Arash Info Corporation

ਰਾਮ ਸਰੂਪ ਅਣਖੀ ਨੂੰ ਯਾਦ ਕਰਦਿਆਂ

27

August

2020

ਬਰਨਾਲੇ ਦਾ ਸ਼੍ਰੋਮਣੀ ਪੰਜਾਬੀ ਲੇਖਕ, ਸਾਹਿਤ ਅਕਾਦਮੀ ਇਨਾਮ ਜੇਤੂ ਅਤੇ ਦੇਸ਼ ਦੀਆਂ ਸੀਮਾਵਾਂ ਤੋਂ ਪਾਰ ਜਾਣਿਆ ਜਾਂਦਾ ਰਾਮ ਸਰੂਪ ਅਣਖੀ 14 ਫਰਵਰੀ, 2010 ਨੂੰ ਇਸ ਸੰਸਾਰ ਤੋਂ ਰੁਖ਼ਸਤ ਹੋ ਗਿਆ ਸੀ। 28 ਅਗਸਤ 1932 ਨੂੰ ਧੌਲੇ ਵਿਖੇ ਪਿਤਾ ਇੰਦਰ ਰਾਮ ਤੇ ਮਾਂ ਸੋਧਾਂ ਦੇ ਘਰ ਜਨਮਿਆ ਸਰੂਪ ਲਾਲ, ਰਾਮ ਸਰੂਪ ਅਣਖੀ ਬਣ ਕੇ ਆਪਣੇ ਜੀਵਨ ਦੇ ਅੰਤ ਤੱਕ ਪੰਜਾਬੀ ਸਾਹਿਤ-ਜਗਤ ਦੀਆਂ ਚਹੁੰ ਕੂੰਟਾਂ ਨੂੰ ਰੁਸ਼ਨਾਉਂਦਾ ਰਿਹਾ। ਚੌਥੀ ਤੱਕ ਉਹ ਆਪਣੇ ਪਿੰਡ ਹੀ ਪੜ੍ਹਿਆ, ਪੰਜਵੀਂ ਵਿੱਚ ਹਡਿਆਇਆ ਚਲਾ ਗਿਆ ਅਤੇ ਦਸਵੀਂ ਬਰਨਾਲੇ ਤੋਂ ਕੀਤੀ। ਨੌਵੀਂ ਵਿੱਚ ਪੜ੍ਹਦਿਆਂ ਉਹਨੇ ਆਪਣੇ ਦੋਸਤਾਂ ਨਾਲ ਰਲ ਕੇ 'ਅਣਖੀ' ਨਾਂ ਦਾ ਰਸਾਲਾ ਕੱਢਣ ਦੀ ਵਿਉਂਤ ਬਣਾਈ। ਰਸਾਲਾ ਤਾਂ ਕਦੇ ਵੀ ਨਾ ਛਪ ਸਕਿਆ, ਪਰ 'ਅਣਖੀ' ਤਖ਼ੱਲੁਸ ਉਸਦੇ ਨਾਂ ਨਾਲ ਹਮੇਸ਼ਾ ਲਈ ਜੁੜ ਗਿਆ। ਹੁਣ ਉਹਨੂੰ ਰਾਮ ਸਰੂਪ ਵਜੋਂ ਤਾਂ ਭਾਵੇਂ ਕੋਈ ਜਾਣਦਾ ਹੋਵੇ ਜਾਂ ਨਾ, ਪਰ 'ਅਣਖੀ' ਵਜੋਂ ਹਿੰਦੁਸਤਾਨ ਹੀ ਨਹੀਂ, ਵਿਦੇਸ਼ਾਂ ਵਿੱਚ ਵੀ ਉਹ ਚਰਚਿਤ ਰਿਹਾ। ਪਹਿਲਾਂ- ਪਹਿਲ ਉਹਨੇ 'ਬਿਮਲ' ਅਤੇ 'ਮਾਰਕੰਡਾ' ਉਪਨਾਵਾਂ ਹੇਠ ਸ਼ਾਇਰੀ ਵੀ ਕੀਤੀ। ਕਾਲਜ ਵਿੱਚ ਲੈਕਚਰਾਰ ਲੱਗਣ ਲਈ ਉਹਨੇ 1972 ਵਿੱਚ ਪੀਐੱਚ. ਡੀ. ਕਰਨ ਬਾਰੇ ਵੀ ਪੱਕਾ ਮਨ ਬਣਾ ਲਿਆ ਸੀ ਅਤੇ ਵਿਸ਼ਾ ਚੁਣਿਆ '1947 ਤੋਂ 1972 ਤੱਕ ਪੰਜਾਬੀ ਕਹਾਣੀ ਵਿੱਚ ਪੇਂਡੂ ਜੀਵਨ ਚਿਤਰਨ', ਪਰ ਆਪਣੀ ਪਤਨੀ ਦੀ ਲਾਇਲਾਜ ਬਿਮਾਰੀ ਕਾਰਨ ਅਣਖੀ ਦਾ ਇਸ ਸੁਪਨਾ ਸਾਕਾਰ ਨਾ ਹੋ ਸਕਿਆ ਅਤੇ ਸਕੂਲ ਅਧਿਆਪਕ ਵਜੋਂ ਹੀ ਸੇਵਾ ਨਿਭਾਉਂਦਾ ਰਿਹਾ। ਉਹਨੇ ਸਾਰੀ ਉਮਰ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਦਾ ਵਿਸ਼ਾ ਪੜ੍ਹਾਇਆ, ਪਰ ਸਾਹਿਤ- ਸੇਵਾ ਪੰਜਾਬੀ ਦੀ ਕੀਤੀ। ਸਾਹਿਤ ਦੇ ਖੇਤਰ ਵਿੱਚ ਉਸਦੀਆਂ ਲਿਖਤਾਂ ਦੀ ਲੰਮੀ- ਚੌੜੀ ਫਹਿਰਿਸਤ ਹੈ। ਜਿਸ ਵਿੱਚ ਨਾਵਲ, ਕਹਾਣੀਆਂ, ਸਵੈ ਜੀਵਨੀ, ਰੇਖਾ ਚਿੱਤਰ, ਆਲੋਚਨਾ, ਸੰਪਾਦਨਾ, ਅਨੁਵਾਦ, ਕਵਿਤਾ ਆਦਿ ਬਹੁਤ ਕੁਝ ਹੈ। ਕਿੱਥੇ ਤਾਂ ਉਹ ਖੁਦ 'ਡਾਕਟਰ' ਬਣਨਾ ਚਾਹੁੰਦਾ ਸੀ, ਕਿੱਥੇ ਉਸ ਦੀਆਂ ਲਿਖਤਾਂ ਨੂੰ ਘੋਖ- ਪਰਖ ਕੇ ਵਿਦਿਆਰਥੀ 'ਡਾਕਟਰ' ਬਣ ਰਹੇ ਹਨ। ਸਕੂਲ ਅਧਿਆਪਕ ਵਜੋਂ ਸੇਵਾਮੁਕਤੀ (31ਅਗਸਤ 1990) ਪਿੱਛੋਂ ਉਹਨੇ 1993 ਦੀ ਆਖਰੀ ਤਿਮਾਹੀ (ਅਕਤੂਬਰ-ਦਸੰਬਰ) ਵਿੱਚ ਸਾਹਿਤਕ ਪੱਤ੍ਰਿਕਾ 'ਕਹਾਣੀ ਪੰਜਾਬ' (ਤ੍ਰੈਮਾਸਕ) ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ, ਜੋ ਉਹਦੀ ਮੌਤ ਪਿੱਛੋਂ (ਪੁੱਤਰ ਕਰਾਂਤੀਪਾਲ ਦੀ ਸੰਪਾਦਨਾ ਹੇਠ)ਅਜੇ ਤੱਕ ਵੀ ਬਾਦਸਤੂਰ ਜਾਰੀ ਹੈ, ਜਿਸ ਦਾ ਸੌਵਾਂ ਅੰਕ ਵੀ ਪ੍ਰਕਾਸ਼ਿਤ ਹੋ ਚੁੱਕਾ ਹੈ। ਅਣਖੀ ਨੇ ਮੌਲਿਕ- ਲੇਖਨ ਦੇ ਨਾਲ- ਨਾਲ ਆਪਣੀਆਂ ਅਤੇ ਹੋਰਨਾਂ ਲੇਖਕਾਂ ਦੀਆਂ ਅਨੇਕਾਂ ਲਿਖਤਾਂ ਦੇ ਹਿੰਦੀ/ ਪੰਜਾਬੀ ਅਨੁਵਾਦ ਕੀਤੇ, ਕਿਉਂਕਿ ਉਹਦੀ ਨਜ਼ਰ ਵਿੱਚ ਅਨੁਵਾਦ ਕੋਈ ਘਟੀਆ ਦਰਜੇ ਦਾ ਕੰਮ ਨਹੀਂ ਸੀ। ਮੈਨੂੰ (ਲੇਖਕ ਨੂੰ) ਮੇਰੇ ਅਧਿਆਪਕਾਂ ਵੱਲੋਂ ਅਨੁਵਾਦ-ਕਾਰਜ ਲਈ ਸਦਾ ਨਿਰ- ਉਤਸ਼ਾਹਿਤ ਕੀਤਾ ਜਾਂਦਾ ਰਿਹਾ, ਪਰ ਅਣਖੀ ਨੇ ਮੈਨੂੰ ਇਸ ਕਾਰਜ ਲਈ ਬਹੁਤ ਹੱਲਾਸ਼ੇਰੀ ਦਿੱਤੀ। ਜਿਸ ਕਰਕੇ ਮੈਂ ਅਜੇ ਵੀ ਅਨੁਵਾਦ- ਕਾਰਜ ਨਾਲ ਜੁੜਿਆ ਹੋਇਆ ਹਾਂ। ਹੋਰ ਤਾਂ ਹੋਰ, ਅਣਖੀ ਨੇ ਮੇਰੀ ਆਲੋਚਨਾ ਪੁਸਤਕ 'ਭਾਈ ਵੀਰ ਸਿੰਘ ਦਾ ਕਾਵਿ ਸਿਧਾਂਤ' ਦੀ ਭੂਮਿਕਾ ਵਿੱਚ ਮੇਰੀ ਇਹ ਕਹਿ ਕੇ ਪ੍ਰਸੰਸਾ ਕੀਤੀ ਹੈ, "ਪੰਜਾਬੀ ਸਾਹਿਤ ਜਗਤ ਵਿੱਚ ਪ੍ਰੋ. ਨਵ ਸੰਗੀਤ ਸਿੰਘ ਦੇ ਨਾਂ ਨੂੰ ਇੱਕ ਅਨੁਵਾਦਕ ਵਜੋਂ ਬਹੁਤਾ ਜਾਣਿਆ ਜਾਂਦਾ ਹੈ। ਉਹਨੇ ਗੱਡਿਆਂ ਦੇ ਗੱਡੇ ਪੰਜਾਬੀ ਅਨੁਵਾਦ ਕੀਤਾ ਹੈ ਅਤੇ ਨਾਮ ਕਮਾਇਆ ਹੈ। ਅਨੁਵਾਦ ਕਲਾ ਵੀ ਕਿਸੇ- ਕਿਸੇ ਦੇ ਹਿੱਸੇ ਹੀ ਆਈ ਹੈ। ਇਸ ਖੇਤਰ ਵਿੱਚ ਨਵ ਸੰਗੀਤ ਨੇ ਨਵੇਂ ਆਯਾਮ ਸਿਰਜੇ ਹਨ..."(ਪੰਨਾ 10)। 'ਮਲੇ ਝਾੜੀਆਂ' (ਸਵੈਜੀਵਨੀ) ਵਿੱਚ ਇੱਕ ਥਾਂ ਅਣਖੀ ਲਿਖਦਾ ਹੈ ਕਿ ਮੇਰੇ ਦੋਸਤਾਂ ਦਾ ਘੇਰਾ ਤੰਗ ਹੁੰਦਾ ਜਾ ਰਿਹਾ ਹੈ, ਪਰ ਮੈਨੂੰ ਉਹਦੀ ਇਹ ਗੱਲ ਸਹੀ ਨਹੀਂ ਜਾਪੀ। ਉਹ ਮਿੱਤਰਾਂ ਦਾ ਮਿੱਤਰ ਸੀ। ਉਹਨੇ ਨਵੇਂ ਦੋਸਤ ਬਣਾਏ, ਦੋਸਤੀਆਂ ਪੁਗਾਈਆਂ...। 'ਮੋਏ ਮਿੱਤਰਾਂ ਦੀ ਸ਼ਨਾਖ਼ਤ' ਕਾਲਮ ਵਿੱਚ ਉਹ ਆਪਣੇ ਵਿੱਛੜ ਚੁੱਕੇ ਮਿੱਤਰਾਂ ਦੀ ਯਾਦ ਵਿੱਚ ਹੰਝੂ ਵਹਾਉਂਦਾ ਰਿਹਾ। ਮੈਥੋਂ ਇੱਕ-ਚੁਥਾਈ ਵੱਡਾ ਹੁੰਦਾ ਹੋਇਆ ਵੀ ਉਹ ਮੇਰੇ ਲਈ ਦੋਸਤੀ ਦਾ ਭਰਪੂਰ ਮੁਜੱਸਮਾ ਸੀ। ਮੇਰੀ ਉਸ ਨਾਲ ਦੋਸਤੀ ਦਾ ਸਬੱਬ 'ਕਹਾਣੀ ਪੰਜਾਬ' ਵਿੱਚ ਪ੍ਰਕਾਸ਼ਿਤ ਮੇਰੀ ਪਹਿਲੀ ਅਨੁਵਾਦਿਤ ਕਹਾਣੀ 'ਨਵਾਂ ਹਿਸਾਬ' (ਮਈ 1994) ਸੀ। ਇਹਦੇ ਛਪਣ ਪਿੱਛੋਂ ਅਣਖੀ ਨੇ ਖੁਦ ਮੈਨੂੰ ਕਹਾਣੀਆਂ ਭੇਜ ਕੇ ਅਨੁਵਾਦ ਕਰਵਾਈਆਂ ਅਤੇ ਛਾਪੀਆਂ। ਇਸੇ ਪੱਤ੍ਰਿਕਾ ਦੇ ਉਣੰਜਵੇਂ ਅੰਕ ਵਿੱਚ ਉਹਨੇ ਮੇਰੇ ਵੱਲੋਂ ਅਨੁਵਾਦਿਤ ਇਕੱਠੀਆਂ ਚਾਰ ਕਹਾਣੀਆਂ ਛਾਪੀਆਂ ਅਤੇ ਅੱਧੇ ਪੰਨੇ ਉੱਤੇ ਫੋਟੋ ਸਹਿਤ ਮੇਰੇ ਅਨੁਵਾਦ ਕਾਰਜ ਦੀ ਰੱਜਵੀਂ ਤਾਰੀਫ਼ ਕੀਤੀ। 63-64 ਅੰਕ (ਅਪਰੈਲ- ਸਤੰਬਰ 2009) ਵਿੱਚ ਉਹਨੇ ਹਿੰਦੀ ਦਾ ਇੱਕ ਨਵੀਂ ਕਥਾ- ਸ਼ੈਲੀ ਵਾਲਾ ਪੂਰੇ ਦਾ ਪੂਰਾ ਨਾਵਲ 'ਰਾਵੀ ਲਿਖਦਾ ਹੈ' ਮੈਥੋਂ ਅਨੁਵਾਦ ਕਰਵਾ ਕੇ ਛਾਪਿਆ, ਜਿਸ ਦੀ ਪ੍ਰਸੰਸਾ ਵਜੋਂ ਮੈਨੂੰ ਦੇਸ਼- ਵਿਦੇਸ਼ ਤੋਂ ਕਈ ਪਾਠਕਾਂ ਦੇ ਵਧਾਈ- ਸੰਦੇਸ਼ ਪ੍ਰਾਪਤ ਹੋਏ। ਇਹ ਸਭ ਅਣਖੀ ਦੀ ਮਿੱਤਰਤਾ ਕਰਕੇ ਸੰਭਵ ਹੋ ਸਕਿਆ। ਬਾਅਦ ਵਿੱਚ ਇਹੋ ਨਾਵਲ ਅਣਖੀ ਦੇ ਯਤਨਾਂ ਨਾਲ ਜਨਵਰੀ 2010 ਵਿੱਚ ਪੁਸਤਕ ਰੂਪ ਵਿੱਚ ਵੀ ਪ੍ਰਕਾਸ਼ਿਤ ਹੋਇਆ ਸੀ। ਇੱਕ ਵਾਰ ਮੈਂ ਬੀਮਾਰੀ ਕਾਰਨ ਹਸਪਤਾਲ ਦਾਖ਼ਲ ਸਾਂ, ਤਾਂ ਅਣਖੀ ਨੇ ਤਿੰਨ- ਚਾਰ ਵਾਰ ਫੋਨ ਕਰਕੇ ਮੇਰੀ ਸਿਹਤ ਦੀ ਪੁੱਛ- ਪੜਤਾਲ ਕੀਤੀ ਅਤੇ ਇਹਤਿਆਤ ਰੱਖਣ/ ਸਿਹਤਯਾਬੀ ਲਈ ਦੁਆ ਕਰਨ ਲਈ ਦੋਸਤੀ ਦਾ ਫਰਜ਼ ਅਦਾ ਕੀਤਾ। ਉਹ ਆਪਣੇ ਦੋਸਤਾਂ ਨਾਲ ਜ਼ਬਾਨੀ- ਕਲਾਮੀ ਹੀ ਦੋਸਤੀ ਨਹੀਂ ਸੀ ਰੱਖਦਾ, ਸਗੋਂ ਲੋੜ ਪੈਣ ਤੇ ਉਨ੍ਹਾਂ ਦੀ ਆਰਥਕ ਮਦਦ ਵੀ ਕਰਦਾ ਸੀ। ਉਹ ਚੰਗੀ ਤਰ੍ਹਾਂ ਜਾਣਦਾ ਸੀ "ਕਿੱਡੀ ਉੱਚੀ ਪਦਵੀ ਮਿੱਤਰਤਾਈ ਦੀ ਏ..."। ਮੇਰੇ ਨਾਲ ਉਹ ਆਪਣੀਆਂ ਘਰੋਗੀ ਜਾਂ ਪਰਿਵਾਰਕ ਗੱਲਾਂ ਵੀ ਸਾਂਝੀਆਂ ਕਰ ਲੈਂਦਾ ਸੀ। ਇਵੇਂ ਹੀ ਇੱਕ ਵਾਰ ਉਹਨੇ ਆਪਣੀ ਬੇਟੀ ਦੇ ਵਿਆਹ ਸਬੰਧੀ ਮੇਰੇ ਨਾਲ ਰਾਬਤਾ ਅਤੇ ਚਿੱਠੀ- ਪੱਤਰ ਕੀਤਾ। ਉਹਦੇ ਤੁਰ ਜਾਣ ਪਿੱਛੋਂ ਮੈਨੂੰ ਚਾਰੇ ਪਾਸੇ ਖ਼ਲਾਅ ਜਿਹਾ ਨਜ਼ਰ ਆਉਂਦਾ ਹੈ। ਪਰ ਉਸ ਖ਼ਲਾਅ ਨੂੰ ਪੂਰਨ ਵਿੱਚ ਉਹਦਾ ਜ਼ਹੀਨ ਬੇਟਾ ਡਾ. ਕ੍ਰਾਂਤੀਪਾਲ ਭਰਪੂਰ ਯੋਗਦਾਨ ਦੇ ਰਿਹਾ ਹੈ। ਜਿਹੋ ਜਿਹੀ ਮਿੱਤਰਤਾ, ਨਿੱਘ ਅਤੇ ਖ਼ਲੂਸ ਰਾਮ ਸਰੂਪ ਅਣਖੀ ਵਿੱਚ ਨਜ਼ਰ ਆਉਂਦੀ ਸੀ, ਹੂ-ਬ-ਹੂ ਉਹੋ ਜਿਹੀ ਭਾਵਨਾ ਤੇ ਮਿਲਵਰਤਨ ਦਾ ਅੰਦਾਜ਼ ਕ੍ਰਾਂਤੀਪਾਲ ਵਿੱਚ ਵੀ ਵਿਖਾਈ ਦਿੰਦਾ ਹੈ। ਪ੍ਰੋ. ਨਵ ਸੰਗੀਤ ਸਿੰਘ # ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ151302 (ਬਠਿੰਡਾ) 9417692015.