ਪਹਿਲਾਂ ਪਾਣੀਆਂ ਤੇ ਹੁਣ 'ਕਿਸਾਨੀ ਦਾ ਰਾਖਾ' ਬਣੇ ਕੈਪਟਨ ਅਮਰਿੰਦਰ ਸਿੰਘ : ਧੀਮਾਨ

21

October

2020

ਅਮਰਗੜ੍ਹ,21 ਅਕਤੂਬਰ (ਹਰੀਸ਼ ਅਬਰੋਲ) ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਵਿਰੋਧੀ ਬਿਲਾਂ ਦੇ ਖ਼ਿਲਾਫ਼ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਵਿੱਚ ਸੂਬੇ ਦੇ ਕਿਸਾਨ ਤੇ ਕਿਸਾਨੀ ਨਾਲ ਜੁੜੇ ਤਾਮਾਮ ਲੋਕਾਂ ਦੇ ਹਿੱਤਾਂ ਨੂੰ ਬਚਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਿੰਨ ਬਿੱਲ ਪੇਸ਼ ਕਰਕੇ ਜਿੱਥੇ ਭਾਜਪਾ ਦੀ ਕੇਂਦਰ ਸਰਕਾਰ ਨੂੰ ਦੱਸ ਦਿੱਤਾ ਹੈ ਕਿ ਪੰਜਾਬੀ ਉਨ੍ਹਾਂ ਦੇ ਜ਼ੁਲਮਾਂ ਨਾਲ ਝੁਕਣ ਵਾਲੇ ਨਹੀਂ ਹਨ ਉਥੇ ਹੀ ਉਹ ਪੰਜਾਬ, ਪੰਜਾਬੀਅਤ ਅਤੇ ਪੰਜਾਬੀਆਂ ਲਈ ਇੱਕ ਢਾਲ ਬਣ ਕੇ ਖੜ੍ਹੇ 'ਤੇ ਇੱਕ ਯੋਧਾ ਬਣਕੇ ਲਡ਼ੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਵਿਧਾਇਕ ਸੁਰਭੀ ਧੀਮਾਨ ਨੇ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਲੱਖਾਂ ਏਕੜ ਧਰਤੀ ਨੂੰ ਬੰਜਰ ਹੋਣ ਤੋਂ ਬਚਾਉਣ ਲਈ ਪਾਣੀਆਂ ਦੇ ਮੁੱਦੇ ਤੇ ਸਖ਼ਤ ਸਟੈਂਡ ਲਿਆ ਸੀ, ਬਿਲਕੁਲ ਉਸੇ ਤਰ੍ਹਾਂ ਹੀ ਹੁਣ ਵੀ ਉਨ੍ਹਾਂ ਮੁੱਖ ਮੰਤਰੀ ਦੀ ਕੁਰਸੀ ਦੀ ਵੀ ਪ੍ਰਵਾਹ ਨਾ ਕਰਦੇ ਹੋਏ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਕੇਂਦਰੀ ਬਿਲਾਂ ਖ਼ਿਲਾਫ਼ ਤਿੰਨ ਬਿੱਲ ਪੇਸ਼ ਕਰਕੇ ਇਕ ਮਿਸਾਲ ਪੇਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਨੂੰ ਜਿੱਥੇ ਪਹਿਲਾਂ ਪੰਜਾਬੀ 'ਪਾਣੀਆਂ ਦਾ ਰਾਖਾ' ਆਖਦੇ ਸਨ ਉਥੇ ਹੁਣ ਉਨ੍ਹਾਂ ਨੂੰ 'ਕਿਸਾਨੀ ਦਾ ਰਾਖਾ' ਵੀ ਕਿਹਾ ਜਾਣ ਲੱਗਾ ਹੈ। ਇਸ ਮੌਕੇ ਜਿੱਥੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਵੀ ਮੁੱਖ ਮੰਤਰੀ ਦੇ ਇਸ ਕਦਮ 'ਤੇ ਜਜ਼ਬੇ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ ਉਥੇ ਹੀ ਅਮਰਗੜ੍ਹ ਵਿਖੇ ਕਾਂਗਰਸੀਆਂ ਵੱਲੋਂ ਮਨਜਿੰਦਰ ਸਿੰਘ ਬਿੱਟਾ ਪੀਏ ਧੀਮਾਨ ਦੀ ਹਾਜ਼ਰੀ ਵਿੱਚ ਕਿਸਾਨਾਂ, ਮਜ਼ਦੂਰਾਂ ਤੇ ਆੜ੍ਹਤੀਆਂ ਦਾ ਮੂੰਹ ਮਿੱਠਾ ਕਰਵਾਉਂਦਿਆਂ ਲੱਡੂ ਵੰਡੇ ਗਏ। ਇਸ ਮੌਕੇ ਮਹਿੰਦਰ ਸਿੰਘ ਸਹਿਰੀ ਪ੍ਰਧਾਨ, ਬਲਾਕ ਪ੍ਰਧਾਨ ਜਗਰੂਪ ਸਿੰਘ ਬਿੱਟੂ, ਸਰਬਜੀਤ ਸਿੰਘ ਗੋਗੀ, ਪ੍ਰਧਾਨ ਰਾਹੁਲ ਸਿੰਗਲਾ, ਚੇਅਰਮੈਨ ਪਲਵਿੰਦਰ ਚੰਨਾ, ਗੁਰਮੀਤ ਸਿੰਘ ਨਾਰੀਕੇ, ਨਿਰਮਲਜੀਤ ਸਿੰਘ ਢੀਡਸਾ, ਪ੍ਰਿਤਪਾਲ ਸਿੰਘ ਰੂਬਲ, ਕੇਸਰ ਸਿੰਘ ਚੌਂਦਾ, ਗੁਰੀ ਸਰਬਰਪੁਰ,ਰੌਕੀ ਢੀਂਡਸਾ ਚੋਂਦਾ,ਦਵਾਰਕਾ ਦਾਸ ਭੋਲਾ ਆਦਿ ਆਗੂਆਂ ਨੇ ਬੇਹੱਦ ਖ਼ੁਸ਼ੀ ਦਾ ਇਜ਼ਹਾਰ ਕੀਤਾ।