ਕੂੰਮਕਲਾਂ ਸਬ-ਤਹਿਸੀਲ ਵਿੱਚ ਭ੍ਰਿਸ਼ਟਾਚਾਰ ਹੋਣ ਦੇ ਦੋਸ਼

13

October

2018

ਮਾਛੀਵਾੜਾ, ਹਲਕਾ ਸਾਹਨੇਵਾਲ ਅਧੀਨ ਪੈਂਦੀ ਕੂੰਮਕਲਾਂ ਸਬ-ਤਹਿਸੀਲ ਵਿੱਚ ਰਜਿਸਟਰੀ ਪ੍ਰਕਿਰਿਆ ਮੁਕੰਮਲ ਕਰਵਾਉਣ ਵਾਲੇ ਤਹਿਸੀਲ ਦੇ ਬਾਹਰ ਖੋਖੇ ਲਾ ਕੇ ਬੈਠੇ ਕੁਝ ਗੈਰ ਸਰਕਾਰੀ ਵਿਅਕਤੀਆਂ ਵਲੋਂ ਭ੍ਰਿਸ਼ਟਾਚਾਰ ਕੀਤਾ ਜਾ ਰਿਹਾ ਹੈ ਤੇ ਹਰ ਰਜਿਸਟਰੀ ਵਾਲੇ ਤੋਂ ਹਜ਼ਾਰਾਂ ਰੁਪਏ ਵਾਧੂ ਵਸੂਲੇ ਜਾ ਰਹੇ ਹਨ। ਮਾਛੀਵਾੜਾ ਇਲਾਕੇ ਦੇ ਕਾਂਗਰਸੀ ਆਗੂ ਛਿੰਦਰਪਾਲ ਹਿਯਾਤਪੁਰ ਨੇ ਦੱਸਿਆ ਕਿ ਜਦੋਂ 2 ਦਿਨ ਪਹਿਲਾਂ ਉਹ ਆਪਣੇ ਕਿਸੇ ਪਛਣ ਵਾਲੇ ਵਿਅਕਤੀ ਦੀ ਜਾਇਦਾਦ ਦੀ ਰਜਿਸਟਰੀ ਕਰਾਉਣ ਲਈ ਕੂੰਮਕਲਾਂ ਸਬ-ਤਹਿਸੀਲ ’ਚ ਗਏ ਤਾਂ ਉੱਥੇ ਬਾਹਰ ਬੈਠੇ ਇੱਕ ਵਸੀਕਾ ਨਵੀਸ ਨੇ ਰਜਿਸਟਰੀ ਕਰਵਾਉਣ ਲਈ ਵਸੂਲੀ ਜਾਂਦੀ ਫੀਸ ਦੇ ਨਾਂ ’ਤੇ ਭ੍ਰਿਸ਼ਟਾਚਾਰ ਦੀਆਂ ਧੱਜੀਆਂ ਉਡਾ ਦਿੱਤੀਆਂ। ਉਨ੍ਹਾਂ ਕਿਹਾ ਕਿ ਸਰਕਾਰੀ ਦਫ਼ਤਰਾਂ ’ਚ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਭ੍ਰਿਸ਼ਟਾਚਾਰ ਤਾਂ ਘਟਿਆ ਹੈ ਪਰ ਸਰਕਾਰੀ ਦਫ਼ਤਰਾਂ ਦੇ ਬਾਹਰ ਬੈਠੇ ਮਨਜ਼ੂਰਸ਼ੁਦਾ ਏਜੰਟ ਲੋਕਾਂ ਦੀ ਲੁੱਟ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕੁਝ ਤਹਿਸੀਲਾਂ ’ਚ ਤਾਂ 200-300 ਰੁਪਏ ਕੰਪਿਊਟਰ ਵਾਲੇ ਆਨਲਾਈਨ ਫੀਸ ਵਸੂਲਦੇ ਹਨ ਪਰ ਕੂੰਮਕਲਾਂ ਸਬ-ਤਹਿਸੀਲ ’ਚ ਤਾਂ ਇੱਕ ਵਸੀਕਾ ਵੱਲੋਂ ਉਨ੍ਹਾਂ ਤੋਂ 2 ਹਜ਼ਾਰ ਰੁਪਏ ਆਨਲਾਈਨ ਰਜਿਸਟਰੀ ਦਾ ਸਮਾਂ ਲੈਣ ਲਈ ਵਸੂਲੇ ਗਏ। ਤਹਿਸੀਲਾਂ ਦੇ ਬਾਹਰ ਬੈਠੇ ਵਸੀਕਾ ਨਵੀਸ ਰਜਿਸਟਰੀ ਲਿਖਣ ਦੀ ਸਰਕਾਰੀ ਫੀਸ 270 ਰੁਪਏ ਹੈ ਪਰ ਕੁਝ ਕਾਗਜ਼ੀ ਪ੍ਰਕਿਰਿਆ ਵੱਧ ਹੋਣ ਕਾਰਨ 500 ਤੋਂ 600 ਰੁਪਏ ਵਸੂਲ ਲੈਂਦੇ ਹਨ। ਕਾਂਗਰਸ ਆਗੂ ਨੇ ਦੱਸਿਆ ਕਿ ਨੰਬਰਦਾਰ ਦੀ ਰਜਿਸਟਰੀ ’ਚ ਗਵਾਹੀ ਪਾਉਣ ਦੇ ਨਾਂ ’ਤੇ ਵੀ ਇਹ ਵਸੀਕਾ ਨਵੀਸ ਜਾਇਦਾਦ ਵਾਲਿਆਂ ਤੋਂ ਵਾਧੂ ਪੈਸੇ ਵਸੂਲਦੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਇਸ ਵਾਧੂ ਫੀਸ ਬਾਰੇ ਵਸੀਕਾ ਨਵੀਸ ਨਾਲ ਬਹਿਸ ਕੀਤੀ ਤਾਂ ਉਸਨੇ ਕਿਹਾ ਕਿ ਸਾਰੀ ਤਹਿਸੀਲ ’ਚ ਇਹੀ ਰੇਟ ਹੈ ਜਿਸ ਕਾਰਨ ਮਜਬੂਰਨ ਪੈਸੇ ਦੇਣੇ ਪਏ। ਛਿੰਦਰਪਾਲ ਹਿਯਾਤਪੁਰ ਨੇ ਕਿਹਾ ਕਿ ਉਹ ਇਸ ਸਬੰਧੀ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤ ਕਰਨਗੇ।