Arash Info Corporation

ਸੁਪਨਿਆਂ ਦੇ ਖ਼ਤ..

24

August

2020

2014 ਵਿੱਚ ਮਾਂ ਦੀ ਅਚਾਨਕ ਹੋਈ ਮੌਤ ਨੇ ਜ਼ਿੰਦਗੀ ਨੂੰ ਇੱਕੋ ਦਮ ਝੰਜੋੜ ਦਿੱਤਾ। ਮਾਂ ਨੂੰ ਆਪਣਾ ਦੋਸਤ ਤੇ ਸਭ ਕੁਝ ਸਮਝਣ ਵਾਲਾ ਮੁੰਡਾ ਅੱਜ ਬਿਲਕੁਲ ਇਕੱਲਾ ਰਹਿ ਗਿਆ ਸੀ। ਭਾਵੇਂ ਹਰੇਕ ਰਿਸ਼ਤੇਦਾਰ ਕਹਿ ਰਿਹਾ ਸੀ ਕਿ ਹੌਲੀ-ਹੌਲੀ ਸਭ ਠੀਕ ਹੋ ਜਾਏਗਾ ਪਰ ਉਸ ਨੂੰ ਪਤਾ ਸੀ ਕਿ ਕੁਝ ਵੀ ਹੋ ਜਾਵੇ ਪਰ ਉਸ ਦੀ ਮਾਂ ਹੁਣ ਕਦੀ ਵੀ ਉਸ ਦੇ ਕੋਲ ਵਾਪਸ ਨਹੀਂ ਆਏਗੀ। ਹੌਲੀ-ਹੌਲੀ ਸਭ ਰਿਸ਼ਤੇਦਾਰ ਇੱਕ- ਇੱਕ ਕਰਕੇ ਘਰੋਂ ਜਾਂਦੇ ਗਏ। ਵੱਡੀ ਭੈਣ ਦੂਰ ਵਿਆਹੀ ਹੋਈ ਸੀ ਆਖਿਰ ਉਹ ਵੀ ਕਿੰਨੀ ਕੁ ਦੇਰ ਆਪਣਾ ਘਰ ਛੱਡ ਕੇ ਪੇਕੇ ਘਰ ਬੈਠੀ ਰਹਿੰਦੀ।ਇੱਕ ਮਹੀਨੇ ਬਾਅਦ ਉਹ ਵੀ ਰੋਂਦੀ ਕੁਰਲਾਂਦੀ ਆਪਣੇ ਭਰਾਵਾਂ ਦੇ ਸਿਰ ਤੇ ਹੱਥ ਰੱਖਦੀ , ਪਿਤਾ ਦੇ ਹੰਝੂ ਪੂੰਝਦੀ ਹੋਈ ਫਿਰ ਦੁਆਰਾ ਜਲਦੀ ਆਉਣ ਦਾ ਕਹਿ ਕੇ ਆਪਣੇ ਘਰ ਚਲੀ ਹੀ ਗਈ । ਵੱਡਾ ਭਰਾ ਵੀ ਉਨ੍ਹਾਂ ਦਿਨਾਂ ਵਿੱਚ ਬਹੁਤ ਚੁੱਪ - ਚੁੱਪ ਰਹਿੰਦਾ ਸੀ ਕਿਉਂਕਿ ਉਸ ਨੇ ਆਪਣੇ ਹੱਥਾਂ ਵਿੱਚ ਆਪਣੀ ਮਾਂ ਨੂੰ ਜਾਂਦੀ ਹੋਈ ਦੇਖਿਆ ਸੀ।ਪਿਤਾ ਕੋਲ ਆਪਣੇ ਦੁੱਖ ਭੁਲਾਉਣ ਦੀ ਬੱਸ ਇੱਕੋ ਹੀ ਦਵਾਈ ਸੀ .... ਸ਼ਰਾਬ !! ਪਿਤਾ ਦੀ ਰੋਜ਼ ਸ਼ਰਾਬ ਪੀਣ ਦੀ ਆਦਤ ਸ਼ਾਇਦ ਉਸ ਨੂੰ ਆਪਣੇ ਪਿਤਾ ਨਾਲ ਕੁਝ ਗੱਲ ਕਰਨ ਦੀ ਇਜਾਜ਼ਤ ਨਹੀਂ ਦਿੰਦੀ ਸੀ। ਉਹ ਹਰ ਰੋਜ਼ ਹੀ ਅਲੱਗ ਕਮਰੇ ਵਿੱਚ ਆਪਣੀ ਮਾਂ ਦੀ ਤਸਵੀਰ ਘੰਟਿਆਂ ਤੱਕ ਹੱਥ ਵਿੱਚ ਫੜੀ, ਸੀਨੇ ਨਾਲ ਲਾਈ ਬੈਠਾ ਰਹਿੰਦਾ ਤੇ ਹੌਲੀ - ਹੌਲੀ ਗੱਲਾਂ ਕਰਦਾ ਰਹਿੰਦਾ । ਦਿਲ ਦੀਆਂ ਗੱਲਾਂ ਭੈਣ ਨਾਲ ਤਾਂ ਨਹੀਂ ਸੀ ਕਰਦਾ। ਦੂਰ ਬੈਠੀ ਹੈ ਮੇਰਾ ਦੁੱਖ ਸੁਣ ਕੇ ਹੋਰ ਵੀ ਦੁਖੀ ਹੋਵੇਗੀ।ਨਾਲੇ ਭੈਣ ਦਾ ਦੁੱਖ ਕਿਹੜਾ ਘੱਟ ਸੀ ਧੀਆਂ ਕੋਲ ਵੀ ਤਾਂ ਮਾਂਵਾਂ ਹੀ ਹੁੰਦੀਆਂ ਨੇ ਜਿਨ੍ਹਾਂ ਨਾਲ ਉਹ ਦਿਲ ਦੀ ਹਰ ਗੱਲ ਕਰਦੀਆਂ ਨੇ । ਕਮਰੇ ਵਿੱਚ ਘੰਟਿਆਂ ਇਕੱਲੇ ਬੈਠੇ ਰਹਿਣਾ ਅਤੇ ਆਪਣੀ ਮਾਂ ਦੀ ਤਸਵੀਰ ਨਾਲ ਗੱਲਾਂ ਕਰੀ ਜਾਣਾ ਉਸ ਦੀ ਰੋਜ਼ ਦੀ ਆਦਤ ਬਣ ਗਈ ਸੀ । ਇੱਕ ਦਿਨ ਆਪਣੀ ਮਾਂ ਨੂੰ ਕਹਿਣ ਲੱਗਾ ਕਿ ਮੈਂ ਤਾਂ ਸੁਣਿਆ ਸੀ ਮਾਵਾਂ ਮਰਨ ਤੋਂ ਬਾਅਦ ਵੀ ਪੁੱਤਾਂ ਨੂੰ ਨਹੀਂ ਛੱਡਦੀਆਂ ਕਿ ਤੂੰ ਮੈਨੂੰ ਸੱਚੀ ਛੱਡ ਕੇ ਚਲੀ ਗਈ। ਇਸੇ ਗੁੱਸੇ ਗਿਲੇ ਦੇ ਵਿੱਚ ਰੋਂਦਾ-ਰੋਂਦਾ ਮਾਂ ਦੀ ਤਸਵੀਰ ਨੂੰ ਗਲ ਨਾਲ ਲਾਇਆ। ਕਦੋਂ ਨੀਂਦ ਆ ਗਈ ਉਸ ਨੂੰ ਪਤਾ ਹੀ ਨਹੀਂ ਲੱਗਾ। ਸੁਪਨੇ ਦੇ ਵਿੱਚ ਮਾਂ ਤਾਂ ਦੇਖੀ ਪਰ ਬਹੁਤ ਹੀ ਦੂਰ , ਨਾ ਬੋਲੀ , ਨਾ ਕੋਈ ਗੱਲ ਕੀਤੀ। ਬੱਸ ਦੂਰ ਤੋਂ ਉਸ ਨੂੰ ਵੇਖਦੀ - ਵੇਖਦੀ ਅੱਖਾਂ ਤੋਂ ਓਹਲੇ ਹੋ ਗਈ । ਪਰ ਹੈਰਾਨੀ ਦੀ ਗੱਲ ਇਹ ਸੀ ਕਿ ਮਾਂ ਦੇ ਹੱਥ ਵਿੱਚ ਇੱਕ ਡਾਇਰੀ ਸੀ , ਜੋ ਹੂ-ਬ-ਹੂ ਉਸੇ ਡਾਇਰੀ ਨਾਲ ਮਿਲਦੀ ਸੀ ਜੋ ਉਸ ਦੇ ਹੀ ਘਰ ਦੇ ਕਿਤਾਬਾਂ ਵਾਲੇ ਖਾਨੇ ਵਿੱਚ ਪਈ ਸੀ । ਅੱਧੀ ਰਾਤ ਨੂੰ ਉੱਠ ਕੇ ਉਹ ਆਪਣੇ ਕਿਤਾਬਾਂ ਵਾਲੇ ਖਾਨੇ ਵਿੱਚ ਉਹੀ ਡਾਇਰੀ ਲੱਭਣ ਲੱਗ ਪਿਆ। ਡਾਇਰੀ ਤਾਂ ਮਿਲੀ ਪਰ ਬਿਲਕੁਲ ਖਾਲੀ। ਉਸ ਨੂੰ ਲੱਗਾ ਸ਼ਾਇਦ ਇਹ ਉਸ ਦੀ ਮਾਂ ਦਾ ਕੋਈ ਸੁਨੇਹਾ ਹੈ , ਜੋ ਉਸ ਨੂੰ ਕਿਸੇ ਤਰੀਕੇ ਮਿਲਿਆ ਹੈ। ਲਿਖਣ ਦਾ ਸ਼ੌਕ ਤਾਂ ਉਸ ਨੂੰ ਬਚਪਨ ਤੋਂ ਹੀ ਸੀ ਪਰ ਕਦੀ ਮਾਂ ਲਈ ਵੀ ਲਿਖਣਾ ਪਏਗਾ।ਇਹ ਸ਼ਾਇਦ ਇਸ ਤੋਂ ਪਹਿਲਾਂ ਉਸ ਨੇ ਕਦੇ ਨਹੀਂ ਸੋਚਿਆ ਸੀ । ਉਸ ਨੇ ਕਲਮ ਚੁੱਕੀ ਤੇ ਜੋ ਵੀ ਉਸ ਦੇ ਦਿਲ ਵਿੱਚ ਸੀ ਸਭ ਕੁਝ ਲਿਖਣਾ ਸ਼ੁਰੂ ਕਰ ਦਿੱਤਾ ।ਇਹ ਸੋਚ ਕੇ ਕਿ ਇਹ ਸਭ ਉਸ ਦੀ ਮਾਂ ਪੜ੍ਹੇਗੀ। ਫਿਰ ਇਹ ਸਿਲਸਿਲਾ ਚੱਲਦਾ ਹੀ ਰਿਹਾ ਹਰ ਥੋੜ੍ਹੇ ਦਿਨਾਂ ਬਾਅਦ ਉਹ ਉਸੇ ਡਾਇਰੀ ਵਿੱਚ ਆਪਣੀ ਮਾਂ ਨੂੰ ਇੱਕ ਖ਼ਤ ਲਿਖਣ ਲੱਗ ਪਿਆ। ਇੱਕ ਦਿਨ ਲਿਖਦਾ ਲਿਖਦਾ ਬਹੁਤ ਰੋਇਆ ਜਿਵੇਂ ਕਹਿ ਰਿਹਾ ਹੋਵੇ ਮਾਂ ਮੰਨ ਲਿਆ ਕਿ ਤੂੰ ਆਪਣੇ ਨਾਲ ਗੱਲਾਂ ਕਰਨ ਦਾ ਇੱਕ ਤਰੀਕਾ ਦੇ ਦਿੱਤਾ ਪਰ ਮੈਂ ਸਿਰਫ਼ ਗੱਲਾਂ ਨਹੀਂ ਕਰਨੀਆਂ ਇੱਕ ਵਾਰ ਤੇਰੇ ਗਲ ਲਗ ਕੇ ਰੋਣਾ ਹੈ।ਇੱਕ ਵਾਰ ਮੈਨੂੰ ਰੋ ਲੈਣ ਦੇ ਮਾਂ ..... ਇਸ ਤੋਂ ਬਾਅਦ ਕਦੇ ਕੁੱਝ ਨਹੀਂ ਮੰਗਾਂਗਾ। ਉਸ ਨੇ ਆਪਣੇ ਬੜੇ ਖ਼ਤਾਂ ਦੇ ਵਿੱਚ ਆਪਣੀ ਇਹੀ ਮੰਗ ਬਹੁਤ ਵਾਰ ਦੁਹਰਾਈ ਪਰ ਸ਼ਾਇਦ ਮਾਂ ਹਾਲੇ ਮਜਬੂਰ ਸੀ। ਇਨ੍ਹਾਂ ਸੋਚਾਂ ਅਤੇ ਇਕੱਲੇਪਨ ਦਾ ਨਤੀਜਾ ਉਹੀ ਨਿਕਲਿਆ ਜਿਸ ਦਾ ਡਰ ਸੀ । ਇੱਕ ਦਿਨ ਅਚਾਨਕ ਉਸਦੇ ਢਿੱਡ ਵਿੱਚ ਪੀੜ ਉੱਠੀ ਤੇ ਗੱਲ ਹਸਪਤਾਲ ਦਾਖ਼ਲ ਹੋਣ ਤੱਕ ਆ ਗਈ । ਮਾਂ ਕਾਫੀ ਵਾਰ ਸੁਪਨੇ ਵਿਚ ਆਉਂਦੀ ਪਰ ਦੂਰੋਂ ਹੀ ਗੱਲਾਂ ਕਰਕੇ ਮੁੜ ਜਾਦੀ । ਪਰ ਉਹ ਜਿਵੇਂ ਆਪਣੀ ਜਿੱਦ ਤੇ ਅੜਿਆ ਹੋਇਆ ਸੀ , ਜਿਸ ਤਰ੍ਹਾਂ ਬਚਪਨ ਵਿੱਚ ਆਪਣੀ ਕੋਈ ਗੱਲ ਮਾਂ ਤੋਂ ਮਨਾਉਣ ਲਈ ਜ਼ਿੱਦ ਤੇ ਅੜ੍ਹਦਾ ਹੁੰਦਾ ਸੀ। ਉਧਰ ਡਾਕਟਰ ਇਹ ਸੋਚ ਕੇ ਪ੍ਰੇਸ਼ਾਨ ਸੀ ਕਿ ਇਸ ਤੇ ਕੋਈ ਦਵਾਈ ਅਸਰ ਕਿਉਂ ਨਹੀਂ ਕਰ ਰਹੀ । ਸਾਰਾ ਪਰਿਵਾਰ - ਰਿਸ਼ਤੇਦਾਰ ਉਸ ਦੇ ਕੋਲ ਸੀ, ਉਸ ਨੂੰ ਸਮਝਾ ਰਹੇ ਸੀ , ਉਸ ਨੂੰ ਪਿਆਰ ਕਰ ਰਹੇ ਸੀ। ਪਰ ਉਸ ਦੇ ਅੰਦਰ ਕੀ ਚੱਲ ਰਿਹਾ ਸੀ ਇਹ ਕੋਈ ਵੀ ਨਹੀਂ ਜਾਣਦਾ ਸੀ , ਸਿਵਾਏ ਉਸ ਦੀ ਮਾਂ ਦੇ ਜਾਂ ਉਨ੍ਹਾਂ ਖ਼ਤਾਂ ਦੇ ਜੋ ਉਸ ਨੇ ਆਪਣੀ ਮਾਂ ਨੂੰ ਲਿਖੇ ਸੀ । ਆਖਿਰਕਾਰ ਰੱਬ ਨੂੰ ਵੀ ਮਾਂ ਤੇ ਪੁੱਤ ਦੇ ਪਿਆਰ ਵਿੱਚ ਝੁਕਣਾ ਪਿਆ। ਉਸ ਨੂੰ ਹਸਪਤਾਲ ਵਿੱਚ ਹੀ ਇੱਕ ਰਾਤ ਨੂੰ ਸੁਪਨਾ ਆਇਆ ਜਿਸ ਵਿੱਚ ਉਸਦੀ ਮਾਂ ਉਸ ਨੂੰ ਮਿਲਣ ਆਈ। ਉਸ ਨੇ ਆਪਣੀ ਮਾਂ ਨਾਲ ਖੂਬ ਗੱਲਾਂ ਕੀਤੀਆਂ ਮਾਂ ਉਸ ਦਾ ਹਾਲ ਪੁੱਛ ਕੇ ਜਾਣ ਹੀ ਲੱਗੀ ਸੀ ਕਿ ਉਸ ਨੇ ਆਪਣੀ ਮਾਂ ਦਾ ਹੱਥ ਫੜ ਲਿਆ ਅਤੇ ਗਲ ਨਾਲ ਲਾ ਲਿਆ, ਫਿਰ ਉਹ ਕੁਝ ਨਾ ਬੋਲਿਆ ਤੇ ਨਾ ਹੀ ਮਾਂ ਨੂੰ ਬੋਲਣ ਦਿੱਤਾ ਬੱਸ ਰੋਈ ਗਿਆ। ਜਦ ਉੱਠਿਆ ਤਾਂ ਸਰਾਣਾ ਭਾਵੇਂ ਗਿੱਲਾ ਸੀ ਪਰ ਜਿਵੇਂ ਉਸ ਦਾ ਦਿਲ ਬਹੁਤ ਹਲਕਾ ਹੋ ਗਿਆ ਸੀ । ਕੁਝ ਦਿਨਾਂ ਵਿੱਚ ਹੀ ਉਸ ਦੀ ਸਿਹਤ ਵਿੱਚ ਵੀ ਫ਼ਰਕ ਪੈਣਾ ਸ਼ੁਰੂ ਹੋ ਗਿਆ ਅਤੇ ਹੌਲੀ ਹੌਲੀ ਉਹ ਬਿਲਕੁਲ ਠੀਕ ਹੋ ਗਿਆ । ਫਿਰ ਉਸ ਨੇ ਆਪਣੀ ਮਾਂ ਨੂੰ ਖ਼ਤ ਤਾਂ ਲਿਖੇ ਪਰ ਕਦੀ ਉਸਨੂੰ ਮਿਲਣ ਦੀ ਜਾਂ ਕਿਸੇ ਹੋਰ ਗੱਲ ਦੀ ਜ਼ਿੱਦ ਨਹੀਂ ਕੀਤੀ , ਪਰ ਮਾਂ ਵੀ ਥੋੜ੍ਹੇ ਕੁ ਦਿਨਾਂ ਬਾਅਦ ਹੀ ਕਿਸੇ ਨਾ ਕਿਸੇ ਬਹਾਨੇ ਉਸ ਦੇ ਸੁਪਨੇ ਵਿੱਚ ਆ ਹੀ ਜਾਂਦੀ ਸੀ। ਭਾਵੇਂ ਨਵਾਂ ਸਾਲ ਚੜ੍ਹਦਾ ਗਿਆ ਹੈ ਪਰ ਇਹਨਾ ਖ਼ਤਾਂ ਦਾ ਅਤੇ ਸੁਪਨਿਆਂ ਦਾ ਸਿਲਸਿਲਾ ਅੱਜ ਵੀ ਜਾਰੀ ਹੈ । ਕੋਈ ਨਹੀਂ ਜਾਣਦਾ ਪਰ ਉਸ ਦੀ ਮਾਂ ਅੱਜ ਵੀ ਉਸ ਦੇ ਹਰ ਖ਼ਤ ਦਾ ਜਵਾਬ ਦਿੰਦੀ ਹੈ ਅਤੇ ਉਸ ਨੂੰ ਵੀ ਹਰ ਸੁਪਨੇ ਵਿੱਚ ਆਪਣੀ ਮਾਂ ਦਾ ਇੰਤਜ਼ਾਰ ਰਹਿੰਦਾ ਹੈ । ਦੀਪ ਚੌਹਾਨ , ਫ਼ਿਰੋਜ਼ਪੁਰ ਮੋ:9464212566