ਪਟਿਆਲਾ ਵਿੱਚ ‘ਆਪ’ ਦੇ ਤੀਲੇ ਖਿਲਰੇ

15

October

2018

ਪਟਿਆਲਾ, ਆਮ ਆਦਮੀ ਪਾਰਟੀ ਦੇ ਸੂਬਾ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਅਤੇ ਸੂਬਾ ਮੀਤ ਪ੍ਰਧਾਨ ਰਹੇ ਕਰਨਵੀਰ ਸਿੰਘ ਟਿਵਾਣਾ ਪਟਿਆਲਾ ਵਾਸੀ ਹੋਣ ਦੇ ਬਾਵਜੂਦ ਪਟਿਆਲਾ ਵਿੱਚ ਪਾਰਟੀ ਇੱਕਮੁੱਠ ਨਹੀਂ ਹੋ ਸਕੀ। ਜਾਣਕਾਰੀ ਅਨੁਸਾਰ ਪਟਿਆਲਾ ਵਿੱਚ ਅਧਿਆਪਕਾਂ ਦੇ ਲੱਗੇ ਮੋਰਚੇ ਨੂੰ ਪਹਿਲਾਂ ਸਮਰਥਨ ਦੇਣ ਲਈ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਸੰਸਦ ਮੈਂਬਰ ਭਗਵੰਤ ਮਾਨ, ਸਰਬਜੀਤ ਕੌਰ ਮਾਣੂੰਕੇ ਤੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਪੁੱਜੇ ਸਨ, ਉਸ ਵੇਲੇ ਅਧਿਆਪਕਾਂ ਨੇ ਇਨ੍ਹਾਂ ਆਗੂਆਂ ਦਾ ਸਮਰਥਨ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਉਦੋਂ ਭਗਵੰਤ ਮਾਨ ਡਾ. ਬਲਬੀਰ ਸਿੰਘ ਦੇ ਘਰ ਪੱਤਰਕਾਰਾਂ ਨਾਲ ਗੱਲ ਕਰਕੇ ਪਾਰਟੀ ਨੂੰ ਇੱਕਮੁੱਠ ਕਰਨ ਦਾ ਬਿਆਨ ਦੇ ਕੇ ਚਲੇ ਗਏ ਸਨ। ਉਸ ਵੇਲੇ ਇਨ੍ਹਾਂ ਨਾਲ ਪਾਰਟੀ ਦੇ ਜ਼ਿਲ੍ਹੇ ਨਾਲ ਸਬੰਧਿਤ ਆਗੂਆਂ ਵਿੱਚੋਂ ਨਾਭਾ ਤੋਂ ਹਲਕੇ ਦੇ ਮੁਖੀ ਗੁਰਦੇਵ ਸਿੰਘ ਦੇਵ ਮਾਨ ਵੀ ਨਾਲ ਨਹੀਂ ਸਨ। ਜੋ ਆਗੂ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਕੇ ਗਏ ਸਨ ਪਰ ਉਹ ਪਾਰਟੀ ਵਿੱਚ ਹਨ, ਉਨ੍ਹਾਂ ਵਿੱਚੋਂ ਸੂਬਾ ਮੀਤ ਪ੍ਰਧਾਨ ਰਹੇ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੇ ਖ਼ਾਸ ਕਰਨਵੀਰ ਸਿੰਘ ਟਿਵਾਣਾ, ਜ਼ਿਲ੍ਹਾ ਪ੍ਰਧਾਨ ਰਹੇ ਗਿਆਨ ਸਿੰਘ ਮੁੰਗੋ, ਸਮਾਣਾ ਤੋਂ ਹਲਕਾ ਇੰਚਾਰਜ ਰਹੇ ਜਗਤਾਰ ਸਿੰਘ ਰਾਜਲਾ, ਹਲਕਾ ਸਨੌਰ ਤੋਂ ਹਲਕਾ ਇੰਚਾਰਜ ਰਹੇ ਬੀਬੀ ਕੁਲਦੀਪ ਕੌਰ ਟੌਹੜਾ ਆਦਿ ਗ਼ਾਇਬ ਸਨ। ਇਸ ਸਬੰਧੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਆਗੂ ਤਾਂ ਪਾਰਟੀ ਹੀ ਛੱਡ ਗਏ ਹਨ ਤਾਂ ਇਨ੍ਹਾਂ ’ਤੇ ਪਾਰਟੀ ਲਈ ਕੰਮ ਕਰਨ ਦਾ ਵਿਸ਼ਵਾਸ ਕਰਨਾ ਗ਼ਲਤ ਹੈ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਲੋਕ ਆਪਣੀਆਂ ਗ਼ਲਤੀਆਂ ਦੀ ਮੁਆਫ਼ੀ ਮੰਗਣ ਤੇ ਪਾਰਟੀ ਵਿੱਚ ਆ ਕੇ ਕੰਮ ਕਰਨ ਨਾ ਕਿ ਬਾਹਰ ਰਹਿ ਕੇ ਕੰਮ ਕਰਨ ਦੇ ਸੋਹਲੇ ਗਾਉਣ। ਅਧਿਆਪਕਾਂ ਵੱਲੋਂ ਸਮਰਥਨ ਨਾ ਲੈਣ ਦੇ ਬਾਵਜੂਦ ਡਾ. ਬਲਬੀਰ ਸਿੰਘ ਨੇ ਅਧਿਆਪਕਾਂ ਨੂੰ ਇਨਸਾਫ਼ ਦਿਵਾਉਣ ਲਈ ਪਟਿਆਲਾ ਦੇ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ ਹੈ। ਇਸੇ ਤਰ੍ਹਾਂ ਪਾਰਟੀ ਤੋਂ ਬਾਗ਼ੀ ਹੋਕੇ ਚੱਲ ਰਹੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਹੇ ਸੁਖਪਾਲ ਸਿੰਘ ਖਹਿਰਾ ਵੀ ਜਦੋਂ ਅਧਿਆਪਕਾਂ ਦੇ ਮੋਰਚੇ ਵਿੱਚ ਸ਼ਾਮਲ ਹੋਣ ਲਈ ਆਏ ਤਾਂ ਉਸ ਵੇਲੇ ਵੀ ਪਾਰਟੀ ਦੀ ਲੀਡਰਸ਼ਿਪ ਗ਼ਾਇਬ ਹੀ ਰਹੀ। ਅਧਿਆਪਕਾਂ ਨੇ ਸੁਖਪਾਲ ਸਿੰਘ ਖਹਿਰਾ ਨਾਲ ਖੁੱਲ੍ਹ ਕੇ ਗੱਲਾਂ ਕੀਤੀਆਂ। ਇਸ ਸਬੰਧੀ ਸੂਬਾ ਮੀਤ ਪ੍ਰਧਾਨ ਰਹੇ ਕਰਨਵੀਰ ਸਿੰਘ ਟਿਵਾਣਾ ਨੇ ਕਿਹਾ ਕਿ ਪੰਜਾਬ ਵਿੱਚ ਪਾਰਟੀ ਦੇ ਵਲੰਟੀਅਰ ਜਾਣਦੇ ਹਨ ਕਿ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਲਈ ਡਾ. ਬਲਬੀਰ ਸਿੰਘ ਨੇ ਵੱਡਾ ਕੰਮ ਕੀਤਾ, ਉਹ ਬਤੌਰ ਵਾਲੰਟੀਅਰ ਕੰਮ ਕਰ ਰਹੇ ਹਨ ਤੇ ਉਨ੍ਹਾਂ ਨੂੰ ਡਾ. ਬਲਬੀਰ ਸਿੰਘ ਕੋਲੋਂ ਮੁਆਫ਼ੀ ਮੰਗਣ ਜਾਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਅਧਿਆਪਕਾਂ ਨੇ ਸੁਖਪਾਲ ਸਿੰਘ ਖਹਿਰਾ ਤੋਂ ਸਮਰਥਨ ਲਿਆ ਤਾਂ ਉਨ੍ਹਾਂ ਨੂੰ ਸੰਸਦ ਮੈਂਬਰ ਭਗਵੰਤ ਮਾਨ ਦਾ ਵੀ ਸਤਿਕਾਰ ਕਰਨਾ ਬਣਦਾ ਸੀ।