ਸਿਹਤ ਵਿਭਾਗ ਦੀ ਟੀਮ ਨੇ 38 ਅਧਿਆਪਕਾਂ ਦੇ ਕੀਤੇ 'ਕੋਰੋਨਾ' ਟੈਸਟ, ਇਕ ਦੀ ਰੀਪੋਰਟ ਪਾਜ਼ੇਟਿਵ - ਡਿਪਟੀ ਕਮਿਸ਼ਨਰ

27

October

2020

ਐਸ.ਏ.ਐਸ. ਨਗਰ, 27 ਅਕਤੂਬਰ (ਗੁਰਪ੍ਰੀਤ ਸਿੰਘ ਤੰਗੌਰੀ) ਮੁਢਲਾ ਸਿਹਤ ਕੇਂਦਰ (ਪੀ.ਐਚ.ਸੀ.) ਬੂਥਗੜ• ਵਿਖੇ ਸਿਹਤ ਵਿਭਾਗ ਦੀ ਟੀਮ ਨੇ 38 ਅਧਿਆਪਕਾਂ ਦੇ 'ਕੋਰੋਨਾ ਵਾਇਰਸ' ਟੈਸਟ ਕੀਤੇ ਜਿਨ•ਾਂ ਵਿਚੋਂ ਇਕ ਅਧਿਆਪਕਾ ਦੀ ਰੀਪੋਰਟ ਪਾਜ਼ੇਟਿਵ ਆਈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਤੀੜਾ ਦੇ 19 ਅਧਿਆਪਕਾਂ, ਸਰਕਾਰੀ ਹਾਈ ਸਕੂਲ ਪਿੰਡ ਮੀਆਂਪੁਰ ਚੰਗਰ ਦੇ 3 ਅਧਿਆਪਕਾਂ ਅਤੇ ਸਰਕਾਰੀ ਹਾਈ ਸਕੂਲ ਪਿੰਡ ਮਾਣਕਪੁਰ ਸ਼ਰੀਫ਼ ਦੇ 16 ਅਧਿਆਪਕਾਂ ਦੇ 'ਰੈਪਿਡ ਕਾਰਡ' ਟੈਸਟ ਕੀਤੇ ਗਏ ਜਿਨ•ਾਂ ਵਿਚੋਂ ਮਾਣਕਪੁਰ ਸ਼ਰੀਫ਼ ਦੇ ਸਕੂਲ ਦੀ ਅਧਿਆਪਕਾ ਦੀ ਰੀਪੋਰਟ ਪਾਜ਼ੇਟਿਵ ਆਈ ਹੈ ਜਦਕਿ ਬਾਕੀ ਸਾਰਿਆਂ ਦੀਆਂ ਰੀਪੋਰਟਾਂ ਨੈਗੇਟਿਵ ਆਈਆਂ। ਮੌਕੇ 'ਤੇ ਹੀ ਸਾਰੇ ਟੈਸਟਾਂ ਦੀਆਂ ਰੀਪੋਰਟਾਂ ਦਿੱਤੀਆਂ ਗਈਆਂ। ਉਨ•ਾਂ ਦਸਿਆ ਕਿ ਅਧਿਆਪਕਾ ਚੰਡੀਗੜ• ਦੀ ਰਹਿਣ ਵਾਲੀ ਹੈ ਤੇ ਉਸ ਨੂੰ ਸਾਰੀਆਂ ਜ਼ਰੂਰੀ ਹਦਾਇਤਾਂ ਦੇ ਦਿਤੀਆਂ ਗਈਆਂ ਹਨ। ਉਨ•ਾਂ ਦਸਿਆ ਕਿ ਸਬੰਧਤ ਸਕੂਲ ਦੇ ਪ੍ਰਿੰਸੀਪਲ ਨੂੰ ਵੀ ਇਸ ਬੀਮਾਰੀ ਤੋਂ ਬਚਾਅ ਲਈ ਤਮਾਮ ਜ਼ਰੂਰੀ ਸਾਵਧਾਨੀਆਂ ਵਰਤਣ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਆਖਿਆ ਗਿਆ ਹੈ। ਉਨ•ਾਂ ਕਿਹਾ ਕਿ ਸਕੂਲ ਆਉਣ ਵਾਲੇ ਬੱਚਿਆਂ ਦਾ ਬਚਾਅ ਬਹੁਤ ਜ਼ਰੂਰੀ ਹੈ। ਇਹ ਯਕੀਨੀ ਬਣਾਇਆ ਜਾਵੇ ਕਿ ਉਹ ਹਮੇਸ਼ਾ ਮਾਸਕ ਪਾ ਕੇ ਰੱਖਣ, ਵਾਰ-ਵਾਰ ਹੱਥ ਧੋਣ ਅਤੇ ਇਕ ਦੂਜੇ ਤੋਂ ਦੂਰੀ ਰੱਖਣ। ਉਨ•ਾਂ ਕਿਹਾ ਕਿ ਇਸ ਬੀਮਾਰੀ ਦੀ ਦਵਾਈ ਆਉਣ ਤਕ ਮਾਸਕ ਹੀ ਦਵਾਈ ਹੈ। ਸੀਨੀਅਰ ਮੈਡੀਕਲ ਅਫ਼ਸਰ ਡਾ. ਦਿਲਬਾਗ਼ ਸਿੰਘ ਜਿਨ•ਾਂ ਦੀ ਅਗਵਾਈ ਵਿਚ ਸਿਹਤ ਵਿਭਾਗ ਦੀ ਟੀਮ ਨੇ ਟੈਸਟ ਕੀਤੇ, ਨੇ ਕਿਹਾ ਕਿ ਇਸ ਮਹਾਂਮਾਰੀ ਤੋਂ ਬਚਾਅ ਲਈ ਟੈਸਟ ਕਰਾਉਣਾ ਬਹੁਤ ਜ਼ਰੂਰੀ ਹੈ ਤਾਕਿ ਸਮੇਂ ਸਿਰ ਬੀਮਾਰੀ ਦੀ ਲਾਗ ਦਾ ਪਤਾ ਲੱਗ ਸਕੇ। ਉਨ•ਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਬੀਮਾਰੀ ਤੋਂ ਬਚਾਅ ਲਈ ਅਪਣੇ ਟੈਸਟ ਕਰਵਾਉਣ ਤੋਂ ਬਿਲਕੁਲ ਵੀ ਨਾ ਘਬਰਾਉਣ। ਉਨ•ਾਂ ਕਿਹਾ, 'ਕਈ ਵਾਰ ਲੋਕ ਹਾਲਤ ਖ਼ਰਾਬ ਹੋਣ 'ਤੇ ਹੀ ਸਿਹਤ ਸੰਸਥਾ ਵਿਚ ਆਉਂਦੇ ਹਨ ਜਿਸ ਕਾਰਨ ਮਰੀਜ਼ ਨੂੰ ਸੰਭਾਲਣਾ ਮੁਸ਼ਕਲ ਹੋ ਜਾਂਦਾ ਹੈ। ਇਸ ਲਈ ਇਸ ਬੀਮਾਰੀ ਦਾ ਕੋਈ ਵੀ ਲੱਛਣ ਦਿਸਣ 'ਤੇ ਤੁਰੰਤ ਟੈਸਟ ਕਰਵਾਇਆ ਜਾਵੇ ਤਾਕਿ ਸਮੇਂ ਸਿਰ ਇਸ ਬੀਮਾਰੀ ਤੋਂ ਬਚਿਆ ਜਾ ਸਕੇ।' ਐਸ.ਐਮ.ਓ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮਹਾਂਮਾਰੀ ਤੋਂ ਬਚਾਅ ਲਈ ਇਕ ਦੂਜੇ ਤੋਂ ਦੂਰੀ ਰੱਖਣ, ਵਾਰ ਵਾਰ ਹੱਥ ਧੋਣ ਅਤੇ ਮਾਸਕ, ਕਪੜੇ, ਚੁੰਨੀ, ਪਰਨੇ ਆਦਿ ਨਾਲ ਹਰ ਸਮੇਂ ਮੂੰਹ ਢੱਕ ਕੇ ਰੱਖਣ ਜਿਹੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ। ਉਨ•ਾਂ ਇਹ ਵੀ ਕਿਹਾ ਕਿ ਬਿਨਾਂ ਲੋੜ ਤੋਂ ਘਰੋਂ ਬਾਹਰ ਨਾ ਨਿਕਲਿਆ ਜਾਵੇ। ਮਾੜੀ-ਮੋਟੀ ਤਕਲੀਫ਼ ਹੋਣ 'ਤੇ ਹਸਪਤਾਲ ਜਾਣ ਦੀ ਬਜਾਏ ਸਿਹਤ ਵਿਭਾਗ ਦੀ ਹੈਲਪਲਾਈਨ ਨੰਬਰ 104 'ਤੇ ਸੰਪਰਕ ਕੀਤਾ ਜਾਵੇ। ਇਸ ਮੌਕੇ ਡਾ. ਵਿਕਾਸ, ਡਾ. ਸੁਬਿਨ, ਬਲਾਕ ਐਕਸਟੈਂਸ਼ਨ ਐਜੂਕੇਟਰ (ਬੀ.ਈ.ਈ) ਬਲਜਿੰਦਰ ਸੈਣੀ, ਹੈਲਥ ਇੰਸਪੈਕਟਰ (ਐਚ.ਆਈ.) ਗੁਰਤੇਜ ਸਿੰਘ, ਸੀ.ਐਚ.ਓ ਪੂਨਮਜੀਤ ਕੌਰ ਆਦਿ ਮੌਜੂਦ ਸਨ।