ਕੈਨੇਡਾ 'ਚ ਪੰਜਾਬੀ ਪੁਸਤਕ ਪ੍ਰਦਰਸ਼ਨੀ ਦਾ ਆਗਾਜ਼: ਬਰੈਂਪਟਨ 'ਚ 2000 ਤੋਂ ਵੱਧ ਪੁਸਤਕਾਂ ਨਾਲ ਸਜਿਆ 'ਚੇਤਨਾ ਪ੍ਰਕਾਸ਼ਨ' ਦਾ ਮੰਚ
- ਵਿਦੇਸ਼
- (Asia/Kolkata)
ਕੈਨੇਡਾ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਨੂੰ ਮਾਂ-ਬੋਲੀ ਅਤੇ ਸਾਹਿਤ ਨਾਲ ਜੋੜੀ ਰੱਖਣ ਦੇ ਉਦੇਸ਼ ਨਾਲ ਬਰੈਂਪਟਨ ਸਥਿਤ 'ਵਿਸ਼ਵ ਪੰਜਾਬੀ ਭਵਨ' ਵਿਖੇ ਪੁਸਤਕ ਪ੍ਰਦਰਸ਼ਨੀ ਦੀ ਸ਼ੁਰੂਆਤ ਹੋ ਗਈ ਹੈ। ਲੁਧਿਆਣਾ ਦੇ 'ਚੇਤਨਾ ਪ੍ਰਕਾਸ਼ਨ' ਵੱਲੋਂ ਲਗਾਈ ਗਈ ਇਸ ਪ੍ਰਦਰਸ਼ਨੀ ਵਿੱਚ 2000 ਤੋਂ ਵੱਧ ਵੱਖ-ਵੱਖ ਪੁਸਤਕਾਂ (ਟਾਈਟਲ) ਪਾਠਕਾਂ ਲਈ ਰੱਖੀਆਂ ਗਈਆਂ ਹਨ। ਇਨ੍ਹਾਂ ਵਿੱਚ ਜਸਵੰਤ ਸਿੰਘ ਕੰਵਲ, ਅੰਮ੍ਰਿਤਾ ਪ੍ਰੀਤਮ, ਸੁਰਜੀਤ ਪਾਤਰ, ਮਨਮੋਹਨ ਬਾਵਾ, ਗੁਰਭਜਨ ਗਿੱਲ, ਵਰਿਆਮ ਸਿੰਘ ਸੰਧੂ ਅਤੇ ਸੰਤ ਸਿੰਘ ਸੇਖੋਂ ਵਰਗੇ ਸਿਰਮੌਰ ਸਾਹਿਤਕਾਰਾਂ ਦੇ ਨਾਲ-ਨਾਲ ਨਵੇਂ ਲੇਖਕਾਂ ਦੀਆਂ ਦਰਜਨਾਂ ਪੁਸਤਕਾਂ ਸ਼ਾਮਲ ਹਨ। ਨਾਮੀ ਸ਼ਖ਼ਸੀਅਤਾਂ ਵੱਲੋਂ ਪ੍ਰਦਰਸ਼ਨੀ ਦਾ ਉਦਘਾਟਨ ਇਸ ਪੁਸਤਕ ਪ੍ਰਦਰਸ਼ਨੀ ਦਾ ਰਸਮੀ ਉਦਘਾਟਨ ਪਾਕਿਸਤਾਨੀ ਪੰਜਾਬ ਦੇ ਪ੍ਰਸਿੱਧ ਪੰਜਾਬੀ ਸ਼ਾਇਰ ਬਾਬਾ ਨਜ਼ਮੀ, ਪੰਜਾਬੀ ਸਭਾ ਦੇ ਚੇਅਰਮੈਨ ਦਲਵੀਰ ਸਿੰਘ ਕਥੂਰੀਆ, ਡਾ. ਜਗਦੀਪ ਸਿੰਘ, ਐਕਸਾਈਜ਼ ਕਮਿਸ਼ਨਰ ਗੁਰਤੇਜ ਸਿੰਘ, ਗਾਇਕ ਹੁਸਨੈਨ ਲਾਹੌਰ, ਜਸਵਿੰਦਰ ਬਿੱਟਾ, ਕੰਵਲਜੀਤ ਸਿੰਘ ਅਤੇ 'ਚੇਤਨਾ ਪ੍ਰਕਾਸ਼ਨ' ਦੇ ਸਤੀਸ਼ ਗੁਲਾਟੀ ਸਮੇਤ ਹੋਰ ਮੁੱਖ ਸ਼ਖ਼ਸੀਅਤਾਂ ਵੱਲੋਂ ਕੀਤਾ ਗਿਆ। ਪ੍ਰਦਰਸ਼ਨੀ ਦੇ ਪਹਿਲੇ ਹੀ ਦਿਨ ਵੱਡੀ ਗਿਣਤੀ 'ਚ ਪੰਜਾਬੀ ਪਾਠਕਾਂ ਨੇ ਪੁੱਜ ਕੇ ਆਪਣੇ ਮਨਪਸੰਦ ਲੇਖਕਾਂ ਦੀਆਂ ਕਿਤਾਬਾਂ ਖ਼ਰੀਦੀਆਂ। 11 ਅਕਤੂਬਰ ਤੱਕ ਜਾਰੀ ਰਹੇਗੀ ਪ੍ਰਦਰਸ਼ਨੀ ਸਤੀਸ਼ ਗੁਲਾਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਵੱਖ-ਵੱਖ ਪ੍ਰਕਾਸ਼ਨਾਂ ਅਤੇ ਲੇਖਕਾਂ ਦੀਆਂ ਪੁਸਤਕਾਂ ਲੈ ਕੇ ਇੱਥੇ ਪਹੁੰਚੇ ਹਨ, ਜਿਨ੍ਹਾਂ ਵਿੱਚ ਸਥਾਪਤ ਲੇਖਕਾਂ ਦੇ ਨਾਲ-ਨਾਲ ਨਵੇਂ ਕਲਮਕਾਰਾਂ ਨੂੰ ਵੀ ਪੂਰੀ ਜਗ੍ਹਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੈਨੇਡਾ ਵਸਦੇ ਪੰਜਾਬੀ ਪਾਠਕਾਂ ਦੇ ਲਗਾਤਾਰ ਆਉਂਦੇ ਫ਼ੋਨਾਂ ਅਤੇ ਮੰਗ ਨੂੰ ਦੇਖਦਿਆਂ ਇਹ ਉਪਰਾਲਾ ਕੀਤਾ ਗਿਆ ਹੈ। ਕਿਤਾਬਾਂ ਨੂੰ ਮਨੁੱਖ ਦੀ ਰੂਹ ਦੀ ਖ਼ੁਰਾਕ ਅਤੇ ਗਿਆਨ ਦਾ ਅਥਾਹ ਭੰਡਾਰ ਦੱਸਦਿਆਂ ਉਨ੍ਹਾਂ ਐਲਾਨ ਕੀਤਾ ਕਿ ਇਹ ਪ੍ਰਦਰਸ਼ਨੀ 11 ਅਕਤੂਬਰ ਤੱਕ ਨਿਰੰਤਰ ਜਾਰੀ ਰਹੇਗੀ। 2 ਤੋਂ 4 ਅਕਤੂਬਰ ਤੱਕ ਹੋਵੇਗੀ 'ਵਿਸ਼ਵ ਪੰਜਾਬੀ ਕਾਨਫ਼ਰੰਸ' ਇਸ ਮੌਕੇ ਐਕਸਾਈਜ਼ ਕਮਿਸ਼ਨਰ ਗੁਰਤੇਜ ਸਿੰਘ ਨੇ 'ਚੇਤਨਾ ਪ੍ਰਕਾਸ਼ਨ' ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਤੱਕ ਕਿਤਾਬਾਂ ਪਹੁੰਚਾਉਣਾ ਮਾਂ-ਬੋਲੀ ਦੀ ਵੱਡੀ ਸੇਵਾ ਹੈ। ਪੰਜਾਬੀ ਸਭਾ ਦੇ ਚੇਅਰਮੈਨ ਦਲਵੀਰ ਸਿੰਘ ਕਥੂਰੀਆ ਨੇ ਦੱਸਿਆ ਕਿ ਭਵਨ ਵਿਖੇ 2 ਅਕਤੂਬਰ ਤੋਂ 4 ਅਕਤੂਬਰ ਤੱਕ 'ਵਿਸ਼ਵ ਪੰਜਾਬੀ ਕਾਨਫ਼ਰੰਸ' ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਸਮੂਹ ਪੰਜਾਬੀ ਭਾਈਚਾਰੇ ਨੂੰ ਪ੍ਰਦਰਸ਼ਨੀ 'ਚ ਸ਼ਿਰਕਤ ਕਰਨ ਅਤੇ ਕਾਨਫ਼ਰੰਸ ਦੌਰਾਨ ਵਿਦਵਾਨਾਂ ਦੇ ਵਿਚਾਰ ਸੁਣਨ ਦਾ ਸੱਦਾ ਦਿੱਤਾ। ਸ਼ਾਇਰ ਬਾਬਾ ਨਜ਼ਮੀ ਨੇ ਆਪਣੇ ਸੰਬੋਧਨ 'ਚ ਆਖਿਆ ਕਿ ਪੰਜਾਬੀ ਸੱਭਿਆਚਾਰ ਅਤੇ ਬੋਲੀ ਨੇ ਚੜ੍ਹਦੇ ਤੇ ਲਹਿੰਦੇ ਦੋਵਾਂ ਪੰਜਾਬਾਂ ਨੂੰ ਇੱਕ ਲੜੀ ਵਿੱਚ ਪਰੋ ਕੇ ਰੱਖਿਆ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਭਰ ਵਿੱਚ 14 ਕਰੋੜ ਪੰਜਾਬੀ ਬੋਲਣ ਵਾਲੇ ਲੋਕ ਹਨ ਅਤੇ ਅਜਿਹੀਆਂ ਕਾਨਫ਼ਰੰਸਾਂ ਨਾਲ ਸਾਰੇ ਪੰਜਾਬੀ ਇੱਕ ਧਾਰਾ ਵਿੱਚ ਬੱਝ ਜਾਣਗੇ। ਸਮਾਗਮ ਦੇ ਅੰਤ ਵਿੱਚ ਡਾ. ਜਗਦੀਪ ਸਿੰਘ ਨੇ ਆਏ ਸਾਰੇ ਮਹਿਮਾਨਾਂ ਅਤੇ ਪਾਠਕਾਂ ਦਾ ਧੰਨਵਾਦ ਕੀਤਾ।
Leave a Reply