ਪੁਲਵਾਮਾ ਹਮਲੇ ਦਾ ਸੱਚ ਪਾਕਿਸਤਾਨੀ ਸੰਸਦ ਵਿੱਚ ਕਬੂਲ ਕੀਤਾ ਗਿਆ: ਮੋਦੀ

31

October

2020

ਕੇਵਡੀਆ, 31 ਅਕਤੂਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਪਿਛਲੇ ਸਾਲ ਪੁਲਵਾਮਾ ਵਿੱਚ ਹੋਏ ਅਤਿਵਾਦੀ ਹਮਲੇ ਦੀ ਸੱਚਾਈ ਨੂੰ ਪਾਕਿਸਤਾਨ ਦੀ ਸੰਸਦ ਵਿੱਚ ਪ੍ਰਵਾਨ ਕਰ ਲਿਆ ਗਿਆ। ਇਸ ਹਮਲੇ ਵਿਚ ਕੇਂਦਰੀ ਰਿਜ਼ਰਵ ਪੁਲੀਸ ਬਲ (ਸੀਆਰਪੀਐੱਫ) ਦੇ 40 ਜਵਾਨ ਮਾਰੇ ਗਏ ਸਨ। ਪ੍ਰਧਾਨ ਮੰਤਰੀ ਨੇ ਇਹ ਗੱਲ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਬੱਲਭਭਾਈ ਪਟੇਲ ਦੀ 145ਵੀਂ ਜਯੰਤੀ ’ਤੇ' ਸਟੈਚੂ ਆਫ ਯੂਨਿਟੀ 'ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਇਥੇ ਇਕੱਠ ਨੂੰ ਸੰਬੋਧਨ ਕਰਦਿਆਂ ਕਹੀ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਜਦੋਂ ਪੁਲਵਾਮਾ ਹਮਲੇ ਤੋਂ ਬਾਅਦ ਪੂਰਾ ਦੇਸ਼ ਗੁੱਸੇ ਵਿੱਚ ਸੀ ਤਾਂ ਉਦੋਂ ਕੁਝ ਲੋਕ ‘ਸਵਾਰਥ ਅਤੇ ਹੰਕਾਰ ਨਾਲ ਭਰੀਆਂ ਭੱਦੀ ਰਾਜਨੀਤੀ’ ਕਰ ਰਹੇ ਸਨ। ਸ੍ਰੀ ਮੋਦੀ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਕੁਝ ਦਿਨ ਪਹਿਲਾਂ ਹੀ ਪਾਕਿਸਤਾਨ ਦੇ ਵਿਗਿਆਨ ਅਤੇ ਟੈਕਨਾਲੋਜੀ ਮੰਤਰੀ ਫਵਾਦ ਚੌਧਰੀ ਨੇ ਪਾਕਿਸਤਾਨ ਦੀ ਸੰਸਦ ਵਿੱਚ ਮੰਨਿਆ ਸੀ ਕਿ ਉਸ ਦਾ ਦੇਸ਼ 2019 ਵਿੱਚ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਲਈ ਜ਼ਿੰਮੇਵਾਰ ਹੈ। ਇਸ ਹਮਲੇ ਤੋਂ ਬਾਅਦ ਦੋਵੇਂ ਦੇਸ਼ ਜੰਗ ਦੇ ਨੇੜੇ ਢੁਕ ਗਏ ਸਨ।