ਹਾੜੀ ਦੀਆਂ ਫਸਲਾਂ ਦੀ MSP ਵਿੱਚ ਵਾਧਾ, ਕਣਕ ਦਾ ਭਾਅ 2610 ਰੁਪਏ ਪ੍ਰਤੀ ਕੁਇੰਟਲ

ਹਾੜੀ ਦੀਆਂ ਫਸਲਾਂ ਦੀ MSP ਵਿੱਚ ਵਾਧਾ, ਕਣਕ ਦਾ ਭਾਅ 2610 ਰੁਪਏ ਪ੍ਰਤੀ ਕੁਇੰਟਲ

ਕਸੁੰਭਾ ਦੀ MSP ਵਿੱਚ 675 ਰੁਪਏ ਦਾ ਸਭ ਤੋਂ ਵੱਧ ਵਾਧਾ; ਕਿਸਾਨ ਆਗੂ ਨੇ ਵਾਧੇ ਨੂੰ ਦੱਸਿਆ ਨਾਕਾਫੀ
 

ਕੇਂਦਰ ਸਰਕਾਰ ਵੱਲੋਂ ਹਾੜੀ ਸੀਜ਼ਨ ਦੀਆਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (MSP) ਵਿੱਚ ਵਾਧੇ ਦਾ ਐਲਾਨ ਕੀਤਾ ਗਿਆ ਹੈ। ਸਰਕਾਰ ਵੱਲੋਂ ਕਣਕ ਸਮੇਤ ਛੇ ਹਾੜੀ ਦੀਆਂ ਫਸਲਾਂ ਦੀ MSP ਵਿੱਚ ਵਾਧਾ ਕੀਤਾ ਗਿਆ ਹੈ। ਕਣਕ ਦੀ MSP ਵਿੱਚ 25 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਹੋਣ ਤੋਂ ਬਾਅਦ ਇਸ ਦਾ ਨਵਾਂ ਭਾਅ 2610 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਇਸ ਤੋਂ ਇਲਾਵਾ ਕਸੁੰਭਾ ਦੀ MSP ਵਿੱਚ ਸਭ ਤੋਂ ਵੱਧ 675 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ। ਜਾਰੀ ਕੀਤੇ ਗਏ ਵੇਰਵਿਆਂ ਅਨੁਸਾਰ ਜੌਂ ਦੀ MSP ਵਿੱਚ 136 ਰੁਪਏ ਦਾ ਵਾਧਾ ਕਰਕੇ ਇਸ ਨੂੰ 2286 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਚਣੇ ਦੀ MSP ਵਿੱਚ 83 ਰੁਪਏ ਦਾ ਵਾਧਾ ਕਰਕੇ 5958 ਰੁਪਏ ਪ੍ਰਤੀ ਕੁਇੰਟਲ, ਜਦਕਿ ਕਸੁੰਭਾ ਦੀ MSP 675 ਰੁਪਏ ਵਧਾ ਕੇ 7015 ਰੁਪਏ ਪ੍ਰਤੀ ਕੁਇੰਟਲ ਕੀਤੀ ਗਈ ਹੈ। ਮਸੂਰ ਅਤੇ ਸਰ੍ਹੋਂ ਦੀ MSP ਵਿੱਚ ਵੀ ਕ੍ਰਮਵਾਰ 390 ਰੁਪਏ ਅਤੇ 413 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ। ਸਰਕਾਰ ਦੇ ਅਨੁਮਾਨ ਅਨੁਸਾਰ ਹਾੜੀ ਸੀਜ਼ਨ ਦੌਰਾਨ ਲਗਭਗ 324 ਲੱਖ ਮੀਟ੍ਰਿਕ ਟਨ ਫਸਲ ਦੀ ਖਰੀਦ ਹੋਣ ਦੀ ਉਮੀਦ ਹੈ। MSP ਵਿੱਚ ਕੀਤੇ ਇਸ ਵਾਧੇ ਤੋਂ ਬਾਅਦ ਜਿੱਥੇ ਸਰਕਾਰੀ ਪੱਧਰ ’ਤੇ ਇਸ ਨੂੰ ਕਿਸਾਨਾਂ ਲਈ ਸਹਾਇਕ ਕਦਮ ਵਜੋਂ ਦੇਖਿਆ ਜਾ ਰਿਹਾ ਹੈ, ਉੱਥੇ ਹੀ ਕਿਸਾਨ ਜਥੇਬੰਦੀਆਂ ਵੱਲੋਂ ਵਾਧੇ ਦੀ ਮਾਤਰਾ ’ਤੇ ਸਵਾਲ ਚੁੱਕੇ ਜਾ ਰਹੇ ਹਨ। ਵਧਦੀਆਂ ਖੇਤੀ ਲਾਗਤਾਂ ਦੇ ਮੁਕਾਬਲੇ ਵਾਧਾ ਘੱਟ : ਕਿਸਾਨ ਆਗੂ MSP ਵਿੱਚ ਕੀਤੇ ਵਾਧੇ ਨੂੰ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਲੱਖੋਵਾਲ ਨੇ ਨਾਕਾਫੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਣਕ ਪੰਜਾਬ ਦੀ ਮੁੱਖ ਫਸਲ ਹੈ ਅਤੇ ਇਸ ਦੀ MSP ਵਿੱਚ ਸਿਰਫ਼ 25 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਿਸਾਨਾਂ ਦੀਆਂ ਲਗਾਤਾਰ ਵਧ ਰਹੀਆਂ ਖੇਤੀ ਲਾਗਤਾਂ ਦੇ ਮੁਕਾਬਲੇ ਬਹੁਤ ਘੱਟ ਹੈ। ਕਿਸਾਨ ਆਗੂ ਨੇ ਕਿਹਾ ਕਿ ਖਾਦਾਂ, ਬੀਜਾਂ, ਕੀਟਨਾਸ਼ਕਾਂ, ਡੀਜ਼ਲ ਅਤੇ ਮਜ਼ਦੂਰੀ ਸਮੇਤ ਖੇਤੀ ਨਾਲ ਸਬੰਧਤ ਲਾਗਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਕਿਸਾਨਾਂ ਨੂੰ ਫਸਲ ਤਿਆਰ ਕਰਨ ਲਈ ਪਹਿਲਾਂ ਨਾਲੋਂ ਕਿਤੇ ਵੱਧ ਖਰਚ ਕਰਨਾ ਪੈ ਰਿਹਾ ਹੈ, ਪਰ ਫਸਲਾਂ ਦੀ MSP ਵਿੱਚ ਉਸ ਅਨੁਪਾਤ ਅਨੁਸਾਰ ਵਾਧਾ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਅਸਲ ਖੇਤੀ ਲਾਗਤ ਨੂੰ ਧਿਆਨ ਵਿੱਚ ਰੱਖਦਿਆਂ MSP ਤੈਅ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਡੀਜ਼ਲ, ਖਾਦਾਂ, ਬੀਜ, ਦਵਾਈਆਂ, ਮਜ਼ਦੂਰੀ ਅਤੇ ਹੋਰ ਖਰਚਿਆਂ ਨੂੰ MSP ਨਿਰਧਾਰਤ ਕਰਨ ਸਮੇਂ ਪੂਰੀ ਤਰ੍ਹਾਂ ਧਿਆਨ ਵਿੱਚ ਰੱਖਿਆ ਜਾਵੇ। ਭੁਪਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਕਰਜ਼ੇ ਅਤੇ ਆਰਥਿਕ ਦਬਾਅ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ MSP ਵਿੱਚ ਕੀਤੇ ਵਾਧੇ ’ਤੇ ਮੁੜ ਵਿਚਾਰ ਕਰਕੇ ਕਿਸਾਨਾਂ ਨੂੰ ਫਸਲਾਂ ਦਾ ਲਾਹੇਵੰਦ ਅਤੇ ਵਾਜਬ ਮੁੱਲ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਿਸਾਨ ਜਥੇਬੰਦੀਆਂ ਨਾਲ ਬੈਠ ਕੇ ਖੇਤੀ ਲਾਗਤ, MSP ਅਤੇ ਫਸਲਾਂ ਦੇ ਭਾਅ ਸਬੰਧੀ ਵਿਸਥਾਰ ਨਾਲ ਗੱਲਬਾਤ ਕਰਨੀ ਚਾਹੀਦੀ ਹੈ।