਰ ਬਿੱਟੂ,ਜ਼ਿਲ੍ਹਾ ਆਗੂ ਰਮਨ ਅਤੇ ਹੋਰ ਵਿਦਿਆਰਥੀ ਆਗੂ ਹਾਜ਼ਰ ਸਨ ।