ਵਿਧਾਇਕਾ ਰੁਪਿੰਦਰ ਰੂਬੀ ਵੱਲੋਂ ਵਿਆਹੁਤਾ ਪਾਰੀ ਦੀ ਸ਼ੁਰੂਆਤ

12

October

2018

ਬਠਿੰਡਾ, ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ (ਆਪ) ਦੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਅੱਜ ਵਿਆਹ ਦੇ ਬੰਧਨ ਵਿਚ ਬੱਝ ਗਈ ਹੈ। ‘ਆਪ’ ਦੀ ਵਿਧਾਇਕਾ ਰੂਬੀ ਹੁਣ ‘ਖ਼ਾਸ’ ਦੀ ਹੋ ਗਈ ਹੈ। ਬਤੌਰ ਵਿਧਾਇਕਾ ਸਿਆਸੀ ਸਫ਼ਰ ਸ਼ੁਰੂ ਕਰਨ ਮਗਰੋਂ ਅੱਜ ਰੁਪਿੰਦਰ ਕੌਰ ਰੂਬੀ ਨੇ ਆਪਣੀ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਸਿਹਤ ਵਿਭਾਗ ਬਠਿੰਡਾ ‘ਚ ਬਤੌਰ ਪੀ.ਆਰ (ਬੀਈਈ) ਵਜੋਂ ਤਾਇਨਾਤ ਸਾਹਿਲਪੁਰੀ ਵਾਸੀ ਬਠਿੰਡਾ ਨੂੰ ਵਿਧਾਇਕਾ ਰੂਬੀ ਨੇ ਆਪਣਾ ਜੀਵਨ ਸਾਥੀ ਚੁਣਿਆ ਹੈ। ਸਥਾਨਕ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਵਿਚ ਵਿਆਂਦੜ ਜੋੜੀ ਨੇ ਧਾਰਮਿਕ ਰਸਮ ਪੂਰੀ ਕੀਤੀ ਅਤੇ ਉਸ ਮਗਰੋਂ ਸਥਾਨਕ ਬਲੇਜਿੰਗ ਸਟਾਰ ਮੈਰਿਜ ਪੈਲੇਸ ਵਿਚ ਵਿਆਹ ਦੇ ਮੁੱਖ ਸਮਾਗਮ ਹੋਏ। ਵੇਰਵਿਆਂ ਅਨੁਸਾਰ ਵਿਧਾਇਕਾ ਰੁਪਿੰਦਰ ਕੌਰ ਰੂਬੀ ਦੇ ਜੀਵਨ ਸਾਥੀ ਸਾਹਿਲਪੁਰੀ ਨੇ ਬਤੌਰ ਪੱਤਰਕਾਰ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਹੁਣ ਉਹ ਸੰਗਤ ਬਲਾਕ ਵਿਚ ਸਿਹਤ ਵਿਭਾਗ ਵਿਚ ਤਾਇਨਾਤ ਹਨ, ਜੋ ਵਿਧਾਇਕਾ ਰੂਬੀ ਦੇ ਹਲਕੇ ਵਿਚ ਪੈਂਦਾ ਹੈ। ਦੋਵੇਂ ਜਣੇ ਇੱਕ ਦੂਸਰੇ ਤੋਂ ਪਹਿਲਾਂ ਹੀ ਵਾਕਫ਼ ਸਨ। ‘ਆਪ’ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵਿਆਹ ਸਮਾਰੋਹਾਂ ਵਿਚ ਸ਼ਿਰਕਤ ਕੀਤੀ। ਇਸ ਮੌਕੇ ਸੁਰੱਖਿਆ ਦੇ ਪ੍ਰਬੰਧ ਵੀ ਕੀਤੇ ਹੋਏ ਸਨ। ਵਿਧਾਇਕਾ ਰੂਬੀ ਨਾਭੀ ਰੰਗ ਲਹਿੰਗੇ ਵਿਚ ਸਜੀ ਹੋਈ ਸੀ। ਅੱਜ ਵਿਆਹ ਸਮਾਗਮਾਂ ਵਿਚ ਮੁੱਖ ਤੌਰ ’ਤੇ ‘ਆਪ’ ਦੇ ਆਗੂ ਸੰਜੇ ਸਿੰਘ ਤੇ ਭਗਵੰਤ ਮਾਨ, ਦੁਰਗੇਸ਼ ਪਾਠਕ, ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ, ਚੀਫ਼ ਵਿੱਪ੍ਹ ਕੁਲਤਾਰ ਸੰਧਵਾਂ, ਅਮਨ ਅਰੋੜਾ, ਡਿਪਟੀ ਸਪੀਕਰ ਅਜੈਬ ਸਿੰਘ ਭੱਟੀ, ਵਿਧਾਇਕ ਗੁਰਕੀਰਤ ਕੋਟਲੀ ਤੇ ਹੋਰ ਹਾਜ਼ਰ ਸਨ।