ਪੰਜਾਬ ਵਿਧਾਨ ਸਭਾ ਚੋਣਾਂ: ਕੇਵਲ ਸਿੰਘ ਢਿੱਲੋਂ ਲੁਧਿਆਣਾ ਉੱਤਰੀ ਤੋਂ ਲੜ ਸਕਦੇ ਨੇ ਚੋਣ; ਸਿਵਲ ਸਿਟੀ 'ਚ ਖ਼ਰੀਦੀ ਕੋਠੀ ਨੇ ਵਧਾਈਆਂ ਸਿਆਸੀ ਚਰਚਾਵਾਂ

ਪੰਜਾਬ ਵਿਧਾਨ ਸਭਾ ਚੋਣਾਂ: ਕੇਵਲ ਸਿੰਘ ਢਿੱਲੋਂ ਲੁਧਿਆਣਾ ਉੱਤਰੀ ਤੋਂ ਲੜ ਸਕਦੇ ਨੇ ਚੋਣ; ਸਿਵਲ ਸਿਟੀ 'ਚ ਖ਼ਰੀਦੀ ਕੋਠੀ ਨੇ ਵਧਾਈਆਂ ਸਿਆਸੀ ਚਰਚਾਵਾਂ

ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿਲੋਂ ਦੇ ਲੁਧਿਆਣਾ ਉੱਤਰੀ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਦੀਆਂ ਅਟਕਲਾਂ ਨਾਲ ਇਹ ਖੇਤਰ ਸੂਬੇ ਦੀ ਰਾਜਨੀਤੀ ਵਿੱਚ ਚਰਚਾ ਦਾ ਮੁੱਖ ਕੇਂਦਰ ਬਣ ਗਿਆ ਹੈ। ਪਿਛਲੇ ਕੁਝ ਸਮੇਂ ਤੋਂ ਇਸ ਹਲਕੇ ਵਿੱਚ ਉਨ੍ਹਾਂ ਦੀਆਂ ਤਸਵੀਰਾਂ ਵਾਲੇ ਵੱਡੇ ਹੋਰਡਿੰਗ ਅਤੇ ਤਿਉਹਾਰਾਂ ਦੀਆਂ ਵਧਾਈਆਂ ਦੇਣ ਵਾਲੇ ਪੋਸਟਰ ਲਗਾਤਾਰ ਦੇਖਣ ਨੂੰ ਮਿਲ ਰਹੇ ਹਨ। ਇਨ੍ਹਾਂ ਚਰਚਾਵਾਂ ਨੂੰ ਉਸ ਵੇਲੇ ਹੋਰ ਬਲ ਮਿਲਿਆ ਜਦੋਂ ਉਨ੍ਹਾਂ ਵੱਲੋਂ ਹਲਕੇ ਦੇ ਪ੍ਰਮੁੱਖ ਇਲਾਕੇ ਸਿਵਲ ਸਿਟੀ ਵਿੱਚ ਇੱਕ ਕੋਠੀ ਖਰੀਦਣ ਅਤੇ ਉੱਥੇ ਆਪਣਾ ਸਾਮਾਨ ਭੇਜਣਾ ਸ਼ੁਰੂ ਕਰਨ ਦੀ ਖ਼ਬਰ ਸਾਹਮਣੇ ਆਈ। ਸਿਆਸੀ ਮਾਹਰਾਂ ਵੱਲੋਂ ਇਸ ਕਦਮ ਨੂੰ ਉਨ੍ਹਾਂ ਦੀ ਲੁਧਿਆਣਾ ਉੱਤਰੀ ਹਲਕੇ ਤੋਂ ਚੋਣ ਲੜਨ ਦੀਆਂ ਤਿਆਰੀਆਂ ਵਜੋਂ ਦੇਖਿਆ ਜਾ ਰਿਹਾ ਹੈ, ਜੋ ਕਿ ਭਾਜਪਾ ਲਈ ਇੱਕ ਰਣਨੀਤਕ ਤੌਰ 'ਤੇ ਅਹਿਮ ਸੀਟ ਮੰਨੀ ਜਾਂਦੀ ਹੈ। ਲੁਧਿਆਣਾ ਉੱਤਰੀ ਦਾ ਰਾਜਨੀਤਿਕ ਇਤਿਹਾਸ ਵੀ ਕਾਫ਼ੀ ਦਿਲਚਸਪ ਰਿਹਾ ਹੈ। ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਰਾਕੇਸ਼ ਪਾਂਡੇ ਇੱਥੋਂ 7 ਵਾਰ ਵਿਧਾਇਕ ਚੁਣੇ ਜਾ ਚੁੱਕੇ ਹਨ, ਜਦਕਿ ਮਰਹੂਮ ਭਾਜਪਾ ਆਗੂ ਹਰੀਸ਼ ਬੇਦੀ ਵੀ ਇੱਥੋਂ ਜਿੱਤ ਦਰਜ ਕਰ ਚੁੱਕੇ ਹਨ। ਹਾਲਾਂਕਿ, ਭਾਜਪਾ ਆਗੂ ਪ੍ਰਵੀਨ ਬਾਂਸਲ ਨੇ ਇਸ ਸੀਟ ਤੋਂ 3 ਵਾਰ ਚੋਣ ਲੜੀ ਪਰ ਉਨ੍ਹਾਂ ਨੂੰ ਹਰ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। ਇਸੇ ਕਾਰਨ ਪਾਰਟੀ ਵੱਲੋਂ ਇਸ ਵਾਰ ਕਿਸੇ ਨਵੇਂ ਅਤੇ ਮਜ਼ਬੂਤ ਚਿਹਰੇ ਨੂੰ ਮੈਦਾਨ ਵਿੱਚ ਉਤਾਰਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਬਰਨਾਲਾ ਹਲਕੇ ਤੋਂ 2 ਵਾਰ ਵਿਧਾਇਕ ਰਹਿ ਚੁੱਕੇ ਕੇਵਲ ਸਿੰਘ ਢਿੱਲੋਂ ਦਾ ਵਿਸ਼ਾਲ ਸਿਆਸੀ ਤਜਰਬਾ ਵੀ ਉਨ੍ਹਾਂ ਦੇ ਪੱਖ ਵਿੱਚ ਜਾਂਦਾ ਹੈ। ਜੇਕਰ ਭਾਜਪਾ ਉਨ੍ਹਾਂ ਨੂੰ ਉੱਤਰੀ ਹਲਕੇ ਤੋਂ ਉਮੀਦਵਾਰ ਬਣਾਉਂਦੀ ਹੈ, ਤਾਂ ਇਸ ਦਾ ਪ੍ਰਭਾਵ ਲੁਧਿਆਣਾ ਦੀਆਂ ਹੋਰ ਸ਼ਹਿਰੀ ਵਿਧਾਨ ਸਭਾ ਸੀਟਾਂ ’ਤੇ ਵੀ ਪੈ ਸਕਦਾ ਹੈ, ਕਿਉਂਕਿ ਪਾਰਟੀ ਸ਼ਹਿਰ ਦੀਆਂ 6 ਸੀਟਾਂ ’ਤੇ ਆਪਣਾ ਆਧਾਰ ਵਧਾਉਣ ਦੀ ਯੋਜਨਾ ਬਣਾ ਰਹੀ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਨੇ ਲੁਧਿਆਣਾ ਸ਼ਹਿਰ ਦੀਆਂ 5 ਵਿਧਾਨ ਸਭਾ ਸੀਟਾਂ ’ਤੇ ਲੀਡ ਹਾਸਲ ਕੀਤੀ ਸੀ, ਜਿਸ ਨੂੰ ਪਾਰਟੀ ਸ਼ਹਿਰੀ ਖੇਤਰਾਂ ਵਿੱਚ ਆਪਣੇ ਵਧਦੇ ਪ੍ਰਭਾਵ ਵਜੋਂ ਦੇਖ ਰਹੀ ਹੈ। ਦਸਹਿਰਾ ਸਮਾਗਮ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸ਼ਮੂਲੀਅਤ ਤੋਂ ਬਾਅਦ ਕੇਵਲ ਸਿੰਘ ਢਿੱਲੋਂ ਦੀ ਇਸ ਹਲਕੇ ਵਿੱਚ ਵਧੀ ਸਰਗਰਮੀ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਾਲਾਂਕਿ ਪਾਰਟੀ ਵੱਲੋਂ ਉਮੀਦਵਾਰੀ ਬਾਰੇ ਅਜੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ, ਪਰ ਆਗਾਮੀ ਚੋਣਾਂ ਵਿੱਚ ਇਸ ਸੀਟ ’ਤੇ ਕਾਂਗਰਸ, ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚਾਲੇ ਫਸਵੇਂ ਤਿਕੋਣੇ ਮੁਕਾਬਲੇ ਦੀ ਸੰਭਾਵਨਾ ਜਤਾਈ ਜਾ ਰਹੀ ਹੈ।