ਸਿਵਲ ਸਰਜਨ ਲੁਧਿਆਣਾ ਵੱਲੋਂ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

03

November

2020

ਲੁਧਿਆਣਾ, 3 ਨਵੰਬਰ (ਜੱਗੀ) - ਸੂਚਨਾ ਅਤੇ ਪ੍ਰਸਾਰਨ ਮੰਤਰਾਲਾ ਭਾਰਤ ਸਰਕਾਰ ਵੱਲੋਂ ਕੋਵਿਡ-19 ਤੋਂ ਬਚਾਅ ਲਈ ਪੰਜ ਦਿਨਾ ਜਾਗਰੂਕਤਾ ਮੁਹਿੰਮ ਸਬੰਧੀ ਵੈਨ ਨੂੰ ਸਿਵਲ ਸਰਜਨ ਲੁਧਿਆਣਾ ਡਾ. ਰਾਜੇਸ਼ ਬੱਗਾ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਲੁਧਿਆਣਾ ਨੇ ਦੱਸਿਆ ਕਿ ਭਾਰਤ ਸਰਕਾਰ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ਼ਇਹ ਵੈਨ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਭੀੜ ਭਾੜ ਵਾਲੇ ਇਲਾਕੇ ਜਿਵੇਂ ਫ਼ੀਲਡ ਗੰਜ, ਬਾਬਾ ਥਾਨ ਸਿੰਘ ਚੌਕ ਅਤੇ ਚੌੜਾ ਬਾਜ਼ਾਰ ਆਦਿ ਵਿਖੇ ਕੋਵਿਡ-19 ਤੋਂ ਬਚਾਅ ਸਬੰਧੀ ਆਮ ਲੋਕਾਂ ਵਿਚ ਨਿਯਮਾਂ ਦੀ ਪਾਲਣਾ ਸਬੰਧੀ ਜਾਗਰੂਕ ਕਰੇਗੀ । ਇਸ ਮੌਕੇ ਭਾਰਤ ਸਰਕਾਰ ਤੋਂ ਆਏ ਹੋਏ ਨੁਮਾਇਂਦੇ ਵੱਲੋਂ ਦੱਸਿਆ ਗਿਆ ਕਿ ਇਹ ਵੈਨ ਅਗਲੇ ਪੰਜ ਦਿਨ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਜਾ ਕੇ ਲੋਕਾਂ ਨੂੰ ਕੋਵਿਡ ਤੋਂ ਬਚਾਅ ਦੀ ਜਾਣਕਾਰੀ ਦੇਵੇਗੀ ਅਤੇ ਸਿਵਲ ਸਰਜਨ ਲੁਧਿਆਣਾ ਵੱਲੋਂ ਦੱਸੇ ਗਏ ਹਾਈ ਰਿਸਕ ਏਰੀਆ ਅਤੇ ਕੰਟੇਨਮੈਂਟ ਜ਼ੋਨ ਵਿਚ ਵੀ ਇਹ ਵੈਨ ਲੋਕਾਂ ਨੂੰ ਜਾਗਰੂਕ ਕਰੇਗੀ । ਡਾ.ਰਾਜੇਸ਼ ਬੱਗਾ ਨੇ ਦੱਸਿਆ ਕਿ ਤਿਊਹਾਰਾਂ ਦੇ ਮੱਦੇਨਜ਼ਰ ਘਰਾਂ ਤੋਂ ਬਾਹਰ ਨਿਕਲਦੇ ਲੋਕਾਂ ਕਾਰਨ ਸ਼ਹਿਰ ਦੇ ਬਜ਼ਾਰਾਂ ਵਿਚ ਭੀੜ ਭਾੜ ਦੀ ਸਥਿਤੀ ਬਣ ਰਹੀ ਹੈ, ਜਿਸ ਕਾਰਨ ਕੋਰੋਨਾ ਸਬੰਧੀ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਇਸ ਵੈਨ ਰਾਹੀਂ ਆਮ ਲੋਕਾਂ ਨੂੰ ਸਿਹਤ ਵਿਭਾਗ ਦੀ ਮਾਸ ਮੀਡੀਆ ਟੀਮ ਵੱਲ਼ੋਂ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਕੋਵਿਡ ਦੀ ਬਿਮਾਰੀ ਦੇ ਫ਼ੈਲਾਅ 'ਤੇ ਕਾਬੂ ਪਾਇਆ ਜਾ ਸਕੇ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਉਂਦੇ ਤਿਊਹਾਰਾਂ ਨੂੰ ਆਪਣੇ -ਆਪਣੇ ਘਰਾਂ ਵਿਚ ਹੀ ਮਨਾਉਣ, ਜਰੂਰੀ ਹਾਲਾਤ ਵਿਚ ਹੀ ਘਰੋਂ ਬਾਹਰ ਨਿਕਲਣ, ਮਾਸਕ ਜਰੂਰ ਪਹਿਨਣ ਅਤੇ ਸਮੇਂ ਸਮੇਂ ਤੇ ਆਪਣੇ ਹੱਥ ਵੀ ਧੋਣ। ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਐਸ.ਪੀ. ਸਿੰਘ, ਜਿਲ੍ਹਾ ਸਿਹਤ ਅਫ਼ਸਰ ਡਾ. ਰਾਜੇਸ਼ ਗਰਗ, ਮਾਸ ਮੀਡੀਆ ਅਫ਼ਸਰ ਡਾ. ਹਰਜਿੰਦਰ ਸਿੰਘ ਤੇ ਹੋਰ ਵੀ ਹਾਜ਼ਰ ਸਨ।