ਔਰਤ ਦਾ ਸੋਸ਼ਣ ਕਾਰਨ ਵਾਲਾ ਐੱਸਟੀਐੱਫ ਦਾ ਡੀਐੱਸਪੀ ਗ੍ਰਿਫ਼ਤਾਰ

27

October

2020

ਬਠਿੰਡਾ, 27 ਅਕਤੂਬਰ (ਪ.ਪ) ਪੁਲੀਸ ਨੇ ਸਪੈਸ਼ਲ ਟਾਸਕ ਫੋਰਸ ਬਠਿੰਡਾ ਜ਼ੋਨ ਦੇ ਡੀਐੱਸਪੀ ਨੂੰ ਇਕ ਔਰਤ ਸਮੇਤ ਇਥੋਂ ਦੇ ਹੋਟਲ 'ਚੋਂ ਇਤਰਾਜ਼ਯੋਗ ਹਾਲਤ 'ਚ ਕਾਬੂ ਕਰ ਲਿਆ। ਥਾਣਾ ਸਿਵਲ ਲਾਈਨ ਵਿੱਚ ਡੀਐੱਸਪੀ ਖ਼ਿਲਾਫ਼ ਬਲੇਕਮੈਲ ਅਤੇ ਜਿਨਸੀ ਸੋਸ਼ਣ ਕਰਨ ਦੇ ਦੋਸ਼ਾਂ ਤਹਿਤ ਕੇਸ ਦਰਜ ਕਰ ਲਿਆ ਹੈ। ਡੀਐੱਸਪੀ ਗੁਰਸ਼ਰਨ ਸਿੰਘ ਨੂੰ ਸੋਮਵਾਰ ਰਾਤ ਸਮੇਂ ਇਥੋਂ ਦੇ ਹਨੂੰਮਾਨ ਚੌਕ 'ਚ ਸਥਿਤ ਹੋਟਲ 'ਚੋਂ ਗ੍ਰਿਫ਼ਤਾਰ ਕੀਤਾ ਗਿਆ। ਐੱਸਟੀਐੱਫ ਨੇ ਕਰੀਬ ਤਿੰਨ ਮਹੀਨੇ ਪਹਿਲਾਂ ਪੰਜਾਬ ਪੁਲੀਸ ਦੇ ਏਐੱਸਆਈ, ਉਸ ਦੀ ਪਤਨੀ ਤੇ ਪੁੱਤਰ ਨੂੰ 212 ਗ੍ਰਾਮ ਚਿੱਟੇ ਸਮੇਤ ਗ੍ਰਿਫ਼ਤਾਰ ਕਰਕੇ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਸੀ। ਬਾਅਦ 'ਚ ਔਰਤ ਜੇਲ੍ਹ 'ਚੋਂ ਜ਼ਮਾਨਤ 'ਤੇ ਰਿਹਾਅ ਹੋ ਗਈ, ਜਦ ਕਿ ਉਸ ਦਾ ਪਤੀ ਤੇ ਪੁੱਤਰ ਜੇਲ੍ਹ ਵਿੱਚ ਹੀ ਹਨ। ਉਹ ਆਪਣੇ ਪਤੀ ਤੇ ਪੁੱਤਰ ਦੀ ਰਿਹਾਈ ਲਈ ਡੀਐੱਸਪੀ ਅੱਗੇ ਅਰਜ਼ੋਈਆਂ ਕਰਨ ਜਾਂਦੀ ਰਹੀ ਤਾਂ ਡੀਐੱਸਪੀ ਨੇ ਉਸ 'ਤੇ ਮੈਲੀ ਅੱਖ ਰੱਖ ਲਈ। ਉਹ ਉਸ ਨੂੰ ਫ਼ੋਨ ਕਰਕੇ ਵਾਰ-ਵਾਰ ਪ੍ਰੇਸ਼ਾਨ ਕਰਨ ਲੱਗਾ। ਕਈ ਵਾਰ ਇਨਕਾਰੀ ਹੋਣ ਤੋਂ ਬਾਅਦ ਮਾਨਸਿਕ ਤੌਰ 'ਤੇ ਟੁੱਟੀ ਔਰਤ ਮਜ਼ਬੂਰੀ ਵੱਸ ਸੱਦੇ ਜਾਣ 'ਤੇ ਹੋਟਲ ਪਹੁੰਚ ਜਾਂਦੀ, ਜਿੱਥੇ ਡੀਐੱਸਪੀ ਉਸਦਾ ਜਿਨਸੀ ਸੋਸ਼ਣ ਕਰਦਾ ਰਿਹਾ। ਔਰਤ ਮੁਤਾਬਿਕ ਉਸ ਨੂੰ ਹਨੂੰਮਾਨ ਚੌਕ ਸਥਿਤ ਇਕ ਹੋਟਲ 'ਚ 13 ਸਤੰਬਰ ਨੂੰ ਬੁਲਾਇਆ ਅਤੇ ਡਰਾ-ਧਮਕਾ ਕੇ ਉਸ ਨਾਲ ਜਬਰ-ਜਨਾਹ ਕੀਤਾ ਗਿਆ। 26 ਅਕਤੂਬਰ ਦੀ ਰਾਤ ਨੂੰ ਪੁਲੀਸ ਅਧਿਕਾਰੀ ਨੇ ਫਿਰ ਉਸ ਨੂੰ ਹੋਟਲ 'ਚ ਬੁਲਾਇਆ ਅਤੇ ਜਬਰ-ਜਨਾਹ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਸ ਨੇ ਰੌਲਾ ਪਾਇਆ ਅਤੇ ਸੂਚਨਾ ਪੁਲੀਸ ਤੱਕ ਪਹੁੰਚਾ ਦਿੱਤੀ। ਸੂਤਰਾਂ ਅਨੁਸਾਰ ਬਲੈਕਮੇਲਿੰਗ ਤੋਂ ਤੰਗ ਆਈ ਔਰਤ ਫ਼ਰਿਆਦੀ ਬਣ ਕੇ ਕਿਸੇ ਆਹਲਾ ਪੁਲੀਸ ਅਧਿਕਾਰੀ ਨੂੰ ਮਿਲੀ। ਉਸ ਅਧਿਕਾਰੀ ਨੇ ਡੀਐੱਸਪੀ ਨੂੰ ਰੰਗੇ ਹੱਥੀਂ ਕਾਬੂ ਕਰਨ ਲਈ ਵਿਉਂਤ ਸੁਝਾਈ। ਔਰਤ ਵੱਲੋਂ ਬੂ-ਦੁਹਾਈ ਪਾਉਣ 'ਤੇ ਪੁਲੀਸ ਮਿੰਟੋ-ਮਿੰਟੀ ਡੀਐੱਸਪੀ ਨੂੰ ਕਾਬੂ ਕਰ ਕੇ ਆਪਣੇ ਨਾਲ ਲੈ ਗਈ। ਐੱਸਐੱਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਨੇ ਕਾਰਵਾਈ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਜਬਰ-ਜਨਾਹ ਅਤੇ ਬਲੈਕਮੇਲ ਕਰਨ ਦੇ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ।