ਲੁਧਿਆਣਾ: ਇਤਿਹਾਸਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ 'ਚ ਤੜਕਸਾਰ ਗੋਲ਼ੀਬਾਰੀ, ਮੁੱਖ ਸੇਵਾਦਾਰ ਬਾਲ-ਬਾਲ ਬਚੇ
- ਪੰਜਾਬ
- (Asia/Kolkata)
ਲੁਧਿਆਣਾ (ਦਿਹਾਤੀ) ਜ਼ਿਲ੍ਹੇ ਅਧੀਨ ਪੈਂਦੇ ਪਿੰਡ ਰਾਜੋਆਣਾ ਕਲਾਂ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਅੱਜ ਤੜਕਸਾਰ ਗੋਲ਼ੀਬਾਰੀ ਦੀ ਇੱਕ ਗੰਭੀਰ ਘਟਨਾ ਵਾਪਰਨ ਨਾਲ ਪੂਰੇ ਇਲਾਕੇ ਵਿੱਚ ਖ਼ੌਫ਼ ਅਤੇ ਸਹਿਮ ਦਾ ਮਹੌਲ ਬਣ ਗਿਆ ਹੈ। ਇਹ ਪਿੰਡ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆ ਮਾਮਲੇ ਵਿੱਚ ਫਾਂਸੀ ਦੀ ਸਜ਼ਾਯਾਫ਼ਤਾ ਬਲਵੰਤ ਸਿੰਘ ਰਾਜੋਆਣਾ ਦੇ ਜੱਦੀ ਪਿੰਡ ਰਾਜੋਆਣਾ ਖ਼ੁਰਦ ਦੇ ਬਿਲਕੁਲ ਨੇੜੇ ਸਥਿਤ ਹੈ। ਗੁਰੂਘਰਾਂ ਨੂੰ ਨਿਸ਼ਾਨਾ ਬਣਾਉਣ ਦੀ ਇਸ ਜ਼ਿਲ੍ਹੇ ਵਿੱਚ ਇਹ ਦੂਜੀ ਘਟਨਾ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਘਟਨਾ ਤੜਕੇ ਕਰੀਬ 3 ਵਜੇ ਦੇ ਆਸ-ਪਾਸ ਵਾਪਰੀ। ਗੁਰਦੁਆਰਾ ਸਾਹਿਬ ਦਾ ਮੁੱਖ ਦੁਆਰ ਖੋਲ੍ਹਣ ਤੋਂ ਬਾਅਦ ਜਦੋਂ ਮੁੱਖ ਸੇਵਾਦਾਰ ਬਾਬਾ ਬਲਦੇਵ ਸਿੰਘ ਇਸ਼ਨਾਨ ਕਰਨ ਲਈ ਗਏ, ਤਾਂ ਮੋਟਰਸਾਈਕਲ 'ਤੇ ਆਏ ਦੋ ਨਕਾਬਪੋਸ਼ ਹਮਲਾਵਰਾਂ ਨੇ ਉਨ੍ਹਾਂ ਦੇ ਕਮਰੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਸਿੱਧਾ ਫਾਇਰ ਕੀਤਾ। ਗੋਲ਼ੀ ਸ਼ੀਸ਼ੇ ਅਤੇ ਲੱਕੜ ਦੇ ਦਰਵਾਜ਼ੇ ਨੂੰ ਚੀਰਦੀ ਹੋਈ ਅੰਦਰ ਕੰਧ ਵਿੱਚ ਜਾ ਲੱਗੀ। ਖ਼ੁਸ਼ਕਿਸਮਤੀ ਨਾਲ ਇਸ ਹਮਲੇ ਵਿੱਚ ਬਾਬਾ ਬਲਦੇਵ ਸਿੰਘ ਦਾ ਬਚਾਅ ਹੋ ਗਿਆ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਘਟਨਾ ਦੇ ਚਸ਼ਮਦੀਦ ਅਤੇ ਮੁੱਖ ਗ੍ਰੰਥੀ ਬਾਬਾ ਕੁਲਵੰਤ ਸਿੰਘ ਨੇ ਦੱਸਿਆ ਕਿ ਇਹ ਵਾਰਦਾਤ ਤੜਕੇ ਕਰੀਬ 3:10 ਵਜੇ ਵਾਪਰੀ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਦੀ ਬੋਲਚਾਲ ਕੁਝ ਵੱਖਰੀ ਅਤੇ ਅਜੀਬ ਢੰਗ ਦੀ ਪੰਜਾਬੀ ਵਿੱਚ ਸੀ, ਜੋ ਗੋਲ਼ੀ ਚਲਾਉਣ ਤੋਂ ਤੁਰੰਤ ਬਾਅਦ ਮੋਟਰਸਾਈਕਲ 'ਤੇ ਫ਼ਰਾਰ ਹੋ ਗਏ। ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਸੀਨੀਅਰ ਪੁਲੀਸ ਅਧਿਕਾਰੀ ਤੁਰੰਤ ਮੌਕੇ 'ਤੇ ਪਹੁੰਚ ਗਏ। ਘਟਨਾ ਸਥਾਨ 'ਤੇ ਜ਼ਿਲ੍ਹਾ ਪੁਲੀਸ ਮੁਖੀ ਡਾ. ਅੰਕੁਰ ਗੁਪਤਾ, ਪੁਲੀਸ ਕਪਤਾਨ (ਜਾਂਚ) ਸੰਜੀਵ ਕੁਮਾਰ, ਉਪ ਪੁਲੀਸ ਕਪਤਾਨ (ਦਾਖਾ) ਕਰਨ ਸਿੰਘ ਸੰਧੂ, ਸੀ.ਆਈ.ਏ. ਇੰਚਾਰਜ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਅਤੇ ਥਾਣਾ ਸੁਧਾਰ ਦੇ ਮੁਖੀ ਸਬ ਇੰਸਪੈਕਟਰ ਰਾਜਵਰਿੰਦਰਪਾਲ ਸਿੰਘ ਸਮੇਤ ਹੋਰ ਪੁਲੀਸ ਟੀਮਾਂ ਪਹੁੰਚੀਆਂ। ਪੁਲੀਸ ਨੇ ਮੌਕੇ ਤੋਂ ਸਬੂਤ ਇਕੱਠੇ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲੀਸ ਅਧਿਕਾਰੀਆਂ ਨੇ ਮਾਮਲੇ 'ਤੇ ਕੁਝ ਵੀ ਸਪੱਸ਼ਟ ਬੋਲਣ ਤੋਂ ਗੁਰੇਜ਼ ਕੀਤਾ ਹੈ ਅਤੇ ਆਖਿਆ ਹੈ ਕਿ ਜਾਂਚ ਤੋਂ ਬਾਅਦ ਜਲਦ ਹੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
Leave a Reply