ਅੰਦਰ ਬਾਹਰ ਫੈਲਿਆ ਪ੍ਰਦੂਸ਼ਣ

29

October

2020

ਗੁਰਬਾਜ ਸਿੰਘ ਹਰ ਸਾਲ ਹਾੜੀ ਸਾਉਣੀ ਦੀ ਫ਼ਸਲ ਕੱਟਣ ਤੇ ਦੀਵਾਲੀ ਦੁਸਹਿਰੇ ਤੋਂ ਪਹਿਲਾਂ ਆਪਣੇ ਇਲਾਕੇ ਦੇ ਪਿੰਡਾਂ ਵਿੱਚ ਜਾ ਕੇ ਵਾਤਾਵਰਣ ਬਚਾਉਣ ਦਾ ਹੋਕਾ ਦਿੰਦਾ।ਇਸ ਦੇ ਲਈ ਉਹ ਸੈਮੀਨਾਰ,ਨਾਟਕ,ਭਾਸ਼ਣ ਕਰਵਾ ਕੇ ਲੋਕਾਂ ਨੂੰ ਫੈਲ ਰਹੇ ਪ੍ਰਦੂਸ਼ਣ ਬਾਰੇ ਜਾਣਕਾਰੀ ਦੇ ਵਾਤਾਵਰਣ ਦੀ ਸਾਂਭ-ਸੰਭਾਲ ਲਈ ਅੱਗੇ ਆਉਣ ਵਾਸਤੇ ਬੇਨਤੀ ਕਰਦਾ।ਇਸ ਤੋਂ ਇਲਾਵਾ ਪਰਾਲੀ ਨਾ ਸਾੜਨ,ਪਟਾਕੇ ਨਾ ਚਲਾਉਣ,ਪਲਾਸਟਿਕ ਦੀ ਵਰਤੋਂ ਘੱਟ ਕਰਨ ਆਦਿ ਸਬੰਧੀ ਪਰਚੇ ਛਪਾ ਕੇ ਲੋਕਾਂ ਨੂੰ ਵੰਡਦਾ। ਗੁਰਬਾਜ ਸਿੰਘ ਵੱਧ ਰਹੇ ਪ੍ਰਦੂਸ਼ਣ ਕਾਰਨ ਵਾਤਾਵਰਨ ਵਿੱਚ ਹੋ ਰਹੇ ਬਦਲਾਅ ਤੋਂ ਚੰਗੀ ਤਰ੍ਹਾਂ ਜਾਣੂ ਸੀ,ਜਾਣੂ ਵੀ ਕਿਉਂ ਨਾ ਹੁੰਦਾ ਉਹ ਸੇਵਾ ਮੁਕਤ ਸਾਇੰਸ ਅਧਿਆਪਕ ਜੋ ਸੀ।ਉਸਨੂੰ ਪਤਾ ਸੀ ਕਿ ਮਨੁੱਖ ਦੀਆਂ ਗਲਤੀਆਂ ਤੇ ਮਜਬੂਰੀਆਂ ਕਾਰਨ ਹੀ ਵਾਤਾਵਰਣ ਵਿੱਚ ਵੱਖ-ਵੱਖ ਤਰ੍ਹਾਂ ਦਾ ਪ੍ਰਦੂਸ਼ਣ ਫੈਲ ਰਿਹਾ ਹੈ,ਜਿਸ ਨਾਲ ਕੁਦਰਤ ਤੇ ਮਨੁੱਖ ਵਿੱਚ ਫਾਸਲਾ ਦਿਨੋਂ ਦਿਨ ਵੱਧਦਾ ਜਾ ਰਿਹਾ ਏ।ਪ੍ਰਦੂਸ਼ਣ ਕਾਰਨ ਹੀ ਅੱਜ ਹਰ ਘਰ ਵਿੱਚ ਭਿਆਨਕ ਬਿਮਾਰੀਆਂ ਨੇ ਡੇਰਾ ਲਾਇਆ ਹੋਇਆ ਹੈ ਪਰ ਮਨੁੱਖ ਇਸ ਗੱਲ ਨੂੰ ਮੰਨਣ ਤੇ ਸਮਝਣ ਲਈ ਤਿਆਰ ਨਹੀਂ ਹੈ। ਅੱਜ ਵੀ ਗੁਰਬਾਜ ਸਿੰਘ ਗੁਆਂਢੀ ਪਿੰਡ ਵਿੱਚ ਵਾਤਾਵਰਣ ਬਚਾਉਣ ਸਬੰਧੀ ਛੋਟਾ ਜਿਹਾ ਪ੍ਰੋਗਰਾਮ ਕਰਵਾ ਕੇ ਵਾਪਸ ਆ ਰਿਹਾ ਸੀ।ਦੀਵਾਲੀ ਦਾ ਦਿਨ ਹੋਣ ਕਰਕੇ ਸਮਾਗਮ ਦੋ ਘੰਟਿਆ ਦਾ ਹੀ ਰੱਖਿਆ ਗਿਆ।ਪਰ ਵਾਪਸ ਆ ਰਿਹਾ ਗੁਰਬਾਜ ਸਿੰਘ ਦੁਪਹਿਰ ਸਮੇਂ ਹੀ ਚੱਲ ਰਹੇ ਪਟਾਕੇ ਤੇ ਪੈਦਾ ਹੋ ਰਹੇ ਪ੍ਰਦੂਸ਼ਣ ਨੂੰ ਦੇਖ ਕੇ ਬੇਹੱਦ ਪ੍ਰੇਸ਼ਾਨ ਸੀ ਉਹ ਮਨ ਹੀ ਮਨ ਲੋਕਾਂ ਨੂੰ ਬੁਰਾ ਭੱਲਾ ਕਹਿ ਰਿਹਾ ਸੀ। ਅਸਮਾਨ ਵਿੱਚ ਫੈਲੇ ਧੂੰਏਂ ਵੱਲ ਦੇਖਦਿਆ ਗੁਰਬਾਜ ਸਿੰਘ ਆਪਣੇ ਬੇਟੇ ਵੀਰੂ ਦੀਆਂ ਯਾਦਾਂ ਵਿੱਚ ਗੁਆਚ ਗਿਆ।ਪਿਛਲੇ ਸਾਲ ਦੀਵਾਲੀ ਤੋਂ ਕੁੱਝ ਦਿਨ ਬਾਅਦ ਹੀ ਉਸ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ।ਮੌਤ ਦਾ ਕਾਰਨ ਵੀ ਧੂੰਆਂ ਹੀ ਸੀ ਉਹ ਧੂੰਆਂ ਜੋ ਮਜਬੂਰੀ ਵੱਸ ਕਿਸੇ ਕਿਸਾਨ ਨੇ ਆਪਣੇ ਖੇਤ ਦੀ ਰਹਿੰਦ ਖੂੰਹਦ ਨੂੰ ਅੱਗ ਲਾ ਕੇ ਪੈਦਾ ਕੀਤਾ ਸੀ। ਵੀਰੂ ਦੀਆਂ ਯਾਦਾਂ ਵਿੱਚ ਗੁਆਚਿਆ ਗੁਰਬਾਜ ਸਿੰਘ ਜਦ ਘਰ ਪਹੁੰਚਿਆ ਤਾਂ ਉਸਨੂੰ ਆਪਣੇ ਵੱਡੇ ਮੁੰਡੇ ਦੇ ਘਰ ਵਿੱਚ ਚੱਲ ਰਹੇ ਪਟਾਕਿਆਂ ਦੀ ਆਵਾਜ਼ ਸੁਣਕੇ ਤੇ ਉੱਠ ਰਹੇ ਧੂੰਏਂ ਨੂੰ ਦੇਖ ਬਹੁਤ ਗੁੱਸਾ ਆਇਆ। "ਮੀਤੋ ਇੰਨਾ ਕੰਜਰਾਂ ਨੂੰ ਸ਼ਰਮ ਨਹੀਂ ਆਉਂਦੀ ਅਜੇ ਵੀਰੂ ਨੂੰ ਮਰੇ ਨੂੰ ਇੱਕ ਸਾਲ ਵੀ ਨਹੀਂ ਹੋਇਆ ਤੇ ਇਹ ਖੁਸ਼ੀਆ ਮਨਾ ਰਹੇ ਨੇ,ਹੋਰ ਨਹੀਂ ਲੋਕਾਂ ਦੀ ਹੀ ਸ਼ਰਮ ਕਰ ਲੈਣ,ਦੇਖਣ ਵਾਲਾ ਕੀ ਕਹਿੰਦਾ ਹੋਣਾ ਇਹਨਾਂ ਨੂੰ ਚਾਅ ਚੜ੍ਹਿਆ,ਭਰਾ ਅਜੇ ਕੱਲ੍ਹ ਮਰਿਆ,"ਗੁਰਬਾਜ ਨੇ ਕਮਰੇ ਵਿੱਚ ਦਾਖਲ ਹੁੰਦਿਆ ਹੀ ਆਪਣੀ ਪਤਨੀ ਮੀਤੋ ਨੂੰ ਗੁੱਸੇ ਵਿੱਚ ਕਿਹਾ। "ਕੀ ਹੋਇਆ,ਕੀ ਗੱਲ ਏ ? ਆਉਂਦੇ ਹੀ ਭਾਂਬੜ ਵਾਂਗ ਮੱਚ ਉੱਠੇ ਹੋ,ਬੋਲਣ ਤੋਂ ਪਹਿਲਾਂ ਸੋਚ ਲਿਆ ਕਰੋ।ਨਿਆਣੇ ਚਲਾ ਰਹੇ ਨੇ ਪਟਾਕੇ,ਉਹਨਾਂ ਨੂੰ ਕੌਣ ਸਮਝਾਵੇ ਨਾਲੇ ਵੀਰੂ ਦੇ ਜਵਾਕ ਵੀ ਉਧਰ ਹੀ ਨੇ ਉਹ ਵੀ ਸਵੇਰ ਦੀਆਂ ਲੱਗੀਆਂ ਸੀ ਪਟਾਕੇ ਲੈਣੇ ਪਟਾਕੇ ਲੈਣੇ ਕਰਨ,"ਮੀਤੋ ਵੀ ਅੱਗੋਂ ਰਸੋਈ ਚੋ ਨਿਕਲ ਗੁਰਬਾਜ ਨੂੰ ਟੁੱਟ ਕੇ ਪੈ ਗਈ। ਮੀਤੋ ਨੂੰ ਗੁੱਸੇ ਵਿੱਚ ਦੇਖ ਗੁਰਬਾਜ ਠੰਡਾ ਹੋ ਗਿਆ ਤੇ ਪਿਆਰ ਨਾਲ ਕਹਿਣ ਲੱਗਿਆ,"ਉਹ ਤਾਂ ਜਵਾਕ ਨੇ ਮੀਤੋ ਪਰ ਤੁਸੀਂ ਤਾਂ ਸਿਆਣੇ ਹੋ,ਤੁਸੀਂ ਸਮਝਾ ਦਿੰਦੇ ਉਹਨਾਂ ਨੂੰ ਨਾਲੇ ਆਂਢ ਗੁਆਂਢ ਕੀ ਸੋਚਦਾ ਹੋਣਾ? ਨਾਲੇ ਕਿੰਨਾ ਪ੍ਰਦੂਸ਼ਣ ਪੈਦਾ ਹੋ ਰਿਹਾ ਏ, ਲੋਕੀ ਕਹਿਣਗੇ ਉਂਝ ਤਾਂ ਮਾਸਟਰ ਪਿੰਡ ਪਿੰਡ ਜਾ ਕੇ ਵਾਤਾਵਰਣ ਬਚਾਉਣ ਦਾ ਹੋਕਾ ਦਿੰਦਾ ਪਰ ਉਹਦੇ ਆਪਣੇ ਘਰ ਦੇ ਕਹਿਣੇ ਵਿੱਚ ਨਹੀਂ।" "ਕੁੱਝ ਨਹੀਂ ਹੁੰਦਾ ਦੋ ਮਿੰਟਾਂ ਨਾਲ ਵਾਤਾਵਰਣ ਨੂੰ,ਨਾਲੇ ਇਹ ਪ੍ਰਦੂਸ਼ਣ ਤਾਂ ਰੱਬ ਨੇ ਹੋਰ ਚਹੁੰ ਦਿਨਾਂ ਤੱਕ ਮੀਂਹ ਪਾ ਕੇ ਖੁਦ ਸਾਫ਼ ਕਰ ਦੇਣਾ ਪਰ ਉਸ ਪ੍ਰਦੂਸ਼ਣ ਦਾ ਕੀ ਜੋ ਲੋਕਾਂ ਦੇ ਮਨਾਂ ਅੰਦਰ ਭਰਿਆ ਪਿਆ ਏ ਜਿਸ ਨੇ ਮਰਦਾ ਦੀ ਸੋਚ ਹੀ ਗੰਧਲੀ ਕਰ ਰੱਖੀ ਏ ਕਦੇ ਉਸ ਦੇ ਹੱਲ ਲਈ ਵੀ ਸੋਚ ਲਵੋ।" ਮੀਤੋ ਦੀ ਗੱਲ ਨੇ ਗੁਰਬਾਜ ਨੂੰ ਦੁਚਿੱਤੀ ਤੇ ਪ੍ਰੇਸ਼ਾਨੀ ਵਿੱਚ ਪਾ ਦਿੱਤਾ ਉਸਨੂੰ ਸਮਝ ਨਾ ਲੱਗੀ ਉਹ ਕਿਹੜੇ ਪ੍ਰਦੂਸ਼ਣ ਦੀ ਗੱਲ ਕਰ ਰਹੀ ਏ। "ਭਗਵਾਨੇ ਮੈਂ ਕੁੱਝ ਸਮਝਿਆ ਨਹੀਂ ਤੂੰ ਕੀ ਆਖ ਰਹੀ ਏ ਜੋ ਵੀ ਗੱਲ ਏ ਸਿੱਧੀ-ਸਿੱਧੀ ਦੱਸ ,"ਗੁਰਬਾਜ ਨੇ ਕਿਹਾ। ਮੀਤੋ ਨੇ ਅੰਦਰ ਵੱਲ ਦੇਖ ਆਖਿਆ,"ਜੇ ਤੁਸੀਂ ਘਰੇ ਰਹੋ ਤਾਂ ਕੁੱਝ ਦੱਸਾ।ਸਾਰਾ ਦਿਨ ਕੁਦਰਤ,ਵਾਤਾਵਰਨ,ਪ੍ਰਦੂਸ਼ਣ ਨੂੰ ਚੁੱਕ ਕੇ ਤੁਰੇ ਫਿਰਦੇ ਰਹਿਣੇ ਹੋ ਕਦੇ ਘਰ ਵੱਲ ਵੀ ਧਿਆਨ ਦੇ ਲਵੋ।ਲੋਕਾਂ ਦਾ ਆਪਣਾ ਵੀ ਦਿਮਾਗ ਕੰਮ ਕਰਦਾ ਜੇ ਉਹਨਾਂ ਨੂੰ ਆਪਣਾ ਤੇ ਆਉਣ ਵਾਲੀ ਨਸਲ ਦਾ ਫਿਕਰ ਹੋਵੇ ਤਾਂ ਉਹ ਕਰਨ ਵਾਤਾਵਰਨ ਦੀ ਸਾਂਭ ਸੰਭਾਲ ਪਰ ਨਹੀਂ ਉਹਨਾਂ ਨੂੰ ਤਾਂ ਚੰਦ ਦਿਨ ਦਾ ਐਸ਼ ਆਰਾਮ ਚਾਹੀਦਾ ਏ ਇਸ ਲਈ ਚਾਹੇ ਕੁਦਰਤ ਨਾਲ ਖਿਲਵਾੜ ਕਰਨਾ ਪਵੇ ਚਾਹੇ ਮਨੁੱਖ ਨਾਲ। "ਮੀਤੋ ਲੋਕਾਂ ਨੂੰ ਇਸ ਲਈ ਸਮਝਾਉਣਾ ਵੀ ਜਰੂਰੀ ਏ ਜੇ ਉਹਨਾਂ ਨੂੰ ਸਮਝ ਆਏਗਾ ਤਾਂ ਉਹ ਕੁਦਰਤ ਨੂੰ ਪਿਆਰ ਕਰਨਗੇ ਤੇ ਵਾਤਾਵਰਣ ਦੀ ਸੰਭਾਲ ਲਈ ਅੱਗੇ ਆਉਣਗੇ ਪਰ ਤੂੰ ਇਹਨੂੰ ਛੱਡ ਜੋ ਗੱਲ ਕਹਿਣੀ ਏ ਉਹ ਆਖ,"ਗੁਰਬਾਜ ਨੇ ਦੁਬਾਰਾ ਫਿਰ ਗੱਲ ਦੱਸਣ ਲਈ ਕਿਹਾ। "ਜੇ ਗੱਲ ਇੱਕ ਦਿਨ ਦੀ ਹੋਵੇ ਤਾਂ ਦੱਸਾਂ,ਕਦੇ ਨੂੰਹ ਰਾਣੀ ਕੋਲ ਬੈਠ ਕੇ ਉਹਦੇ ਵੀ ਦੁੱਖ ਦਰਦ ਸੁਣ ਲਿਆ ਕਰੋ,ਜਿਵੇਂ ਲੋਕਾਂ ਨੂੰ ਵਾਤਾਵਰਣ ਪ੍ਰਦੂਸ਼ਣ ਬਾਰੇ ਜਾਗਰੂਕ ਕਰਦੇ ਹੋ ਉਵੇਂ ਹੀ ਉਹਨਾਂ ਨੂੰ ਮਰਦ ਕੌਮ ਦੇ ਅੰਦਰ ਫੈਲ ਰਹੇ ਪ੍ਰਦੂਸ਼ਣ ਤੋਂ ਵੀ ਜਾਣੂ ਕਰਵਾਓ ਜੋ ਦਿਨੋਂ ਦਿਨ ਇਨਸਾਨੀਅਤ ਨੂੰ ਨਿਗਲਦਾ ਜਾ ਰਿਹਾ ਏ।" ਮੀਤੋ ਦੀ ਗੱਲ ਸੁਣ ਗੁਰਬਾਜ ਨੂੰ ਸਾਰੀ ਕਹਾਣੀ ਸਮਝ ਆ ਗਈ ਤੇ ਉਹ ਕਮਰੇ ਵਿੱਚ ਬੈਠੀ ਆਪਣੀ ਨੂੰਹ ਕੋਲ ਜਾ ਕੇ ਬੈਠ ਗਿਆ,ਉਹਦੇ ਪਿੱਛੇ ਹੀ ਮੀਤੋ ਵੀ ਆ ਗਈ। "ਕੀ ਗੱਲ ਏ ਧੀਏ,"ਗੁਰਬਾਜ ਨੇ ਮ੍ਰਿਤਕ ਵੀਰੂ ਦੀ ਪਤਨੀ ਦੇ ਸਿਰ 'ਤੇ ਹੱਥ ਰੱਖ ਪੁੱਛਿਆ। ਪਿਤਾ ਦੇ ਹੱਥ ਸਿਰ 'ਤੇ ਰੱਖਦੇ ਹੀ ਰਾਣੀ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਤੇ ਉੱਚੀ ਉੱਚੀ ਰੋਣ ਲੱਗ ਪਈ।ਮੀਤੋ ਨੇ ਉਹਨੂੰ ਚੁੱਪ ਕਰਵਾ ਪੀਣ ਲਈ ਪਾਣੀ ਲਿਆ ਦਿੱਤਾ।"ਦੇਖ ਰਾਣੀ ਧੀਏ ਅਸੀਂ ਕਦੇ ਵੀ ਤੈਨੂੰ ਆਪਣੀ ਨੂੰਹ ਨਹੀਂ ਸਮਝਿਆ,ਤੈਨੂੰ ਧੀ ਸਮਝਿਆ ਏ ਜੋ ਵੀ ਗੱਲ ਹੈ ਤੂੰ ਦੱਸ ਦੇ,"ਗੁਰਬਾਜ ਨੇ ਰਾਣੀ ਨੂੰ ਦਿਲਾਸਾ ਦਿੰਦੇ ਹੋਏ ਪੁੱਛਿਆ। "ਪਾਪਾ ਜੀ ਜਦੋਂ ਦਾ ਵੀਰੂ ਛੱਡ ਕੇ ਗਿਆ ਏ ਲੋਕੀਂ ਮੈਨੂੰ ਖਾਣ ਵਾਲੀਆਂ ਨਜ਼ਰਾਂ ਨਾਲ ਦੇਖ ਦੇ ਨੇ।ਸਕੂਲ ਜਾਂਦੇ ਸਮੇਂ ਤੇ ਆਉਂਦੇ ਸਮੇਂ ਗੰਦੇ-ਗੰਦੇ ਕਮੈਂਟ ਕਰਕੇ ਲੰਘਦੇ ਨੇ ਹੋਰ ਤਾਂ ਹੋਰ ਤੁਹਾਡੀ ਉਮਰ ਦੇ ਬੰਦੇ ਵੀ .....ਏਨਾ ਆਖ ਰਾਣੀ ਆਪਣੀ ਸੱਸ ਨੂੰ ਕਲਾਵੇ ਵਿੱਚ ਲੈ ਰੋਣ ਲੱਗ ਪਈ। "ਹੁਣ ਤੁਸੀਂ ਦੱਸੋ ਦੋਨਾਂ ਵਿਚੋਂ ਕਿਹੜਾ ਪ੍ਰਦੂਸ਼ਣ ਜਿਆਦਾ ਖ਼ਤਰਨਾਕ ਏ।ਉਹ ਜਿਹੜਾ ਲੋਕਾਂ ਦੇ ਦਿਲਾਂ ਵਿੱਚ ਫੈਲਿਆ ਅਸ਼ਲੀਲਤਾ ਵਾਲਾ ਜਿਸ ਨੇ ਉਹਨਾਂ ਦੀ ਸੋਚ ਨੂੰ ਘੇਰਾ ਪਾ ਕੇ ਇਨਸਾਨੀਅਤ ਹੀ ਖਤਮ ਕਰ ਦਿੱਤੀ,ਜਿਸ ਦੇ ਕਾਲੇ ਬਦਲ ਹਮੇਸ਼ਾ ਬਿਨਾਂ ਮਾਂ ਬਾਪ ਦੀਆਂ ਬੱਚੀਆਂ ਤੇ ਭਰ ਜਵਾਨੀ ਵਿੱਚ ਵਿਧਵਾ ਹੋਈਆ ਕੁੜੀਆਂ ਤੇ ਗਰੀਬਾਂ ਦੀ ਇਜ਼ਤ ਉੱਤੇ ਛਾਏ ਰਹਿੰਦੇ ਨੇ ਜਾਂ ਫਿਰ ਇਹ ਇੱਕ ਦਿਨ ਦੇ ਪਟਾਕਿਆਂ ਵਾਲਾ,"ਮੀਤੋ ਨੇ ਆਪਣੀ ਨੂੰਹ ਨੂੰ ਚੁੱਪ ਕਰਵਾਉਂਦਿਆਂ ਬਾਹਰ ਉੱਠ ਰਹੇ ਧੂੰਏਂ ਵੱਲ ਇਸ਼ਾਰਾ ਕਰਦਿਆ ਕਿਹਾ। "ਮੀਤੋ ਇਹ ਦੋਨੋਂ ਪ੍ਰਦੂਸ਼ਣ ਹੀ ਸਮਾਜ ਲਈ ਬਹੁਤ ਜਿਆਦਾ ਘਾਤਕ ਨੇ ਬਸ ਫਰਕ ਏਨਾ ਹੈ ਕਿ ਵਾਤਾਵਰਣ ਪ੍ਰਦੂਸ਼ਣ ਮਨੁੱਖ ਤੋਂ ਲੈ ਕੇ ਧਰਤੀ 'ਤੇ ਰਹਿਣ ਵਾਲੇ ਸਾਰੇ ਜੀਵ ਜੰਤੂਆਂ ਲਈ ਮਾਰੂ ਸਿੱਧ ਹੋ ਰਿਹਾ ਏ ਤੇ ਮਰਦਾਂ ਦੇ ਅੰਦਰ ਫੈਲ ਰਿਹਾ ਅਸ਼ਲੀਲਤਾ ਵਾਲਾ ਪ੍ਰਦੂਸ਼ਣ ਸਿਰਫ਼ ਔਰਤਾਂ ਲਈ.... ਜੋ ਉਮਰਾਂ,ਰਿਸ਼ਤਿਆਂ ਦਾ ਵੀ ਲਿਹਾਜ਼ ਨਹੀਂ ਕਰਦਾ ਬਸ ਭਿਆਨਕ ਬਿਮਾਰੀ ਵਾਂਗ ਉਹਨਾਂ ਨੂੰ ਕਾਮ ਵਿੱਚ ਜਕੜ ਲੈਂਦਾ ਏ।ਇਸ ਪ੍ਰਦੂਸ਼ਣ ਨੇ ਇਕੱਲੇ ਮਰਦਾਂ ਨੂੰ ਹੀ ਨਹੀਂ ਸਗੋਂ ਔਰਤਾਂ,ਬੱਚਿਆ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਏ ਜਿਵੇਂ ਵਾਤਾਵਰਣ ਪ੍ਰਦੂਸ਼ਣ ਕਾਰਨ ਫੈਲੀਆਂ ਬੀਮਾਰੀਆਂ ਨੇ ,"ਏਨਾ ਆਖ ਗੁਰਬਾਜ ਸਿੰਘ ਕਦੇ ਅਸਮਾਨ ਵਿੱਚ ਉੱਡ ਰਹੇ ਪਟਾਕਿਆਂ ਦੇ ਧੂੰਏਂ ਤੇ ਕਦੇ ਆਪਣੀ ਨੂੰਹ ਰਾਣੀ ਵੱਲ ਦੇਖ ਰਿਹਾ ਸੀ।ਹੁਣ ਉਹ ਗੰਧਲੀ ਹੋ ਰਹੀ ਲੋਕਾਂ ਦੀ ਮਾਨਸਿਕਤਾ ਬਾਰੇ ਸੋਚ ਆਪਣੀ ਨੂੰਹ ਤੇ ਦੋਨਾਂ ਪੋਤੀਆਂ ਦੇ ਭਵਿੱਖ ਦੀ ਡੂੰਘੀ ਚਿੰਤਾ ਵਿੱਚ ਡੁੱਬ ਗਿਆ ਸੀ। ਜਸਵੰਤ ਗਿੱਲ ਸਮਾਲਸਰ 97804-51878