ਚੰਡੀਗੜ੍ਹ ਵਿੱਚ ਸੜਕ ਹਾਦਸਿਆਂ ਕਾਰਨ ਤਿੰਨ ਜ਼ਖ਼ਮੀ

12

October

2018

ਚੰਡੀਗੜ੍ਹ, ਚੰਡੀਗੜ੍ਹ ਵਿੱਚ ਬੀਤੇ 24 ਘੰਟਿਆਂ ਦੌਰਾਨ ਵਾਪਰੇ ਵੱਖ ਵੱਖ ਸੜਕ ਹਾਦਸਿਆਂ ਦੌਰਾਨ ਇੱਕ ਲੜਕੀ ਸਮੇਤ ਤਿੰਨ ਜਣੇ ਫੱਟੜ ਹੋ ਗਏ ਹਨ। ਵੇਰਵਿਆਂ ਅਨੁਸਾਰ ਇਥੇ ਸੈਕਟਰ-45 ਸਥਿਤ ਅਜੀਤ ਕਰਮ ਸਿੰਘ ਇੰਟਰਨੈਸ਼ਨਲ ਸਕੂਲ ਨੇੜੇ ਇੱਕ ਫਰਚੂਨਰ ਗੱਡੀ ਨੇ ਮਹਿੰਦਰਾ ਜੀਪ ਨੂੰ ਫੇਟ ਮਾਰ ਦਿੱਤੀ ਅਤੇ ਮਹਿੰਦਰਾ ਜੀਪ ਦਾ ਚਾਲਕ ਫੱਟੜ ਹੋ ਗਿਆ। ਉਸ ਦੀ ਪਛਾਣ ਕੁਲਵਿੰਦਰ ਸਿੰਘ ਵਾਸੀ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਜੋਂ ਹੋਈ ਹੈ। ਪੁਲੀਸ ਨੇ ਫਰਚੂਨਰ ਗੱਡੀ ਦੇ ਚਾਲਕ ਮਿਲਾਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ। ਇਥੇ ਤਰ੍ਹਾਂ ਜਗਤਪੁਰਾ ਵਾਸੀ ਸਾਈਕਲ ਸਵਾਰ ਲੜਕੀ ਨੂੰ ਇਥੇ 46-47, 48-49 ਦੇ ਚੌਕ ’ਤੇ ਬੱਸ ਨੇ ਫੇਟ ਮਾਰ ਦਿੱਤੀ। ਲੜਕੀ ਨੂੰ ਜ਼ਖਮੀ ਹਾਲਤ ਵਿੱਚ ਸੈਕਟਰ-32 ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਲੜਕੀ ਦੀ ਪਛਾਣ ਮਾਨਸੀ ਵਜੋਂ ਹੋਈ ਹੈ। ਇਸੇ ਤਰ੍ਹਾਂ ਸੈਕਟਰ 25-38 ਦੀਆਂ ਲਾਈਟਾਂ ਵਾਲੇ ਚੌਕ ’ਤੇ ਪੈਦਲ ਜਾ ਰਹੀ ਮਹਿਲਾ ਨੂੰ ਕਾਰ ਨੇ ਫੇਟ ਮਾਰ ਦਿੱਤੀ। ਜ਼ਖਮੀ ਮਹਿਲਾ ਨੂੰ ਪੀਜੀਆਈ ਦਾਖਲ ਕਰਵਾਇਆ ਗਿਆ ਹੈ। ਉਸ ਦੀ ਪਛਾਣ ਕ੍ਰਿਸ਼ਨਾਵਤੀ ਵਾਸੀ ਸੈਕਟਰ-25 ਵਜੋਂ ਹੋਈ ਹੈ। ਪੁਲੀਸ ਨੇ ਮਹਿਲਾ ਦੇ ਬੇਟੇ ਤਰੁਣ ਦੀ ਸ਼ਿਕਾਇਤ ’ਤੇ ਸੈਕਟਰ-39 ਥਾਣੇ ਵਿੱਚ ਮਾਮਲਾ ਦਰਜ ਕੀਤਾ ਹੈ। ਅੰਬਾਲਾ (ਰਤਨ ਸਿੰਘ ਢਿੱਲੋਂ): ਅੰਬਾਲਾ-ਰਾਜਪੁਰਾ ਜੀਟੀ ਰੋਡ ’ਤੇ ਨਵੀਂ ਅਨਾਜ ਮੰਡੀ ਕੋਲ ਅੱਜ ਸਵੇਰੇ ਅਣਪਛਾਤੇ ਵਾਹਨ ਦੀ ਲਪੇਟ ਵਿੱਚ ਆਉਣ ਕਾਰਨ 25 ਸਾਲਾਂ ਦੇ ਅਣਪਛਾਤੇ ਨੌਜਵਾਨ ਦੀ ਮੌਤ ਹੋ ਗਈ। ਏਐਸਆਈ ਵਿਜੈ ਕੁਮਾਰ ਨੇ ਦੱਸਿਆ ਕਿ ਨੌਜਵਾਨ ਨੇ ਨੀਲੀ ਡਿਜ਼ਾਈਨਦਾਰ ਟੀ-ਸ਼ਰਟ ਪਾਈ ਹੋਈ ਹੈ ਅਤੇ ਉਸ ਦੇ ਗੁੱਟ ’ਤੇ ਲਾਲ ਰੰਗ ਦਾ ਧਾਗਾ ਬੰਨ੍ਹਿਆ ਹੋਇਆ ਹੈ। ਲਾਸ਼ ਸ਼ਨਾਖ਼ਤ ਲਈ ਸ਼ਹਿਰ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤੀ ਗਈ ਹੈ। ਮੋਰਿੰਡਾ (ਸੰਜੀਵ ਤੇਜਪਾਲ): ਮੋਰਿੰਡਾ-ਰੂਪਨਗਰ ਸੜਕ ’ਤੇ ਪੈਂਦੇ ਪਿੰਡ ਸਹੇੜ੍ਹੀ ਲਾਗੇ ਦੇਰ ਸ਼ਾਮ ਹੋਏ ਹਾਦਸੇ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ| ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮੋਟਰਸਾਈਕਲ ਚਾਲਕ ਜਗਤਾਰ ਸਿੰਘ (51) ਪੁੱਤਰ ਮਹਿੰਦਰ ਸਿੰਘ ਵਾਸੀ ਬੂਰਮਾਜਰਾ, ਚੰਡੀਗੜ੍ਹ ਤੋਂ ਡਿਊਟੀ ਕਰਕੇ ਮੋਟਰਸਾਈਕਲ ’ਤੇ ਪਿੰਡ ਪਰਤ ਰਿਹਾ ਸੀ। ਇਸ ਦੌਰਾਨ ਪਿੰਡ ਸਹੇੜ੍ਹੀ ਨਜ਼ਦੀਕ ਉਹ ਇੱਕ ਟਿੱਪਰ ਦੀ ਲਪੇਟ ਵਿੱਚ ਆ ਗਿਆ| ਜਗਤਾਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ| ਮੋਰਿੰਡਾ ਪੁਲੀਸ ਨੇ ਹਾਦਸੇ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ| ਵਾਹਨ ਦੀ ਲਪੇਟ ਵਿੱਚ ਆਉਣ ਕਾਰਨ ਬਿਰਧ ਔਰਤ ਹਲਾਕ ਲਾਲੜੂ (ਸਰਬਜੀਤ ਸਿੰਘ ਭੱਟੀ): ਪਿੰਡ ਕੁਰਲੀ ਦੇ ਬੱਸ ਅੱਡੇ ’ਤੇ ਥ੍ਰੀ-ਵ੍ਹੀਲਰ ਵਿੱਚੋਂ ਉਤਰ ਕੇ ਪੈਦਲ ਸੜਕ ਪਾਰ ਕਰਦੇ ਸਮੇਂ 72 ਸਾਲਾਂ ਦੀ ਔਰਤ ਅਣਪਛਾਤੇ ਵਾਹਨ ਦੀ ਲਪੇਟ ਵਿੱਚ ਆ ਗਈ ਤੇ ਜ਼ਖ਼ਮੀ ਹੋ ਗਈ। ਬਾਅਦ ਵਿੱਚ ਉਸ ਦੀ ਹਸਪਤਾਲ ਵਿੱਚ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਕਮਲਾ ਦੇਵੀ ਪਤਨੀ ਨਰੰਜਨ ਦਾਸ ਵਾਸੀ ਪਿੰਡ ਕੁਰਲੀ, ਬੀਤੀ ਸ਼ਾਮ ਅੰਬਾਲਾ ਸ਼ਹਿਰ ਤੋਂ ਆਪਣੇ ਪੁੱਤਰ ਨੂੰ ਮਿਲ ਕੇ ਥ੍ਰੀ-ਵ੍ਹੀਲਰ ਰਾਹੀਂ ਵਾਪਸ ਆ ਰਹੀ ਸੀ। ਜਦੋਂ ਉਹ ਪਿੰਡ ਕੁਰਲੀ ਦੇ ਬੱਸ ਅੱਡੇ ’ਤੇ ਥ੍ਰੀ-ਵ੍ਹੀਲਰ ਵਿੱਚੋਂ ਉਤਰ ਕੇ ਪੈਦਲ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ਪਾਰ ਕਰਨ ਲੱਗੀ ਤਾਂ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਫੇਟ ਮਾਰ ਦਿੱਤੀ ਅਤੇ ਉਹ ਗੰਭੀਰ ਜ਼ਖ਼ਮੀ ਹੋ ਗਈ। ਉਸ ਨੂੰ ਤੁਰੰਤ ਸਿਵਲ ਹਸਪਤਾਲ ਡੇਰਾਬਸੀ ਲਿਆਂਦਾ ਗਿਆ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਸ ਦਾ ਪੁੱਤਰ ਰਾਜ ਕੁਮਾਰ ਅੰਬਾਲਾ ਵਿੱਚ ਰਹਿੰਦਾ ਹੈ। ਪੁਲੀਸ ਨੇ ਅਣਪਛਾਤੇ ਵਾਹਨ ਚਾਲਕ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਲਾਸ਼ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।