ਪਰਾਲੀ ਨੂੰ ਅੱਗ ਲਗਾਉਣਾ ਕਿਸਾਨਾਂ ਦਾ ਸ਼ੌਕ ਨਹੀਂ ਸਗੋਂ ਮਜਬੂਰੀ ਹੈ : ਲਾਂਗੜੀਆਂ

03

November

2020

ਅਮਰਗਡ਼੍ਹ,03 ਨਵੰਬਰ (ਹਰੀਸ਼ ਅਬਰੋਲ) ਮਹਿੰਗੀਆਂ ਖਾਦਾਂ, ਡੀਜ਼ਲ ਤੇ ਸਪਰੇਆਂ ਦੇ ਬੋਝ ਕਾਰਨ ਕਿਸਾਨੀੰ ਤਾਂ ਪਹਿਲਾਂ ਹੀ ਆਖ਼ਰੀ ਸਾਹਾਂ ਤੇ ਚੱਲ ਰਹੀ ਸੀ ਉੱਪਰੋਂ ਖੇਤੀ ਵਿਰੋਧੀ ਬਿਲ ਤੇ ਪਰਾਲੀ ਸਾੜਨ ਤੇ 5 ਕਰੋੜ ਰੁਪਏ ਤੱਕ ਦੇ ਜੁਰਮਾਨੇ ਲਗਾ ਕੇ ਮੋਦੀ ਸਰਕਾਰ ਕਿਸਾਨਾਂ ਦੇ ਗਲੇ ਘੁੱਟਣ ਤੇ ਲੱਗੀ ਹੈ, ਪਰ ਪੰਜਾਬ ਦੇ ਕਿਸਾਨ ਆਪਣੀਆਂ ਜਮੀਨਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਹਰਗਿਜ਼ ਵੀ ਨਹੀਂ ਜਾਣ ਦੇਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਲਾਂਗੜੀਆਂ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਨਵਾਂ ਆਰਡੀਨੈਂਸ ਦੇਸ਼ ਦੇ ਕਿਸਾਨਾਂ ਲਈ ਕਿਸੇ ਨਾਦਰਸ਼ਾਹੀ ਫੁਰਮਾਨ ਤੋਂ ਘੱਟ ਨਹੀਂ ਹੈ, ਪਰ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣਾ ਕਿਸਾਨਾਂ ਦਾ ਕੋਈ ਸ਼ੌਕ ਨਹੀਂ ਸਗੋਂ ਮਜਬੂਰੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਹਾਸੋਹੀਣੀਆਂ ਗੱਲਾਂ ਕਰ ਕੇ ਕੇਂਦਰ ਸਰਕਾਰ ਪੰਜਾਬ ਦੀ ਧਰਤੀ ਤੋਂ ਉੱਠੇ ਕਿਸਾਨੀ ਸੰਘਰਸ਼ ਨੂੰ ਦਬਾਉਣਾ ਚਾਹੁੰਦੀ ਹੈ ਪਰ ਇਤਿਹਾਸ ਗਵਾਹ ਹੈ ਕਿ ਦੇਸ਼ ਦੀ ਆਜ਼ਾਦੀ ਵਿੱਚ ਵੀ ਪੰਜਾਬੀਆਂ ਨੇ ਹੀ ਅਹਿਮ ਰੋਲ ਨਿਭਾਇਆ ਸੀ ਅਤੇ ਹੁਣ ਵੀ ਪੰਜਾਬੀ ਦੇਸ਼ ਦੀ ਮਿੱਟੀ ਨੂੰ ਖੇਤੀ ਵਿਰੋਧੀ ਕਾਨੂੰਨਾਂ ਤੋਂ ਮੁਕਤ ਕਰਾ ਕੇ ਹੀ ਸਾਹ ਲੈਣਗੇ।