Arash Info Corporation

ਇਹ ਸਲੀਕੇ ਅਪਣਾਈਏ ਅਤੇ ਚੰਗੇ ਗੁਆਂਢੀ ਬਣ ਜਾਈਏ.....

11

September

2020

ਆਮ ਧਾਰਣਾ ਹੈ ਕਿ ਖ਼ੂਨ ਦੇ ਰਿਸ਼ਤਿਆਂ ਨਾਲੋਂ ਗਵਾਂਢ ਦਾ ਰਿਸ਼ਤਾ ਜ਼ਿਆਦਾ ਨਜ਼ਦੀਕ ਅਤੇ ਭਰੋਸੇਮੰਦ ਹੁੰਦਾ ਹੈ ਕਿਉਂਕਿ ਦੁੱਖ-ਸੁੱਖ ਵੇਲ਼ੇ ਜਦੋਂ ਕਿਸੇ ਦੀ ਲੋੜ ਹੁੰਦੀ ਹੈ ਤਾਂ ਰਿਸ਼ਤੇਦਾਰਾਂ ਨਾਲੋਂ ਵੀ ਪਹਿਲਾਂ ਹਾਜਰ ਹੋ ਜਾਂਦੇ ਹਨ ਗੁਆਂਢੀ।ਉਹ ਗੁਆਂਢੀ ਹੀ ਹਨ, ਜਿਨ੍ਹਾਂ ਨਾਲ ਸਾਡੀ ਰਾਤ-ਦਿਨ ਦੀ ਸਾਂਝ ਹੁੰਦੀ ਹੈ। ਇਕ ਵਧੀਆ ਆਸਰਾ ਅਤੇ ਮਜ਼ਬੂਤ ਥੰਮ੍ਹ ਦਾ ਰੂਪ ਹੁੰਦਾ ਹੈ, ਇੱਕ ਚੰਗਾ ਗੁਆਂਢ । ਰੱਬ ਨਾ ਕਰੇ ਕਿਸੇ ਨੂੰ ਮਾੜਾ ਗੁਆਂਡ ਟੱਕਰ ਜਾਵੇ ਤਾਂ ਚੌਵੀ ਘੰਟੇ ਦਾ ਕਲੇਸ਼ ਅਤੇ ਦਿਮਾਗੀ ਪ੍ਰੇਸ਼ਾਨੀ ਸਿਰ ਤੇ ਮੱਛਰਾਂ ਵਾਂਗ ਮੰਡਰਾਉਂਦੀ ਰਹਿੰਦੀ ਹੈ। ਇੱਕ ਕਹਾਵਤ ਵੀ ਤਾਂ ਬਣੀ ਹੈ ਕਿ ਚੰਦਰਾ ਗੁਆਂਢ ਨਾ ਹੋਵੇ ਅਤੇ..... ਪੁਰਾਣੇ ਸਮਿਆਂ ਵਿਚ ਤਾਂ ਗੁਆਂਢੀਆਂ ਨਾਲ ਸਬਜ਼ੀ ਦੀਆਂ ਕੌਲੀਆਂ ਤੱਕ ਵਟਾਉਣ ਦਾ ਰਿਵਾਜ਼ ਹੁੰਦਾ ਸੀ।ਇੱਥੋਂ ਤੱਕ ਕਿ ਪ੍ਰਾਹੁਣੇ ਅਪੜਨ ਤੇ ਜੇਕਰ ਘਰ ਵਿਚ ਖੰਡ, ਆਟਾ ਆਦਿ ਵੀ ਮੁੱਕ ਜਾਂਦਾ ਸੀ ਤਾਂ ਝੱਟ ਗਵਾਂਢੀਆ ਤੋਂ ਕੌਲੀ ਫੜ ਲਿਆਉਂਦੇ ਸਨ।ਇਨ੍ਹਾਂ ਚੀਜ਼ਾਂ ਨਾਲ ਜਿੱਥੇ ਸੱਭਿਆਚਾਰਕ ਸਾਂਝ ਵਧਦੀ ਸੀ ਉੱਥੇ ਨੈਤਿਕ ਕਦਰਾ-ਕੀਮਤਾਂ ਵੀ ਪੁੰਗਰਦੀਆਂ ਰਹਿੰਦੀਆ ਸਨ।ਹਰ ਪਰਿਵਾਰ ਦੇ ਮਨ ਦੀ ਮੁਰਾਦ ਹੁੰਦੀ ਹੈ ਕਿ ਸਾਡਾ ਗਵਾਂਢ ਚੰਗਾ ਹੋਵੇ ਪਰ ਇਸ ਗੱਲ ਦਾ ਅਹਿਸਾਸ ਬਹੁਤ ਘੱਟ ਲੋਕਾਂ ਨੂੰ ਹੁੰਦਾ ਹੈ ਕਿ ਦੂਜੇ ਵਿਚ ਚੰਗਿਆਈਆਂ ਲੱਭਣ ਤੋਂ ਪਹਿਲਾਂ ਖ਼ੁਦ ਦਾ ਚੰਗਾ ਹੋਣਾ ਬਹੁਤ ਲਾਜ਼ਮੀ ਹੈ। ਗੁਆਂਢੀਆਂ ਦੀਆਂ ਭਾਵਨਾਵਾਂ ਦੀ ਕਦਰ ਕਰਨਾ ਅਤੇ ਉਨ੍ਹਾਂ ਪ੍ਰਤੀ ਆਪਣੇ ਮਨ ਵਿੱਚ ਸਨੇਹ-ਭਾਵ ਹੋਣਾ ਅਤਿ ਲਾਜ਼ਮੀ ਹੈ ।ਉਹਨਾਂ ਨੂੰ ਓਪਰੇ ਨਾ ਸਮਝ ਕੇ ਆਪਣਾ ਬਣਾ ਲੈਣ ਵਿਚ ਹੀ ਅਨੰਦ ਹੈ। ਹਾਂ-ਪੱਖੀ ਸੋਚ ਦੇ ਵਿਅਕਤੀਤਵ ਵਾਲਾ ਆਦਮੀ ਇਹ ਜ਼ਿੰਮੇਵਾਰੀ ਅਸਾਨੀ ਨਾਲ ਨਿਭਾਅ ਜਾਂਦਾ ਹੈ। ਅਕਸਰ ਦੇਖਣ ਵਿਚ ਆਇਆ ਹੈ ਕਿ ਕਈ ਵਾਰ ਕਿਸੇ ਪਰਿਵਾਰ ਵਿੱਚ ਕੋਈ ਬੱਚਾ ਛੋਟਾ ਹੁੰਦਾ ਹੈ ਅਤੇ ਉਹ ਗੁਆਂਢੀਆਂ ਦੇ ਘਰ ਰਹਿ ਕੇ ਜ਼ਿਆਦਾ ਖ਼ੁਸ਼ੀ ਅਨੁਭਵ ਕਰਦਾ ਹੈ।ਇਹਨਾਂ ਹਲਾਤਾਂ ਵਿੱਚ ਗੁਆਂਢੀਆਂ ਦੇ ਬੱਚੇ ਨੂੰ ਆਪਣੇ ਬੱਚਿਆਂ ਵਾਂਗ ਪਿਆਰ-ਸਤਿਕਾਰ ਦਿਓ। ਜੇਕਰ ਕਿਤੇ ਉਸ ਦੀਆਂ ਆਦਤਾਂ ਤੁਹਾਨੂੰ ਤੰਗ-ਪ੍ਰੇਸ਼ਾਨ ਕਰਦੀਆਂ ਹੋਣ ਤਾਂ ਉਸ ਮਾਸੂਮ ਨੂੰ ਉਸਾਰੂ ਕਦਰਾਂ ਕੀਮਤਾਂ ਦੀ ਸਮਝ ਦਿਓ। ਇਕ ਹੋਰ ਗੱਲ ਤੋਂ ਵੀ ਭਲੀ-ਭਾਂਤੀ ਜਾਣੂ ਹੋਣਾ ਬਹੁਤ ਜ਼ਰੂਰੀ ਹੈ ਕਿ ਆਪਣੀ ਵਿਹਲ ਦਾ ਮਤਲਬ ਗੁਆਂਢੀਆਂ ਦੀ ਵਿਹਲ ਨਾ ਸਮਝੋ ।ਇਹ ਕਦੇ ਨਾ ਕਰੋ ਕਿ ਆਪਣਾ ਕੰਮ ਖਤਮ ਕੀਤਾ ਅਤੇ ਵੇਲ਼ੇ-ਕੁਵੇਲ਼ੇ ਉਨ੍ਹਾਂ ਦੇ ਘਰ ਜਾ ਕੇ ਸੋਫੇ 'ਤੇ ਡੇਰਾ ਲਾ ਲਿਆ ।ਇਸ ਆਦਤ ਨਾਲ ਜਿੱਥੇ ਤੁਸੀਂ ਉਹਨਾਂ ਦੀ ਪ੍ਰੇਸ਼ਾਨੀ ਦਾ ਸਬੱਬ ਬਣ ਰਹੇ ਹੋ ਦੂਜਾ ਉਨ੍ਹਾਂ ਦੇ ਦਿਲ ਵਿਚੋਂ ਆਪਣੀ ਇੱਜ਼ਤ ਵੀ ਕਫ਼ੂਰ ਵਾਂਗ ਗਵਾ ਰਹੇ ਹੋ। ਉਨ੍ਹਾਂ ਦੀਆਂ ਆਦਤਾਂ ਅਤੇ ਕੰਮ ਅਨੁਸਾਰ ਉਨ੍ਹਾਂ ਦੇ ਸਮੇਂ ਦੀ ਕਦਰ ਕਰੋ। ਕਈ ਗੁਆਂਢੀਆਂ ਨੂੰ ਆਦਤ ਹੁੰਦੀ ਹੈ ਕਿ ਸਾਹਮਣੇ ਵਾਲੇ ਦੇ ਗੇਟ ਦੀ ਘੰਟੀ ਵੱਜੀ ਤੇ ਝੱਟ ਆਪਣੇ ਗੇਟ 'ਚ ਆਣ ਖੜ੍ਹਦੇ ਹਨ ।ਅੱਧ-ਖੁੱਲ੍ਹੇ ਗੇਟ ਵਿਚੋਂ ਹੀ ਗਰਦਨ ਬਾਹਰ ਕੱਢ-ਕੱਢ ਕੇ ਝਾਤੀਆਂ ਮਾਰਦੇ ਰਹਿੰਦੇ ਹਨ ਕਿ ਦੂਜੇ ਦੇ ਘਰ ਕੌਣ ਆਇਆ ਗਿਆ ਹੈ? ਭਾਵ ਉਨ੍ਹਾਂ ਦੀ ਹਰ ਗਤੀਵਿਧੀ 'ਤੇ ਨਜ਼ਰ ਰੱਖਣਾ, ਜੋ ਨੈਤਿਕਤਾ ਪੱਖੋਂ ਅੱਤ ਦੀ ਮਾੜੀ ਆਦਤ ਹੁੰਦੀ ਹੈ। ਕਈਆਂ ਨੂੰ ਤਾਂ ਇੱਥੋਂ ਤੱਕ ਵੀ ਆਦਤ ਹੁੰਦੀ ਹੈ ਕਿ ਗੁਆਂਢੀ ਨੇ ਗੱਡੀ ਗੇਟ 'ਚੋਂ ਬਾਹਰ ਕੱਢੀ ਨੀ,ਝੱਟ ਨਜ਼ਦੀਕ ਜਾ ਕੇ ਕਮਰ 'ਤੇ ਹੱਥ ਰੱਖ ਕੇ ਪੁੱਛਣ ਲਗਦੇ ਹਨ," ਅੱਜ ਕਿੱਧਰ ਦੀ ਗੇੜੀ ਹੈ ਜੀ...? ਭਲੇ ਮਾਣਸ ਨੂੰ ਜੇ ਕੋਈ ਪੁੱਛੇ ਕਿ ਤੂੰ ਕੋਈ ਰਜਿਸਟਰ ਲਾਇਆ ਹੈ...ਜਿਸ ਵਿਚ ਉਨ੍ਹਾਂ ਦੀ ਐਂਟਰੀ ਕਰਵਾਉਣੀ ਜ਼ਰੂਰੀ ਹੈ। ਗੁਆਂਢੀਆਂ ਨਾਲ ਮਨ ਦੀਆਂ ਸਾਂਝਾਂ ਰੱਖਣ ਦੇ ਨਾਲ-ਨਾਲ ਆਪਣੇ ਸੰਸਕਾਰਾਂ ਨੂੰ ਸਾਹਮਣੇ ਰੱਖਦੇ ਹੋਏ ਕੁਝ ਨਿਯਮਾਂ ਅਤੇ ਸਲੀਕਿਆਂ ਨੂੰ ਮੰਨਣਾ ਬਹੁਤ ਜ਼ਰੂਰੀ ਹੁੰਦਾ ਹੈ। ਕਿੰਨੀ ਵੀ ਵੱਧ ਨੇੜਤਾ ਕਿਉਂ ਨਾ ਹੋਵੇ , ਗੁਆਂਢੀਆਂ ਦੇ ਘਰ ਦਾਖ਼ਲ ਹੋਣ ਤੋਂ ਪਹਿਲਾਂ ਘਰ ਦੀ ਘੰਟੀ ਮਾਰਨਾ ਕਦੇ ਨਾ ਭੁੱਲੋ। ਬਿਨਾਂ ਘੰਟੀ ਮਾਰੇ ਚੁੱਪ-ਚੁਪੀਤੇ ਉਹਨਾਂ ਦੇ ਘਰ ਅੰਦਰ ਜਾ ਕੇ ਖਲੋ ਹੋ ਜਾਣਾ ਬਹੁਤ ਵੱਡੀ ਮੂਰਖਤਾ ਹੈ।ਇਹ ਜਿੱਥੇ ਤੁਹਾਡੇ ਸਿਸ਼ਟਾਚਾਰ ਨੂੰ ਦਰਸਾਉਂਦਾ ਹੈ ਉੱਥੇ ਤੁਹਾਡੀ ਸਿਆਣਪ ਨੂੰ ਵੀ ਰੂਪਮਾਨ ਕਰਦਾ ਹੈ। ਘਰੋਂ ਬਾਹਰ ਜਾਣ ਲੱਗਿਆਂ ਗੁਆਂਢੀ ਪਰਿਵਾਰ ਜੇਕਰ ਆਪਣੀ ਚਾਬੀ ਤੁਹਾਡੇ ਸਪੁਰਦ ਕਰਦਾ ਹੈ ਤਾਂ ਇਸ ਜ਼ਿੰਮੇਵਾਰੀ ਨੂੰ ਖਿੜੇ-ਮੱਥੇ ਨਿਭਾਓ ।ਮੇਰੇ ਵਰਗੇ ਨੌਕਰੀ ਪੇਸ਼ਾ ਪਰਿਵਾਰ ਦੀ ਚਾਬੀ ਜੇਕਰ ਕੋਈ ਗੁਆਂਢੀ ਸੰਭਾਲਦਾ ਹੈ ਤਾਂ ਉਸ ਪਰਿਵਾਰ ਲਈ ਹਮੇਸ਼ਾ ਸ਼ੁਕਰਾਨੇ ਵਿੱਚ ਰਹੋ। ਜ਼ਿੰਦਗੀ ਵਿਚ ਬਹੁਤ ਵਾਰ ਅਜਿਹੀ ਸਥਿਤੀ ਹੁੰਦੀ ਹੈ ਕਿ ਸਾਡਾ ਮਨ ਕਿਸੇ ਦੁਵਿਧਾ ਜਾਂ ਪਰੇਸ਼ਾਨੀ ਨਾਲ ਭਰਿਆ ਹੁੰਦਾ ਹੈ ਤੇ ਜੇਕਰ ਆਪਣੇ-ਪਨ ਨਾਲ ਉਹ ਗੱਲ ਗਵਾਂਢੀ ਨਾਲ ਵੰਡ ਲਈ ਜਾਵੇ ਤਾਂ ਉਸ ਗੱਲ ਨੂੰ ਆਪਣੇ ਤੱਕ ਹੀ ਸੀਮਤ ਰੱਖਣਾ ਵੀ ਸਾਹਮਣੇ ਵਾਲੇ ਦਾ ਨੈਤਿਕ ਫਰਜ਼ ਹੁੰਦਾ ਹੈ। ਉਸ ਨੂੰ ਆਪਣੇ ਹੋਣ ਦਾ ਅਹਿਸਾਸ ਦਵਾਉਣਾ ਲਾਜ਼ਮੀ ਬਣ ਜਾਂਦਾ ਹੈ ਕਿਉਂਕਿ ਇਨਸਾਨ ਉੱਥੇ ਹੀ ਆਪਣਾ ਦੁੱਖ ਫਰੋਲਦਾ ਹੈ ਜਿੱਥੇ ਉਸ ਨੂੰ ਵਿਸ਼ਵਾਸ ਹੁੰਦਾ ਹੈ। ਗੁਆਂਢੀ ਪਰਿਵਾਰ ਵਿੱਚੋਂ ਸਾਰੇ ਜਣੇ ਬਾਹਰ ਗਏ ਹੋਣ ਅਤੇ ਇਕ ਉਹ ਵਿਅਕਤੀ ਹੀ ਘਰ ਵਿੱਚ ਹੈ ਜਿਸਨੂੰ ਖਾਣਾ ਬਣਾਉਣਾ ਨਹੀਂ ਆਉਂਦਾ ਤਾਂ ਉਸ ਨੂੰ ਖਾਣੇ ਦੀ ਪੇਸ਼ਕਸ਼ ਕਰੋ ਜਾਂ ਹੋ ਸਕੇ ਤਾਂ ਘਰ ਬੁਲਾ ਕੇ ਖਾਣਾ ਖਵਾਓ । ਜੇਕਰ ਗੁਆਂਢ ਵਿੱਚ ਕੋਈ ਇਕੱਲਾ ਬਜ਼ੁਰਗ ਜੋੜਾ ਰਹਿੰਦਾ ਹੈ ਤਾਂ ਰਾਤ-ਬਰਾਤੇ ਉਸ ਪਰਿਵਾਰ ਦੀ ਮਦਦ ਕਰਨ ਵਿੱਚ ਕਦੇ ਨਾ ਹਿਚ-ਕਿਚਾਓ। ਗੁਆਂਢੀ ਪਰਿਵਾਰ ਜ਼ਿਆਦਾ ਸਮਾਨ ਨਾਲ ਬਾਹਰ ਜਾ ਰਿਹਾ ਹੋਵੇ ਅਤੇ ਕੋਈ ਟੈਕਸੀ ਆਦਿ ਮਿਲਣੀ ਸੌਖੀ ਨਾ ਹੋਵੇ ਤਾਂ ਆਪਣੀ ਗੱਡੀ ਵਿਚ ਉਹਨਾਂ ਨੂੰ ਰੇਲਵੇ ਸਟੇਸ਼ਨ ਛੱਡਣ ਜਾਣਾ ਚਾਹੀਦਾ ਹੈ। ਹੋ ਸਕੇ ਤਾਂ ਗੁਆਂਢੀਆਂ ਤੋਂ ਉਧਾਰ ਮੰਗਣ ਵਿੱਚ ਹਮੇਸ਼ਾ ਹੀ ਗੁਰੇਜ਼ ਕਰੋ ਕਿਉਂ ਕਿ ਉਧਾਰ ਇਕ ਅਜਿਹਾ ਵਰਤਾਰਾ ਹੈ ਜੋ ਮਨਾਂ ਵਿੱਚ ਫਿੱਕ ਪਾਉਂਦਾ ਹੈ। ਓਹਨਾਂ ਦੀ ਹਰ ਚੰਗਿਆਈ ਅਤੇ ਪ੍ਰਾਪਤੀ ਤੇ ਪ੍ਰਸ਼ੰਸਾ ਕਰਨੀ ਕਦੇ ਨਾ ਭੁੱਲੋ। ਓਹਨਾਂ ਪ੍ਰਤੀ ਦਿਲ ਵਿੱਚ ਕਦੇ ਈਰਖਾ ਭਾਵ ਨਾ ਆਣ ਦਿਓ।ਉਹਨਾਂ ਨੇ ਦੁੱਖ ਵਿਚ ਦੁਖੀ ਅਤੇ ਸੁੱਖ ਵਿੱਚ ਖੁਸ਼ ਹੋਣ ਦਾ ਅਹਿਸਾਸ ਉਹਨਾਂ ਨੂੰ ਹਮੇਸ਼ਾ ਕਰਵਾਉਂਦੇ ਰਹੋ ।ਇਸ ਨਾਲ ਮਨਾਂ ਵਿਚ ਇੱਜਤ ਅਤੇ ਭਾਵਨਾਤਮਕ ਸਾਂਝ ਵਧਦੀ ਹੈ ਅਤੇ ਜ਼ਿੰਦਗੀ ਦਾ ਹਰ ਪਲ ਖ਼ੁਸ਼ੀਆਂ ਖੇੜਿਆਂ ਨਾਲ ਬੀਤਦਾ ਚਲਾ ਜਾਂਦਾ ਹੈ। ਇਸ ਦੇ ਨਾਲ ਹੀ ਹਰੇਕ ਦੇ ਮਨ 'ਚ ਇਹ ਵਿਸ਼ਵਾਸ ਹਮੇਸ਼ਾ ਬਣਿਆ ਰਹਿੰਦਾ ਹੈ ਕਿ ਕੋਈ ਆਪਣਾ ਹੈ ਜੋ ਤੁਹਾਡੇ ਆਸ-ਪਾਸ ਹੈ...ਜਿਸ ਨੂੰ ਤੁਹਾਡੀ ਫਿਕਰ ਹੈ...ਜਿਸ ਤੇ ਤੁਸੀਂ ਭਰੋਸਾ ਕਰ ਸਕਦੇ ਹੋ..... ਰੇਣੂ ਕੌਸ਼ਲ (ਸਟੇਟ ਅਵਾਰਡੀ) ਈ ਟੀ ਟੀ ਟੀਚਰ ਸ.ਐ. ਸਕੂਲ ਈ ਈ,ਨੰਗਲ ਮੋਬ: 9876877607