ਭਾਰਤ ਭੂਸ਼ਣ ਆਸ਼ੂ ਵੱਲੋਂ ਲੁਧਿਆਣਾ ਵਿਖੇ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਦੇ ਦੂਜੇ ਪੜਾਅ ਦੀ ਕੀਤੀ ਸ਼ੁਰੂਆਤ

24

October

2020

ਲੁਧਿਆਣਾ, 24 ਅਕਤੂਬਰ (ਬਿਕਰਮਪ੍ਰੀਤ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਅੱਜ ਪੰਜਾਬ ਸਰਕਾਰ ਦੇ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਦੇ ਪੜਾਅ-2 ਦੀ ਆਨਲਾਈਨ ਸ਼ੁਰੂਆਤ ਕਰਦਿਆਂ, ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਭਾਰਤ ਦਾ ਮੈਨਚੇਸਟਰ ਕਹੇ ਜਾਣ ਵਾਲੇ ਲੁਧਿਆਣਾ ਨੂੰ ਦੇਸ਼ ਦੇ ਸਭ ਤੋਂ ਵਿਕਸਤ ਸ਼ਹਿਰ ਵਜੋਂ ਸਥਾਪਿਤ ਕੀਤਾ ਜਾਵੇਗਾ। ਕੈਬਨਿਟ ਮੰਤਰੀ ਸ੍ਰੀ ਆਸ਼ੂ ਨਾਲ ਅੱਜ ਵਿਧਾਇਕ ਪੂਰਬੀ ਸ੍ਰੀ ਸੰਜੇ ਤਲਵਾੜ, ਵਿਧਾਇਕ ਉੱਤਰੀ ਸ੍ਰੀ ਸੁਰਿੰਦਰ ਡਾਵਰ, ਵਿਧਾਇਕ ਗਿੱਲ ਸ੍ਰ. ਕੁਲਦੀਪ ਸਿੰਘ ਵੈਦ ਅਤੇ ਮੇਅਰ ਸ੍ਰ. ਬਲਕਾਰ ਸਿੰਘ ਸੰਧੂ, ਸਥਾਨਕ ਬੱਚਤ ਭਵਨ ਵਿਖੇ ਵੀਡੀਓ ਕਾਨਫਰੰਸ ਰਾਹੀਂ 11000 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰੋਗਰਾਮ ਦੇ ਪੜਾਅ-2 ਦੇ ਉਦਘਾਟਨ ਮੌਕੇ ਸ਼ਾਮਲ ਸਨ। ਇਸ ਉਦਘਾਟਨ ਮੌਕੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਨਗਰ ਨਿਗਮ ਕਮਿਸ਼ਨਰ ਪਰਦੀਪ ਕੁਮਾਰ ਸੱਭਰਵਾਲ ਵੀ ਮੌਜੂਦ ਸਨ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਸ਼ਹਿਰੀ ਖੇਤਰਾਂ ਵਿੱਚ ਸੀਵਰੇਜ ਟਰੀਟਮੈਂਟ ਪਲਾਂਟ ਲਗਾਉਣੇ, 24 ਘੰਟੇ 7 ਦਿਨ ਪੀਣ ਯੋਗ ਪਾਣੀ ਦੀ ਸਪਲਾਈ, ਐਲ.ਈ.ਡੀ. ਲਾਈਟਾਂ ਅਤੇ ਰਾਜ ਦੇ ਹਰ ਸ਼ਹਿਰੀ ਖੇਤਰ ਵਿੱਚ ਵਿਗਿਆਨਕ ਤਰੀਕੇ ਨਾਲ ਸਾਲਿਡ ਵੇਸਟ ਦਾ ਨਿਪਟਾਰਾ ਕਰਨਾ ਹੈ। ਲੁਧਿਆਣਾ ਨਿਵਾਸੀਆਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 650 ਕਰੋੜ ਰੁਪਏ ਦੀ ਲਾਗਤ ਨਾਲ ਬੁੱਢੇ ਨਾਲੇ ਦੇ ਨਵੀਨੀਕਰਨ ਅਤੇ ਸੁੰਦਰੀਕਰਨ ਦਾ ਐਲਾਨ ਵੀ ਕੀਤਾ, ਜਿਸ ਨਾਲ ਪਾਣੀ ਦੀ ਗੁਣਵੱਤਾ ਵਿੱਚ ਸੁਧਾਰ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਫੰਡਾਂ ਦਾ ਪ੍ਰਬੰਧ ਕੀਤਾ ਜਾ ਚੁੱਕਾ ਹੈ ਅਤੇ ਇੱਕ ਮਹੀਨੇ ਦੇ ਅੰਦਰ-ਅੰਦਰ ਕੰਮ ਸ਼ੁਰੂ ਹੋਣ ਦੀ ਸੰਭਾਵਨਾ ਹੈ। ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਲੁਧਿਆਣਾ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਪ੍ਰਾਜੈਕਟਾਂ ਨੂੰ ਪਹਿਲ ਦੇਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਰਾਭਾ ਨਗਰ ਦੀ ਪ੍ਰਸਿੱਧ ਮਾਰਕੀਟ ਪੂਰੀ ਤਰ੍ਹਾਂ ਨਵੀਂ ਦਿੱਖ ਵਿਚ ਦੀਵਾਲੀ ਤੋਂ ਪਹਿਲਾਂ ਵਸਨੀਕਾਂ ਨੂੰ ਸਮਰਪਿਤ ਕੀਤੀ ਜਾਵੇਗੀ। ਸਰਾਭਾ ਨਗਰ ਮਾਰਕੀਟ ਪ੍ਰਾਜੈਕਟ ਵਿਚ ਸਾਰੇ ਲੈਂਡਸਕੇਪ ਕਾਰਜਾਂ ਦੇ ਡਿਜ਼ਾਈਨ, ਸਪਲਾਈ ਅਤੇ ਸਥਾਪਨਾ ਦਾ ਅਪਗ੍ਰੇਡਿਸ਼ਨ ਸ਼ਾਮਲ ਹੈ, ਜਿਸ ਵਿਚ ਬਿਜਲੀ ਸੇਵਾਵਾਂ ਦਾ ਭੂਮੀਗਤ ਹੋਣਾ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਸ਼ਿੰਗਾਰ ਸਿਨੇਮਾ ਤੋਂ ਟਰਾਂਸਪੋਰਟ ਨਗਰ ਤੱਕ ਗੰਦੇ ਨਾਲੇ ਦਾ 17.85 ਕਰੋੜ ਰੁਪਏ ਦੀ ਲਾਗਤ ਵਾਲਾ ਪ੍ਰਾਜੈਕਟ ਵੀ ਚੱਲ ਰਿਹਾ ਹੈ। ਕੈਬਨਿਟ ਮੰਤਰੀ ਨੇ ਮੇਅਰ, ਪ੍ਰਧਾਨਾਂ ਅਤੇ ਕੌਂਸਲਰਾਂ ਨੂੰ ਇਹ ਵੀ ਸਲਾਹ ਦਿੱਤੀ ਕਿ ਉਹ ਕਰਦਾਤਾਵਾਂ ਦੀ ਮਿਹਨਤ ਦਾ ਇੱਕ-ਇੱਕ ਪੈਸਾ ਸੁਚੱਝੇ ਢੰਗ ਨਾਲ ਖਰਚ ਕਰਨ ਅਤੇ ਪ੍ਰਾਜੈਕਟਾਂ ਵਿੱਚ ਵਰਤੀਆਂ ਜਾਂਦੀਆਂ ਚੀਜ਼ਾਂ ਜਾਂ ਉਤਪਾਦਾਂ ਦੀ ਗੁਣਵੱਤਾ ਨਾਲ ਸਮਝੌਤਾ ਕਿਸੇ ਵੀ ਹੀਲੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।