ਸੈਸ਼ਨ ਮਾਰਚ 2020 ਦੇ ਦਸਵੀਂ ਅਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ 26 ਅਕਤੂਬਰ ਤੋਂ ਸ਼ੁਰੂ

23

October

2020

ਫਾਜ਼ਿਲਕਾ, 23 ਅਕਤੂਬਰ (ਪ.ਪ) ਕੋਵਿਡ 19 ਦੇ ਚਲਦਿਆਂ ਮਾਰਚ 2020 ਦੀ ਸਾਲਾਨਾ ਪ੍ਰੀਖਿਆ ਦੇ ਦਸਵੀਂ ਦੇ ਓਪਨ ਤੇ ਬਾਰਵੀਂ ਦੇ ਸਪਲੀਮੈਂਟਰੀ ਅਤੇ ਸਪੈਸ਼ਲ ਚਾਂਸ ਪ੍ਰੀਖਿਆ ਸਬੰਧੀ ਬੋਰਡ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ/ ਸਕੈਂਡਰੀ ਸਿੱਖਿਆ ਡਾ. ਸੁਖਵੀਰ ਸਿੰਘ ਬੱਲ ਨੈਸ਼ਨਲ਼ ਅਵਾਰਡੀ ਨੇ ਦੱਸਿਆ ਕਿ ਇਹ ਪ੍ਰੀਖਿਆਵਾਂ 26 ਅਕਤੂਬਰ ਨੂੰ ਸ਼ੁਰੂ ਹੋ ਰਹੀਆਂ ਹਨ।ਇਸ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੀਖਿਆ ਸਬੰਧੀ ਬਣਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਪ੍ਰੀਖਿਆ ਕੇਂਦਰ ਵੀ ਸਥਾਪਤ ਕੀਤੇ ਜਾ ਚੁੱਕੇ ਹਨ। ਹੋਰ ਜਾਣਕਾਰੀ ਦਿੰਦੇ ਹੋਏ ਡਾ. ਬੱਲ ਨੇ ਦੱਸਿਆ ਕਿ ਪ੍ਰੀਖਿਆ ਨਾਲ ਸਬੰਧਤ ਪ੍ਰਸ਼ਨ ਪੱਤਰ ਮੁੱਖ ਦਫ਼ਤਰ ਤੋਂ ਬੋਰਡ ਦੇ ਖੇਤਰੀ ਦਫ਼ਤਰਾਂ ਵਿੱਚ ਪਹੁੰਚਾਏ ਜਾਣਗੇ ਅਤੇ ਬੈਂਕ ਸ਼ਾਖਾਵਾਂ ਵਿੱਚੋਂ ਪ੍ਰਿੰਸੀਪਲਜ਼ ਕਮ ਕੇਂਦਰ ਕੰਟਰੋਲਰ ਪ੍ਰਸ਼ਨ ਪੱਤਰ ਪ੍ਰਾਪਤ ਕਰ ਸਕਣਗੇ।ਇਸ ਵਿੱਚ ਬੋਰਡ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਵੀ ਯਕੀਨੀ ਬਣਾਈ ਜਾਵੇਗੀ।ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰੀਖਿਆਰਥੀ ਨੂੰ ਪਾਰਦਰਸ਼ੀ ਬੋਤਲ ਵਿਚ ਆਪਣੇ ਨਾਲ ਪੀਣ ਵਾਲਾ ਪਾਣੀ ਲਿਆਉਣ ਦੀ ਆਗਿਆ ਹੋਵੇਗੀ। ਕੋਵਿਡ 19 ਦੇ ਚਲਦਿਆਂ ਪ੍ਰੀਖਿਆਰਥੀ ਨੂੰ ਕੋਈ ਵੀ ਚੀਜ਼/ ਵਸਤੂ ਇਕ ਦੂਜੇ ਬੱਚੇ ਨਾਲ ਸਾਂਝੀ ਕਰਨ ਦੀ ਆਗਿਆ ਨਹੀਂ ਹੋਵੇਗੀ। ਪ੍ਰੀਖਿਆਰਥੀਆਂ ਲਈ ਪ੍ਰੀਖਿਆ ਕੇਂਦਰ ਵਿਖੇ ਪ੍ਰੀਖਿਆ ਸ਼ੁਰੂ ਹੋਣ ਤੋਂ ਇਕ ਘੰਟਾ ਪਹਿਲਾਂ ਪਹੁੰਚਣਾ ਜ਼ਰੂਰੀ ਹੋਵੇਗਾ। ਉਨ੍ਹਾਂ ਕਿਹਾ ਕਿ ਪ੍ਰੀਖਿਆ ਕੇਂਦਰਾਂ ਵਿਚ ਦੋ ਦਿਨ ਪਹਿਲਾਂ ਸਫਾਈ ਅਤੇ ਸੈਨੇਟਾਈਜੇਸ਼ਨ ਸਬੰਧੀ ਹਦਾਇਤਾਂ ਸਕੂਲ ਮੁਖੀਆਂ ਨੂੰ ਜਾਰੀ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਇਸ ਮਹਾਂਮਾਰੀ ਦੇ ਚਲਦਿਆਂ ਕਿਸੇ ਵੀ ਅਣਹੋਣੀ ਤੋਂ ਅਗਾਊਂ ਸੁਚੇਤ ਹੋ ਕੇ ਪ੍ਰੀਖਿਆ ਨੂੰ ਖ਼ੁਸ਼ਨੁਮਾ ਮਾਹੌਲ ਵਿੱਚ ਨੇਪਰੇ ਚੜ੍ਹਾਇਆ ਜਾ ਸਕੇ।ਇਸ ਸੰਬੰਧ ਵਿੱਚ ਸੰਬੰਧਤ ਪਿ?ੰਸੀਪਲ-ਕਮ-ਕੇਂਦਰ ਕੰਟਰੋਲਰ, ਸੁਪਰਡੈਂਟ ਅਤੇ ਡਿਪਟੀ ਕੰਟਰੋਲਰ(ਵਿਜ਼ੀਲੈਂਸ) ਨਾਲ ਜੂੰਮ ਐਪ ਰਾਹੀਂ ਮੀਟਿੰਗ ਵੀ ਲਈ ਜਾਵੇਗੀ।