ਲਾਅ ਕਰਕੇ ਖੇਤੀ ਕਰਦੇ ਨੌਜਵਾਨ ਨੇ ਖੇਤੀ ਨੂੰ ਦਿੱਤੀ ਨਵੀਂ ਦਿਸ਼ਾ

05

November

2020

ਫਾਜ਼ਿਲਕਾ 5 ਨਵੰਬਰ (ਪ.ਪ) ਅਜੋਕੋ ਸਮੇ ਵਿਚ ਵੈਸੇ ਤਾ ਅੱਜ ਦੀ ਨੌਜਵਾਨ ਪੀੜੀ ਕਿਸਾਨੀ ਤੇ ਪਿੱਛੇ ਹਟਦੀ ਜਾ ਰਹੀ ਹੈ ਪਰੰਤੂ ਸ੍ਰੀ ਪ੍ਰਕਾਸ਼ ਸਿੰਘ ਪਿੰਡ ਮਲੂਕਪੁਰ ਦਾ 33 ਸਾਲਾ ਦਾ ਨੌਜਵਾਨ ਅੱਜ ਦੇ ਸਮੇ ਲਈ ਮਿਸਾਲ ਬਣ ਗਿਆ ਹੈ ਕਿਉਂਕਿ ਇਹ ਕਿਸਾਨ ਬੀ.ਏ, ਐਲ.ਐਲ.ਬੀ ਦੀ ਪੜਾਈ ਕਰਨ ਤੋਂ ਬਾਅਦ ਪਿਛਲੇ 12 ਸਾਲਾਂ ਤੋਂ ਹੀ ਖੁਦ ਖੇਤੀ ਕਰ ਰਿਹਾ ਹੈ।ਉਸ ਸਮੇਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਨਾਲ-ਨਾਲ ਕਣਕ ਦੀ ਨਾੜ ਨੂੰ ਵੀ ਅੱਗ ਲਗਾਉਣ ਦਾ ਆਮ ਹੀ ਰੁਝਾਨ ਸੀ ਪਰ ਇਸ ਕਿਸਾਨ ਨੇ ਕੁੱਝ ਅਲੱਗ ਕਰਨ ਦੇ ਯਤਨ ਕੀਤੇ ਅਤੇ ਪਿਛਲੇ 5 ਸਾਲਾ ਤੋਂ ਇਹ ਕਿਸਾਨ ਖੇਤੀਬਾੜੀ ਵਿਭਾਗ ਦੇ ਕੈਂਪਾਂ ਵਿੱਚ ਜਾਣ ਲੱਗਾ ਅਤੇ ਇਸ ਕਿਸਾਨ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਤੋਂ ਇੰਨਸੀਟੂ ਸਕੀਮ ਤਹਿਤ ਸੈਲਫ ਹੈਲਪ ਗਰੁੱਪ ਬਣਾਇਆ ਅਤੇ ਜਿਸ ਵਿਚ ਚੋਪਰ, ਪਲਾਉ, ਜੀਰੋਡਰਿਲ ਅਤੇ ਸੁਪਰਸੀਡਰ ਖਰੀਦ ਕੇ ਇਨਾਂ ਆਧੁਨਿਕ ਸੰਦਾਂ ਦੀ ਸਹਾਇਤਾ ਨਾਲ ਖੇਤੀ ਕਰਨ ਲੱਗ ਪਿਆ ਹੈ।ਇਹ ਕਿਸਾਨ ਚੋਪਰ, ਪਲਾਉ, ਜੀਰੋਡਰਿਲ ਅਤੇ ਸੁਪਰਸੀਡਰ ਦੀ ਮਦਦ ਨਾਲ ਖੇਤੀ ਕਰਕੇ ਜਿਆਦਾ ਮੁਨਾਫਾ ਪ੍ਰਾਪਤ ਕਰਨ ਲੱਗਾ।ਜਿਸ ਨਾਲ ਇਸ ਕਿਸਾਨ ਨੂੰ ਲਗਭਲ 3.4 ਕੁਇੰਟਲ ਪ੍ਰਤੀ ਏਕੜ ਦਾ ਵਾਧੂ ਝਾੜ ਦਾ ਲਾਭ ਪ੍ਰਾਪਤ ਹੋਇਆ।ਕਿਸਾਨ ਦੇ ਕਹਿਣ ਮੁਤਾਬਕ ਰਸਾਇਣਕ ਖਾਦਾਂ, ਨਦੀਨ ਨਾਸਕ ਦਵਾਈਆਂ ਅਤੇ ਕੀਟਨਾਸ਼ਕ ਦਵਾਈ ਦੀ ਘੱਟ ਵਰਤੋਂ ਕਰਦਾ ਹੈ। ਝੋਨੇ ਦੀ ਪਰਾਲੀ ਨੂੰ ਜਮੀਨ ਵਿੱਚ ਮਿਲਾਉਣ ਨਾਲ ਕਣਕ ਅਤੇ ਝੋਨੇ ਦੀ ਫਸਲ ਨੂੰ ਬਹੁਤ ਫਾਇਦਾ ਹੁੰਦਾ ਹੈ। ਇਹ ਕਿਸਾਨ ਹਮੇਸ਼ਾ ਹੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨਾਲ ਜੁੜਿਆ ਹੋਇਆ ਹੈ ਅਤੇ ਇਹ ਮਹਿਕਮੇ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਦਾ ਹੈ। ਅਖੀਰ ਵਿੱਚ ਨੌਜਵਾਨ ਕਿਸਾਨ ਦੀ ਦੂਜੇ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਉਹ ਪਰਾਲੀ ਨੂੰ ਆਧੁਨਿਕ ਸੰਦਾ ਨਾਲ ਖੇਤ ਵਿੱਚ ਵਾਹ ਕੇ ਕਣਕ ਦੀ ਬਿਜਾਈ ਕਰਨ। ਪਰਾਲੀ ਨੂੰ ਅੱਗ ਨਾ ਲਗਾ ਕੇ ਜਮੀਨ ਦੀ ਸਿਹਤ ਅਤੇ ਇਨਸਾਨੀ ਸਿਹਤ ਦਾ ਖਿਆਲ ਰੱਖਦੇ ਹੋਏ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਵਿੱਚ ਸਹਿਯੋਗ ਕਰਨ।