ਪੰਜਾਬੀਆਂ ਨੇ ਤਾਂ ਵੱਡੇ ਵੱਡੇ ਜਾਲਮਾਂ ਨੂੰ ਝੁਕਾ ਦਿੱਤਾ ਫਿਰ ਮੋਦੀ ਕੀ ਸ਼ੈਅ-ਧਾਲੀਵਾਲ

27

October

2020

ਲੁਧਿਆਣਾ 27 ਅਕਤੂਬਰ (ਸ.ਨ.ਸ)- ਰੇਲ ਮੰਤਰੀ ਪਿਊਸ਼ ਗੋਇਲ ਵੱਲੋਂ ਪੰਜਾਬ ਚ ਆਉਣ ਵਾਲੀਆਂ ਮਾਲਗੱਡੀਆਂ ਰੋਕੇ ਜਾਣ ਦਾ ਫੈਸਲਾ ਬਹੁਤ ਹੀ ਸ਼ਰਮਨਾਕ ਹੈ ਜੋ ਕਿ ਕੇਂਦਰ ਦੀ ਤਾਨਾਸ਼ਾਹੀ ਦਾ ਸਬੂਤ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦਿਹਾਤੀ ਦੇ ਜ਼ਿਲਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਨੇ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹੱਕੀ ਸੰਘਰਸ਼ ਦੇ ਚਲਦਿਆਂ ਖੇਤੀਬਾੜੀ ਬਿਲਾਂ ਦੇ ਵਿਰੋਧ ਵਿੱਚ ਪੰਜਾਬੀਆਂ ਦੇ ਲਾਮਬੱਧ ਹੋਣ ਤੋਂ ਬਾਅਦ ਕੇਂਦਰ ਨੂੰ ਆਪਣੇ ਮਨਸੂਬਿਆਂ ਤੇ ਪਾਣੀ ਫਿਰਦਾ ਨਜਰ ਆਉਣ ਲੱਗ ਪਿਆ।ਜਿਸਦੇ ਚਲਦਿਆਂ ਕੇਂਦਰ ਦੀ ਮੋਦੀ ਸਰਕਾਰ ਧੱਕੇਸ਼ਾਹੀਆਂ ਤੇ ਉਤਾਰੂ ਹੋ ਗਈ ਹੈ।ਉਨ੍ਹਾਂ ਕਿਹਾ ਕਿ ਰੇਲਾਂ ਬੰਦ ਹੋਣ ਨਾਲ ਪਹਿਲਾਂ ਤੋ ਹੀ ਮੰਦੀ ਦੀ ਮਾਰ ਝੇਲ ਰਹੀ ਪੰਜਾਬ ਦੀ ਇੰਡਸਟਰੀ ਤੇ ਬਹੁਤ ਮਾੜਾ ਅਸਰ ਪ੍ਰਭਾਵ ਪੈ ਰਿਹਾ ਹੈ।ਕਿਉਂਕਿ ਕੱਚੇ ਪੱਕੇ ਮਾਲ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਉਨਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਇਸ ਭੁਲੇਖੇ ਵਿੱਚ ਨਾ ਰਹੇ ਕਿ ਉਹ ਇਸ ਤਰਾਂ ਦੀਆਂ ਧੱਕੇਸ਼ਾਹੀਆਂ ਨਾਲ ਪੰਜਾਬੀਆਂ ਦੇ ਸ਼ੰਘਰਸ਼ ਨੂੰ ਤੋੜਣ ਵਿੱਚ ਕਾਮਯਾਬ ਹੋ ਜਾਏਗੀ।ਕਿਉਂਕਿ ਪੰਜਾਬੀਆਂ ਨੇ ਤਾਂ ਵੱਡੇ ਵੱਡੇ ਜਾਲਮਾਂ ਨੂੰ ਝੁਕਾ ਦਿੱਤਾ ਤੇ ਫਿਰ ਇਹ ਮੋਦੀ ਕੀ ਸ਼ੈਅ ਐ? ਧਾਲੀਵਾਲ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਭਾਰਤ ਦੇ ਹਿੱਤਾਂ ਦੀ ਰੱਖਿਆ ਲਈ ਅੰਗਰੇਜਾਂ ਅਤੇ ਮੁਗਲਾਂ ਖਿਲਾਫ ਲੜੀਆਂ ਗਈਆਂ ਲੜਾਈਆਂ ਦੌਰਾਨ ਸਭ ਤੋਂ ਵੱਡੇ ਸੰਘਰਸ਼ ਅਤੇ ਕੁਰਬਾਨੀਆਂ ਪੰਜਾਬੀਆਂ ਨੇ ਹੀ ਦਿੱਤੀਆਂ ਸਨ। ਹੁਣ ਜਦੋਂ ਗੱਲ ਪੰਜਾਬੀਆਂ ਦੇ ਆਪਣੇ ਹਿੱਤਾਂ ਦੀ ਆਈ ਹੈ ਤਾਂ ਉਹ ਕਿਵੇਂ ਬਰਦਾਸ਼ਤ ਕਰ ਲੈਣਗੇ।ਉਨਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਇਹ ਜਾਣ ਲਵੇ ਕਿ ਪੰਜਾਬੀਆਂ ਨੂੰ ਦਬਾਉਣਾ ਤੇ ਝੁਕਾਉਣਾ ਇੰਨਾ ਸੌਖਾ ਨਹੀਂ।ਕਿਉਂਕਿ ਪੰਜਾਬੀ ਆਪਣੇ ਹੱਕ ਤੇ ਸੱਚ ਲਈ ਲੜਨਾ ਭਲੀ ਭਾਂਤ ਜਾਣਦੇ ਨੇ ਤੇ ਧੱਕੇਸ਼ਾਹੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।