ਸ਼ਹੀਦ ਹੀ ਦੇਸ਼ ਦਾ ਸਰਮਾਇਆ ਹੁੰਦੇ ਹਨ

21

October

2020

21 ਅਕਤੂਬਰ ਨੂੰ ਹਰ ਸਾਲ ਪੁਲਿਸ ਫੋਰਸ/ ਪੈਰਾ ਮਿਲਟਰੀ ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ। ਜਿਨ੍ਹਾਂ ਨੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਕਰਦੇ ਹੋਏ ਆਪਣੇ ਜੀਵਨ ਦਾ ਬਲੀਦਾਨ ਦਿੱਤਾ। 21 ਅਕਤੂਬਰ 1959 ਨੂੰ ਭਾਰਤ ਅਤੇ ਤਿੱਬਤ (ਹੁਣ ਚੀਨ) ਬਾਰਡਰ ਨੇੜੇ ਹੌਟ ਸਪਰਿੰਗਜ਼ ਪੂਰਬੀ ਲੱਦਾਖ ਏਰੀਆ ਵਿੱਚ ਭਾਰਤੀ ਪੁਲਿਸ ਕ੍ਰਮਚਾਰੀ ਬਾਰਡਰ ਤੇ ਸੁਰੱਖਿਆ ਡਿਊਟੀ ਕਰ ਰਹੇ ਸੀ ਤਾਂ ਚੀਨੀ ਫੌਜ ਦੁਆਰਾ ਪੁਲਿਸ ਪਾਰਟੀ ਤੇ ਗੋਲਾਬਾਰੀ ਕੀਤੀ, ਜਿਸ ਵਿੱਚ ਮੌਕਾ ਪਰ ਹੀ 10 ਜਵਾਨ ਸ਼ਹੀਦ ਹੋ ਗਏ ਸਨ। ਇਨ੍ਹਾਂ ਪੁਲਿਸ ਕ੍ਰਮਚਾਰੀਆ ਦੁਆਰਾ ਆਪਣੀ ਮਾਤਰ ਭੂਮੀ ਦੀ ਰੱਖਿਆ ਕਰਦੇ ਹੋਏ ਦੇਸ਼ ਦੀ ਖਾਤਰ ਆਪਣੇ ਸਰੀਰ ਦਾ ਬਲੀਦਾਨ ਦਿੱਤਾ ਅਤੇ ਕੁਰਬਾਨੀ ਦੀ ਅਨੋਖੀ ਮਿਸਾਲ ਕਾਇਮ ਕੀਤੀ। ਜਨਵਰੀ 1960 ਵਿੱਚ ਸਾਰੇ ਰਾਜਾ ਦੇ ਪੁਲਿਸ ਮੁਖੀਆ ਦੀ ਸਲਾਨਾ ਕਾਨਫਰੰਸ ਦੌਰਾਂਨ ਇਹ ਫੈਸਲਾ ਲਿਆ ਗਿਆ ਸੀ ਕਿ 21 ਅਕਤੂਬਰ ਨੂੰ ਸ਼ਹੀਦੀ ਦਿਵਸ ਦੇ ਤੌਰ ਤੇ ਮਨਾਇਆ ਜਾਵੇ ਤਾਂ ਜੋ ਦੇਸ਼ ਦੀ ਏਕਤਾ, ਅਖੰਡਤਾ ਅਤੇ ਲੋਕਾਂ ਦੀ ਜਾਨ/ਮਾਲ ਦੀ ਸੁਰੱਖਿਆ ਕਰਦੇ ਹੋਏ ਜਿਨ੍ਹਾਂ ਪੁਲਿਸ ਕ੍ਰਮਚਾਰੀਆਂ ਨੇ ਆਪਣੀ ਜਾਨ ਨਿਸ਼ਾਵਰ ਕੀਤੀ ਹੈ ਨੂੰ ਯਾਦ ਕੀਤਾ ਜਾ ਸਕੇ ਅਤੇ ਸ਼ਹੀਦਾਂ ਅੱਗੇ ਸਿਰ ਨਮਨ ਕੀਤਾ ਜਾ ਸਕੇ। ਅਜਾਦੀ ਤੋਂ ਲੈ ਕੇ ਅਗਸਤ 2019 ਤੱਕ 35,180 ਪੁਲਿਸ ਕ੍ਰਮਚਾਰੀਆਂ/ ਅਧਿਕਾਰੀਆਂ ਨੇ ਦੇਸ਼ ਦੀ ਅਖੰਡਤਾ ਅਤੇ ਲੋਕਾਂ ਦੀ ਜਾਨ ਦੀ ਸੁਰੱਖਿਆ ਲਈ ਆਪਣੀਆਂ ਜਾਨਾਂ ਵਾਰੀਆ ਹਨ ਅਤੇ ਪੁਲਿਸ ਵਿਭਾਗ ਦਾ ਨਾਮ ਆਪਣੀ ਜਾਨ ਕੁਰਬਾਨ ਕਰਕੇ ਉੱਚਾ ਕੀਤਾ ਹੈ। ਸ਼ਹੀਦ ਕਿਸੇ ਵੀ ਦੇਸ਼, ਕੌਮ ਅਤੇ ਆਪਣੀ ਸੰਸਥਾ ਦਾ ਸਰਮਾਇਆ ਹੁੰਦੇ ਹਨ। ਕਈ ਪੁਲਿਸ ਫੋਰਸ ਦੀਆਂ ਯੂਨਿਟਾਂ ਨੂੰ ਵੀ ਉਨ੍ਹਾਂ ਦੀ ਫੋਰਸ ਦੁਆਰਾ ਕੀਤੀਆ ਗਈਆਂ ਕੁਰਬਾਨੀਆਂ ਕਰਕੇ ਯਾਦ ਕੀਤਾ ਜਾਂਦਾ ਹੈ। ਜੋ ਆਪਣੀ ਯੂਨਿਟ ਦਾ ਚਾਨਣ ਮੁਨਾਰਾ ਹੁੰਦੇ ਹਨ। ਸ਼ਹੀਦਾਂ ਦੇ ਬਲੀਦਾਨ ਨੂੰ ਅੱਖੋ ਪਰੋਖੇ ਨਹੀਂ ਕੀਤਾ ਜਾ ਸਕਦਾ। ਬੜੀ ਦੁੱਖ ਦੀ ਗੱਲ ਹੈ ਕਿ ਕਈ ਕਲਾਕਾਰਾਂ ਦੁਆਰਾ ਲੱਚਰ ਗਾਇਕੀ ਨਾਲ ਸੱਭਿਆਚਾਰ ਨੂੰ ਖਰਾਬ ਕੀਤਾ ਜਾ ਰਿਹਾ ਹੈ ਅਤੇ ਨੌਜਵਾਨ ਪੀੜੀ ਉਨ੍ਹਾਂ ਕਲਾਕਾਰਾ ਦੀਆਂ ਫੋਟੋਆਂ ਨੂੰ ਦੇਖਦੇ ਹੀ ਉਨ੍ਹਾਂ ਨੂੰ ਪਹਿਚਾਣ ਲੈਂਦੇ ਹਨ। ਇਸ ਲਈ ਇਨ੍ਹਾਂ ਸ਼ਹੀਦਾਂ ਨੂੰ ਯਾਦ ਕਰਨ ਲਈ 21 ਅਕਤੂਬਰ ਨੂੰ ਪੁਲਿਸ ਜਿਲ੍ਹਾ ਹੈੱਡਕੁਆਟਰਾ ਤੇ ਦਿਹਾੜਾ ਮਨਾਇਆ ਜਾਂਦਾ ਹੈ ਤਾਂ ਜੋ ਸ਼ਹੀਦਾਂ ਦਾ ਸੰਦੇਸ਼ ਹਰ ਪੁਲਿਸ ਕ੍ਰਮਚਾਰੀ ਦੇ ਮਨ ਵਿੱਚ ਵਸਾਇਆ ਜਾ ਸਕੇ ਅਤੇ ਕੁਰਬਾਨੀ ਦਾ ਜਜਬਾ ਪੈਦਾ ਕੀਤਾ ਜਾ ਸਕੇ। ਜਦੋਂ ਕੋਈ ਵੀ ਸੁਰੱਖਿਆ ਫੋਰਸ ਦਾ ਮੈਂਬਰ ਦੇਸ਼ ਦੀ ਆਨ ਅਤੇ ਸ਼ਾਨ ਲਈ ਆਪਣਾ ਬਲੀਦਾਨ ਦਿੰਦਾ ਹੈ ਤਾਂ ਉਸ ਸਮੇਂ ਹਰ ਵਰਗ ਦੇ ਲੋਕਾਂ ਦੁਆਰਾ ਉਨ੍ਹਾਂ ਦੇ ਸਤਿਕਾਰ ਵਜੋਂ ਅੰਤਿਮ ਰਸਮਾ ਵਿੱਚ ਸ਼ਾਮਲ ਹੁੰਦੇ ਹਨ ਅਤੇ ਸ਼ਹੀਦ ਪ੍ਰੀਵਾਰਾ ਨਾਲ ਹਮਦਰਦੀ ਵੀ ਜਾਹਰ ਕਰਦੇ ਹਨ। ਜਿਸ ਤੇ ਆਪਸੀ ਭਾਈਚਾਰਕ ਸਾਂਝ ਦੀ ਨਵੀਂ ਮਿਸਾਲ ਪੈਦਾ ਹੁੰਦੀ ਹੈ ਕਿਉਂਕਿ ਸ਼ਹੀਦ ਕਿਸੇ ਇੱਕ ਵਰਗ ਦੇ ਨਾਲ ਸੀਮਤ ਨਹੀਂ ਹੁੰਦੇ, ਜੋ ਸਾਰੇ ਸਮਾਜ ਦੇ ਨਾਇਕ ਹੁੰਦੇ ਹਨ। ਕਿਸੇ ਸ਼ਾਇਰ ਨੇ ਠੀਕ ਕਿਹਾ ਹੈ ਕਿ “ ਜਿੱਥੇ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ“ ਸ਼ਹੀਦਾਂ ਦੇ ਬਲੀਦਾਨ ਨਾਲ ਸਮਾਜ ਦੀ ਕਾਇਆ ਪਲਟ ਜਾਂਦੀ ਹੈ। ਆਪਣੀ ਜਾਨ ਦੇ ਕੇ ਦੇਸ਼ ਨੂੰ ਅਬਾਦ ਕਰਨ ਦਾ ਸੰਕਲਪ ਉਨ੍ਹਾਂ ਦੇ ਦਿਲਾਂ ਵਿੱਚ ਆਖਰੀ ਸਾਹ ਤੱਕ ਜਿਊਂਦਾ ਰਹਿੰਦਾ ਹੈ ਅਤੇ ਆਉਣ ਵਾਲੀਆ ਪੀੜ੍ਹੀਆ ਲਈ ਪ੍ਰੇਰਨਾ ਦਾਇਕ ਸਿੱਧ ਹੁੰਦਾ ਹੈ। ਇਸ ਲਈ ਹਰੇਕ ਨਾਗਰਿਕ ਦਾ ਫਰਜ ਬਣਦਾ ਹੈ ਕਿ 21 ਅਕਤੂਬਰ ਨੂੰ ਪੁਲਿਸ ਫੋਰਸ ਦੇ ਸ਼ਹੀਦਾਂ ਨੂੰ ਯਾਦ ਕਰੀਏ, ਜਿਨ੍ਹਾਂ ਨੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਲੋਕਾਂ ਦੇ ਹਿੱਤਾ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਹਨ। ਪੰਜਾਬ ਪੁਲਿਸ ਦੇ ਕ੍ਰਮਚਾਰੀਆਂ/ਅਧਿਕਾਰੀਆਂ ਨੇ ਕੋਵਿਡ ਮਹਾਂਮਾਰੀ ਦੌਰਾਂਨ ਆਪਣੇ ਫਰਜ਼ਾ ਦੀ ਪਾਲਣਾ ਕਰਦੇ ਹੋਏ 39 ਪੁਲਿਸ ਕ੍ਰਮਚਾਰੀਆਂ/ ਅਧਿਕਾਰੀਆਂ ਦੁਆਰਾ ਆਪਣੀ ਜਿੰਦਗੀ ਦਾ ਸਰਬ ਉੱਚ ਬਲੀਦਾਨ ਦਿੱਤਾ। ਜਿਨ੍ਹਾਂ ਵਿੱਚ ਜਿਲ੍ਹਾ ਫਤਹਿਗੜ੍ਹ ਸਾਹਿਬ ਦੇ ਸਹਾਇਕ ਥਾਣੇਦਾਰ ਦਵਿੰਦਰ ਸਿੰਘ ਅਤੇ ਸਿਪਾਹੀ ਮਨਜੀਤ ਸਿੰਘ ਨੇ ਆਪਣੀਆਂ ਕੀਮਤੀ ਜਾਨਾਂ ਨੂੰ ਆਪਣੇ ਫਰਜ਼ਾ ਦੀ ਪਾਲਣਾ ਕਰਦੇ ਹੋਏ ਨਿਸ਼ਾਵਰ ਕੀਤਾ। ਅੱਤਵਾਦ ਦੌਰਾਂਨ ਵੀ ਪੰਜਾਬ ਵਿੱਚ ਅਮਨ ਸ਼ਾਂਤੀ ਦੀ ਬਹਾਲੀ ਲਈ ਕ੍ਰਮਚਾਰੀਆਂ/ਅਧਿਕਾਰੀਆਂ ਨੇ ਆਪਣੇ ਜੀਵਨ ਦਾ ਸਰਬ ਉੱਚ ਬਲੀਦਾਨ ਦਿੱਤਾ ਅਤੇ ਪੰਜਾਬ ਪੁਲਿਸ ਦਾ ਨਾਮ ਸਾਰੇ ਭਾਰਤ ਵਿੱਚ ਉੱਚਾ ਕੀਤਾ। ਗਲਵਾਨ ਘਾਟੀ ਵਿੱਚ 14/15 ਸਤੰਬਰ 2020 ਦੀ ਦਰਮਿਆਨੀ ਰਾਤ ਨੂੰ ਭਾਰਤੀ ਸੈਨਾਂ ਨੇ ਚੀਨੀ ਫੌਜ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਅਤੇ ਤੀਸਰੀ ਯੂਨਿਟ ਪੰਜਾਬ ਦੇ ਸਿਪਾਹੀ ਗੁਰਤੇਜ ਸਿੰਘ ਉਮਰ ਕਰੀਬ 22 ਸਾਲ ਜੋ ਜਿਲ੍ਹਾ ਮਾਨਸਾ ਨਾਲ ਸਬੰਧ ਰੱਖਦਾ ਸੀ ਨੇ ਸ਼ਹੀਦੀ ਜਾਮ ਪੀਣ ਤੋਂ ਪਹਿਲਾਂ 12 ਚੀਨੀ ਫੌਜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਭਾਰਤੀ ਸੈਨਾਂ ਦਾ ਝੰਡਾ ਸਾਰੀ ਦੁਨੀਆਂ ਵਿੱਚ ਬੁਲੰਦ ਕੀਤਾ। ਜੁਰਮ ਮੁਕਤ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਦਾ ਸੰਕਲਪ ਹੀ ਸ਼ਹੀਦਾਂ ਲਈ ਸੱਚੀ ਸ਼ਰਧਾਂਜਲੀ ਹੋਵੇਗੀ। ਪੰਜਾਬ ਪੁਲਿਸ ਜਿਲ੍ਹਾ ਫਤਹਿਗੜ੍ਹ ਸਾਹਿਬ ਵੱਲੋਂ ਵੀ ਸਾਰੇ ਸ਼ਹੀਦਾਂ ਨੂੰ ਪ੍ਰਣਾਮ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਆਪਣੇ ਫਰਜਾ ਦੀ ਪਾਲਣਾ ਕਰਦੇ ਹੋਏ ਆਪਣੀਆਂ ਜਾਨਾਂ ਦੇਸ਼ ਲਈ ਨਿਸ਼ਾਵਰ ਕੀਤੀਆ ਹਨ। ਮੈਂ ਉਨ੍ਹਾਂ ਸਾਰੇ ਸ਼ਹੀਦਾਂ ਦਾ ਆਖਰੀ ਸਾਹ ਤੱਕ ਰਿਣੀ ਰਹਾਗਾ, ਜਿਨ੍ਹਾਂ ਨੇ ਦੇਸ਼ ਦੀ ਖਾਤਰ ਆਪਣਾ ਬਲੀਦਾਨ ਦਿੱਤਾ। ਇਸ ਲਈ ਸਾਨੂੰ ਸ਼ਹੀਦਾਂ ਦੀ ਯਾਦ ਨੂੰ ਆਪਣੇ ਦਿਲਾਂ ਵਿੱਚ ਵਸਾਉਣਾ ਚਾਹੀਦਾ ਹੈ ਅਤੇ ਸ਼ਰਦਾ ਪੂਰਵਕ ਆਪਣਾ ਸ਼ੀਸ ਝੁਕਾਉਣਾ ਚਾਹੀਦਾ ਹੈ। ਆਉ 21 ਅਕਤੂਬਰ ਨੂੰ ਸਾਰੇ ਸ਼ਹੀਦਾਂ ਨੂੰ ਨਮਨ ਕਰੀਏ। ਰਘਬੀਰ ਸਿੰਘ ਪੀ.ਪੀ.ਐਸ, ਉਪ ਕਪਤਾਨ ਪੁਲਿਸ (ਡਿਟੈਕਟਿਵ), ਜਿਲ੍ਹਾ ਫਤਹਿਗੜ੍ਹ ਸਾਹਿਬ। 99156-44338