ਧਾਰਾ 370 ਤੇ ਖੇਤੀ ਕਾਨੂੰਨਾਂ ਦੇ ਫੈਸਲਿਆਂ ਤੋਂ ਪਿੱਛੇ ਨਹੀਂ ਹਟਾਂਗੇ: ਮੋਦੀ

23

October

2020

ਬਿਹਾਰ ਵਿੱਚ ਆਪਣੀ ਪਲੇਠੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਫ਼ ਕਰ ਦਿੱਤਾ ਕਿ ਦੇਸ਼ ਸੰਵਿਧਾਨ ਦੀ ਧਾਰਾ 370 ਤੇ ਖੇਤੀ ਸਬੰਧੀ ਤਿੰਨ ਨਵੇਂ ਕਾਨੂੰਨਾਂ ਬਾਰੇ ਫੈਸਲਿਆਂ ਤੋਂ ਪਿੱਛੇ ਨਹੀਂ ਹਟੇਗਾ। ਜੇਡੀਯੂ ਪ੍ਰਧਾਨ ਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਹਾਜ਼ਰੀ ਵਿੱਚ ਰੋਹਤਾਸ ਵਿੱਚ ਚੋਣ ਰੈਲੀ ਦੌਰਾਨ ਸ੍ਰੀ ਮੋਦੀ ਨੇ ਇਨ੍ਹਾਂ ਦੋਵਾਂ ਮੁੱਦਿਆਂ ਤੇ ਕਾਂਗਰਸ ਸਮੇਤ ਵਿਰੋਧੀ ਧਿਰਾਂ ਦੇ ਰੁਖ਼ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਨੇ ਕਿਸਾਨਾਂ ਨੂੰ ਵਿਚੋਲਿਆਂ ਤੇ ਦਲਾਲਾਂ ਤੋਂ ਮੁਕਤ ਕਰਨ ਦਾ ਫੈਸਲਾ ਕੀਤਾ ਤਾਂ ਵਿਰੋਧੀ ਧਿਰਾਂ ਇਨ੍ਹਾਂ (ਦਲਾਲਾਂ) ਦੇ ਪੱਖ ਵਿੱਚ ਖੁੱਲ੍ਹ ਕੇ ਮੈਦਾਨ ਜਾ ਨਿੱਤਰ ਆਈਆਂ। ਉਨ੍ਹਾਂ ਵਿਰੋਧੀ ਧਿਰਾਂ ਤੇ ਚੁਟਕੀ ਲੈਂਦਿਆਂ ਕਿਹਾ, ‘ਮੰਡੀ ਤੇ ਐੱਮਐੱਸਪੀ ਤਾਂ ਬਹਾਨਾ ਹੈ, ਅਸਲ ਵਿੱਚ ਦਲਾਲਾਂ ਤੇ ਵਿਚੋਲਿਆਂ ਨੂੰ ਬਚਾਨਾ ਹੈ।’ ਪ੍ਰਧਾਨ ਮੰਤਰੀ ਨੇ ਕਿਹਾ, ‘ਦੇਸ਼ ਲੰਮੇ ਸਮੇਂ ਤੋਂ ਜੰਮੂ ਤੇ ਕਸ਼ਮੀਰ ’ਚੋਂ ਧਾਰਾ 370 ਹਟਾਉਣ ਦੇ ਫੈਸਲੇ ਦੀ ਉਡੀਕ ਕਰ ਰਿਹਾ ਸੀ। ਇਹ ਫੈਸਲਾ NDA ਦੀ ਸਰਕਾਰ ਨੇ ਲਿਆ।’ ਸ੍ਰੀ ਮੋਦੀ ਨੇ ਬਿਹਾਰ ਦੇ ਲੋਕਾਂ ਨੂੰ ਲਾਲੂ ਸਰਕਾਰ ਦੇ 15 ਸਾਲਾਂ ਦੇ ਕਾਰਜਕਾਲ ਦੀ ਯਾਦ ਦਿਵਾਉਂਦਿਆਂ ਕਿਹਾ ਕਿ ਸੂਬੇ ਦੇ ਲੋਕ ਉਨ੍ਹਾਂ ਦਿਨਾਂ ਨੂੰ ਕਦੇ ਭੁੱਲ ਨਹੀਂ ਸਕਦੇ, ਜਦੋਂ ਸਰਕਾਰ ਦੀ ਨੱਕ ਹੇਠ ਦਿਨ-ਦਿਹਾੜੇ ਡਕੈਤੀ ਤੇ ਹੱਤਿਆਵਾਂ ਹੁੰਦੀਆਂ ਸਨ। ਰੰਗਦਾਰੀ ਵਸੂਲੀ ਜਾਂਦੀ ਸੀ।’ ਉਨ੍ਹਾਂ ਕਿਹਾ ਕਿ ਜੇਡੀਯੂ-ਭਾਜਪਾ ਗੱਠਜੋੜ ਸਰਕਾਰ ਦੇ ਕਾਰਜਕਾਲ ਵਿੱਚ ਸੂਬੇ ਵਿੱਚ ਬਿਜਲੀ, ਪਾਣੀ ਤੇ ਸੜਕਾਂ ਜਿਹੀਆਂ ਬੁਨਿਆਦੀ ਸਹੂਲਤਾਂ ਉਪਲਬਧ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜੇਡੀਯੂ-ਭਾਜਪਾ ਗੱਠਜੋੜ ਵੱਡੇ ਬਹੁਮਤ ਨਾਲ ਮੁੜ ਸੱਤਾ ਵਿੱਚ ਵਾਪਸੀ ਕਰੇਗਾ।