Arash Info Corporation

ਨਾਜਾਇਜ਼ ਮਾਈਨਿੰਗ: ਬਜਰੀ ਨਾਲ ਲੱਦੀਆਂ 9 ਟਰਾਲੀਆਂ ਜ਼ਬਤ

15

October

2018

ਡੇਰਾਬਸੀ, ਪੁਲੀਸ ਨੇ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਕਾਰਵਾਈ ਕਰਦਿਆਂ ਕਕਰਾਲੀ ਘੱਗਰ ਨਦੀ ਨੇੜੇ ਬੀਤੀ ਰਾਤ ਛਾਪਾ ਮਾਰ ਕੇ ਗਰੈਵਲ ਨਾਲ ਲੱਦੀਆਂ 9 ਟਰਾਲੀਆਂ ਜ਼ਬਤ ਕੀਤੀਆਂ ਹਨ। ਇਸੇ ਦੌਰਾਨ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਪੁਲੀਸ ਵੱਲੋਂ ਕੁੱਲ ਸੱਤ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਜਿਨ੍ਹਾਂ ਵਿਚੋਂ ਚਾਰ ਮੁਲਜ਼ਮ ਫ਼ਰਾਰ ਹਨ। ਇਸੇ ਦੌਰਾਨ ਪੁਲੀਸ ਨੇ ਚੋਰੀ ਦਾ ਮਾਲ ਖਰੀਦ ਰਹੇ ਕਰੱਸ਼ਰ ਮਾਲਕ ਖ਼ਿਲਾਫ਼ ਕਥਿਤ ਤੌਰ ’ਤੇ ਕਾਰਵਾਈ ਨਹੀਂ ਕੀਤੀ ਜਿਸ ਕਾਰਨ ਪੁਲੀਸ ਦੀ ਕਾਰਵਾਈ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਮੌਕੇ ’ਤੇ ਮਾਈਨਿੰਗ ਮਾਫੀਆ ਵੱਲੋਂ ਢਕੋਲੀ ਦੇ ਥਾਣਾ ਮੁਖੀ ਸਹਾਇਕ ਇੰਸਪੈਕਟਰ ਜਗਜੀਤ ਸਿੰਘ ਨਾਲ ਬਦਸਲੂਕੀ ਕੀਤੀ ਗਈ। ਇਸ ਮਗਰੋਂ ਉਨ੍ਹਾਂ ਨੇ ਪੂਰੇ ਸਬ-ਡਿਵੀਜ਼ਨ ਦੀ ਫੋਰਸ ਬੁਲਾ ਕੇ ਕਾਰਵਾਈ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਸਹਾਇਕ ਇੰਸਪੈਕਟਰ ਜਗਜੀਤ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਘੱਗਰ ਨਦੀ ਵਿੱਚ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਉਹ ਮੌਕੇ ’ਤੇ ਛਾਪਾ ਮਾਰਨ ਲਈ ਪਹੁੰਚੇ ਤੇ ਘੱਗਰ ਨਦੀ ਵਿੱਚ ਟਰੈਕਟਰ-ਟਰਾਲੀਆਂ ਰਾਹੀਂ ਗਰੈਵਲ ਦੀ ਚੋਰੀ ਹੋ ਰਹੀ ਸੀ। ਉਨ੍ਹਾਂ ਨੂੰ ਦੇਖ ਕੇ ਮੌਕੇ ’ਤੇ ਨਾਜਾਇਜ਼ ਮਾਈਨਿੰਗ ਕਰ ਰਹੇ ਲੋਕ ਉਨ੍ਹਾਂ ਦੇ ਗਲ ਪੈ ਗਏ। ਜਗਜੀਤ ਸਿੰਘ ਵੱਲੋਂ ਮਾਮਲੇ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਜਿਸ ਨੂੰ ਦੇਖਦਿਆਂ ਮੌਕੇ ’ਤੇ ਏਐਸਪੀ ਹਰਮਨ ਹਾਂਸ ਦੀ ਅਗਵਾਈ ਹੇਠ ਸਬ-ਡਿਵੀਜ਼ਨ ਡੇਰਾਬਸੀ ਦੀ ਪੁਲੀਸ ਫੋਰਸ ਬੁਲਾਈ ਗਈ। ਥਾਣਾ ਮੁਖੀ ਡੇਰਾਬਸੀ ਮਹਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਸੱਤ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ ਜਿਨ੍ਹਾਂ ਵਿੱਚੋਂ ਤਿੰਨ ਜਣੇ ਗੁਰਚਰਨ ਸਿੰਘ, ਚਰਨਜੀਤ ਸਿੰਘ ਅਤੇ ਨਿਰਪਾਲ ਸਿੰਘ ਸਾਰੇ ਵਾਸੀ ਪਿੰਡ ਕਕਰਾਲੀ ਗ੍ਰਿਫ਼ਤਾਰ ਕਰ ਲਏ ਜਦਕਿ ਚਾਰ ਜਣੇ ਲਖਵੀਰ ਸਿੰਘ, ਜਸਪਾਲ ਸਿੰਘ, ਗੁਰਜੰਟ ਸਿੰਘ ਅਤੇ ਮੰਗਾ ਫ਼ਰਾਰ ਹਨ। ਥਾਣਾ ਮੁਖੀ ਢਕੋਲੀ ਜਗਜੀਤ ਸਿੰਘ ਨੇ ਕਿਹਾ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਛਾਪਾ ਮਾਰਿਆ ਗਿਆ ਸੀ ਪਰ ਮਾਫੀਆ ਬਦਸਲੂਕੀ ’ਤੇ ਉਤਰ ਆਇਆ। ਉਨ੍ਹਾਂ ਵੱਲੋਂ ਹੋਰ ਫੋਰਸ ਬੁਲਾ ਕੇ ਕਾਬੂ ਕੀਤੀਆਂ ਟਰੈਕਟਰ-ਟਰਾਲੀਆਂ ਤੇ ਮੁਲਜ਼ਮਾਂ ਨੂੰ ਡੇਰਾਬੱਸੀ ਪੁਲੀਸ ਦੇ ਹਵਾਲੇ ਕਰ ਦਿੱਤਾ ਹੈ।