ਅਕਾਲੀ ਦਲ ਦੇ ਦੋਗਲੇ ਕਿਰਦਾਰ ਕਾਰਨ ਹੀ ਕਿਸਾਨ ਤੇ ਧਰਮਿਕ ਸੰਸਥਾਵਾਂ ਸੰਘਰਸ਼ ਵੱਲ ਤੁਰੀਆਂ - ਭਾਈ ਰਣਜੀਤ ਸਿੰਘ

03

November

2020

ਮਾਜਰੀ, ਕੁਰਾਲੀ, 3 ਨਵੰਬਰ (ਰਾਜੀਵ ਸਿੰਗਲਾ) ਅਕਾਲੀ ਦਲ ਪਹਿਲਾਂ ਖੇਤੀ ਬਿੱਲ ਦੀ ਹਮਾਇਤ ਕਰਕੇ ਚੈਨਲਾਂ ਤੇ ਕਿਸਾਨਾਂ ਨੂੰ ਮੱਤਾਂ ਦਿੰਦਾ ਰਿਹਾ ਤੇ ਜਦੋਂ ਕਿਸਾਨ ਸਿੱਧੇ ਹੋ ਗਏ ਫਿਰ ਅਸਤੀਫੇ ਦਾ ਮਰਦੀ ਨੇ ਅੱਕ ਚੱਬਿਆ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਲੋਕ ਹਿੱਤ ਮਿਸ਼ਨ ਵੱਲੋਂ ਟੋਲ ਪਲਾਜ਼ਾ ਬੜੌਦੀ ਤੇ ਲਗਾਏ ਕਿਸਾਨ ਧਰਨੇ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅਗਰ ਪ੍ਰਕਾਸ਼ ਸਿੰਘ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆਪਣਾ ਕਬਜ਼ਾ ਨਾ ਕਰਦਾ ਤਾ ਸਾਰੀ ਕੌਮ ਪੰਜ ਪ੍ਰਧਾਨੀ ਸਿਧਾਂਤ ਅਧੀਨ ਰਹਿਣੀ ਸੀ।ਜਿਸਦੇ ਚੱਲਦਿਆਂ ਸਾਨੂੰ ਅੱਜ ਸੜਕਾਂ ਤੇ ਬੈਠਣ ਲਈ ਮਜ਼ਬੂਰ ਨਾ ਹੋਣਾ ਪੈਂਦਾ। ਇਨ੍ਹਾਂ ਕਿਹਾ ਕਿ ਇੱਕ ਪਾਸੇ ਹਰਸਿਮਰਤ ਕੌਰ ਨੇ ਖੇਤੀ ਬਿੱਲ ਦੀ ਹਮਾਇਤ ਵਿੱਚ ਮੋਦੀ ਸਰਕਾਰ ਦਾ ਸਾਥ ਦਿੱਤਾ ਅਤੇ ਅਕਾਲੀ ਦਲ ਦਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਚੈਨਲਾਂ ਤੇ ਹੈਂ ਬੈਠਕੇ ਇਸਨੂੰ ਕਿਸਾਨਾਂ ਲਈ ਲਾਹੇਵੰਦ ਦੱਸਦਾ ਰਿਹਾ। ਜਦੋਂ ਕਿਸਾਨ ਉਸਦੀ ਲਪੇਟ ਚ ਨਾ ਆ ਕੇ ਵਿਰੋਧ ਵਿੱਚ ਡੱਟ ਗਏ ਫਿਰ ਇਨ੍ਹਾਂ ਅਸਤੀਫ਼ੇ ਵਾਲਾ ਡਰਾਮਾ ਰਚ ਲਿਆ। ਇਸੇ ਤਰ੍ਹਾਂ ਦੂਜੇ ਪਾਸੇ ਬਾਦਲ ਦੀ ਰਖੇਲ ਬਣੀ ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹੀ ਗਾਇਬ ਕਰ ਦਿੱਤੇ। ਜਦੋਂ ਸੰਗਤ ਇਨਸਾਫ਼ ਮੰਗਣ ਲਈ ਧਰਨਾ ਲਗਾਕੇ ਬੈਠ ਗਈ ਤਾ ਇਨ੍ਹਾਂ ਗੁੰਡਿਆਂ ਰਾਹੀਂ ਹਮਲਾ ਕਰਵਾਕੇ ਨਰੈਣੂ ਮਹੰਤ ਦੀ ਯਾਦ ਤਾਜ਼ਾ ਕਰਵਾ ਦਿੱਤੀ।ਭਾਈ ਰਣਜੀਤ ਸਿੰਘ ਨੇ ਹਾਜ਼ਰ ਕਿਸਾਨਾਂ ਨੂੰ ਸੁਨੇਹਾ ਦਿੱਤਾ ਕਿ ਤੁਸੀਂ ਇਨ੍ਹਾਂ ਸੰਘਰਸ਼ਾਂ ਤੋਂ ਤਾ ਹੀ ਮੁਕਤ ਹੋ ਸਕਦੇ ਹੋ ਜੇਕਰ ਤੁਸੀਂ ਇਨ੍ਹਾਂ ਰਵਾਇਤੀ ਪਾਰਟੀਆਂ ਤੋਂ ਮੁਕਤ ਹੋ ਕੇ ਨਵੀਂ ਲੀਡਰਸ਼ਿਪ ਪੈਦਾ ਕਰੋਗੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਇੱਕ ਪਾਰਟੀ ਤੋਂ ਅਜ਼ਾਦ ਕਰਵਾਕੇ ਸਿਧਾਂਤ ਤੇ ਪਹਿਰਾ ਦਿਓਗੇ ਤਾ ਤੁਹਾਡੀ ਸ਼ਕਤੀ ਹੀ ਮੰਗਾਂ ਦੀ ਪੂਰਤੀ ਵਿੱਚ ਸਹਾਇਕ ਹੋਵੇਗੀ। ਉਨ੍ਹਾਂ ਇਸ ਕਿਸਾਨੀ ਸੰਘਰਸ਼ ਵਿੱਚ ਪੰਥਕ ਅਕਾਲੀ ਲਹਿਰ ਵੱਲੋਂ ਸਹਿ ਭਰੋਸਾ ਦਿੰਦਿਆਂ ਸ਼੍ਰੋਮਣੀ ਕਮੇਟੀ ਚੋਣਾਂ 'ਚ ਸਹਿਯੋਗ ਦੀ ਅਪੀਲ ਕੀਤੀ ਅਤੇ 7 ਨਵੰਬਰ ਨੂੰ ਸ੍ਰੀ ਅਮ੍ਰਿਤਸਰ ਵਿਖੇ ਲਗਾਏ ਜਾ ਰਹੇ ਧਰਨੇ ਵਿੱਚ ਪੁੱਜਣ ਦੀ ਅਪੀਲ ਕੀਤੀ। ਇਸ ਮੌਕੇ ਭਾਈ ਸੁਖਵਿੰਦਰ ਸਿੰਘ ਰਤਵਾੜਾ, ਬਾਬਾ ਨਛੱਤਰ ਸਿੰਘ ਝਾਮਪੁਰ, ਬਾਬਾ ਭੁਪਿੰਦਰ ਸਿੰਘ ਮਾਜਰਾ, ਸਵਰਨ ਸਿੰਘ ਢੰਗਰਾਲੀ, ਹਰਜੀਤ ਸਿੰਘ ਹਰਮਨ, ਗੁਰਮੀਤ ਸਿੰਘ ਸ਼ਾਂਟੂ, ਰਵਿੰਦਰ ਸਿੰਘ ਵਜੀਦਪੁਰ, ਮਨਦੀਪ ਸਿੰਘ ਖਿਜਰਾਬਾਦ, ਲਖਵੀਰ ਸਿੰਘ ਜੰਟੀ, ਜੱਗੀ ਕਾਦੀਮਾਜਰਾ, ਰਵਿੰਦਰ ਸਿੰਘ ਬੈਂਸ, ਦਲਵਿੰਦਰ ਸਿੰਘ, ਹਰਜੀਤ ਸਿੰਘ ਢਕੋਰਾਂ, ਹਰਨੇਕ ਸਿੰਘ ਮਾਵੀ ਤੇ ਮਨਿੰਦਰ ਸਿੰਘ ਪੰਜੋਲਾ ਆਦਿ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ।