ਜੈਪੁਰ ਤੋਂ ਆ ਰਹੀ ਬੱਸ ਹਾਦਸੇ ਦਾ ਸ਼ਿਕਾਰ, ਜੇਸੀਬੀ ਨਾਲ ਕੀਤੀ ਗਈ ਰਾਹਤ ਕਾਰਵਾਈ
- ਦੇਸ਼
- (Asia/Kolkata)
ਨਵੀਂ ਦਿੱਲੀ ਦੇ ਕੇਂਦਰੀ ਇਲਾਕੇ ਕਰੋਲ ਬਾਗ ਵਿੱਚ ਬੁੱਧਵਾਰ ਤੜਕੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਜੈਪੁਰ ਤੋਂ ਆ ਰਹੀ ਇੱਕ ਨਿੱਜੀ ਸਲੀਪਰ ਬੱਸ ਪਲਟ ਗਈ। ਇਸ ਹਾਦਸੇ ਵਿੱਚ ਦੋ ਮੁਸਾਫ਼ਰਾਂ ਦੀ ਮੌਤ ਹੋ ਗਈ, ਜਦਕਿ 23 ਹੋਰ ਜ਼ਖ਼ਮੀ ਹੋ ਗਏ ਹਨ। ਪੁਲੀਸ ਦੇ ਅਨੁਸਾਰ ਇਹ ਘਟਨਾ ਰਾਤ ਕਰੀਬ 1 ਵਜੇ ਹਨੂੰਮਾਨ ਮੰਦਰ ਦੇ ਨੇੜੇ ਵਾਪਰੀ। ਡਿਪਟੀ ਕਮਿਸ਼ਨਰ ਆਫ ਪੁਲੀਸ (ਸੈਂਟਰਲ) ਰੋਹਿਤ ਰਾਜਬੀਰ ਨੇ ਦੱਸਿਆ ਕਿ ਬੱਸ ਵਿੱਚ ਲਗਭਗ 30 ਸਵਾਰੀਆਂ ਮੌਜੂਦ ਸਨ। ਹਾਦਸਾ ਇੰਨਾ ਭਿਆਨਕ ਸੀ ਕਿ ਕਈ ਸਵਾਰੀਆਂ ਬੱਸ ਦੇ ਅੰਦਰ ਹੀ ਫਸ ਗਈਆਂ ਅਤੇ ਮਦਦ ਲਈ ਚੀਕਾਂ ਮਾਰਣ ਲੱਗ ਪਈਆਂ। ਸੂਚਨਾ ਮਿਲਦੇ ਹੀ ਕਰੋਲ ਬਾਗ ਥਾਣੇ ਦੀ ਪੁਲੀਸ, ਫਾਇਰ ਬ੍ਰਿਗੇਡ ਅਤੇ ਸਥਾਨਕ ਲੋਕਾਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕੀਤਾ। ਫਸੇ ਹੋਏ ਲੋਕਾਂ ਨੂੰ ਬਾਹਰ ਕੱਢਣ ਲਈ ਬੱਸ ਨੂੰ ਉੱਪਰ ਚੁੱਕਣ ਵਾਸਤੇ ਨੇੜੇ ਮੌਜੂਦ ਜੇਸੀਬੀ ਮਸ਼ੀਨ ਦੀ ਮਦਦ ਲਈ ਗਈ। ਬਚਾਅ ਟੀਮਾਂ ਨੇ ਜ਼ਖ਼ਮੀਆਂ ਨੂੰ ਤੁਰੰਤ ਨੇੜਲੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ। ਚਸ਼ਮਦੀਦਾਂ ਦੇ ਮੁਤਾਬਕ, ਰਾਤ ਵੇਲੇ ਇਲਾਕੇ ਵਿੱਚ ਕਾਫੀ ਹਨੇਰਾ ਸੀ ਅਤੇ ਬੱਸ ਦੀ ਰਫ਼ਤਾਰ ਤੇਜ਼ ਸੀ, ਜਿਸ ਕਾਰਨ ਡਰਾਈਵਰ ਸੰਤੁਲਨ ਗੁਆ ਬੈਠਾ। ਬੱਸ ਪਹਿਲਾਂ ਇੱਕ ਵਾਹਨ ਅਤੇ ਸੜਕ ਕਿਨਾਰੇ ਲੱਗੇ ਬੋਰਡਾਂ ਨਾਲ ਟਕਰਾਈ ਅਤੇ ਉਸ ਤੋਂ ਬਾਅਦ ਪਲਟ ਗਈ। ਜ਼ਖ਼ਮੀਆਂ ਵਿੱਚੋਂ 10 ਨੂੰ ਸਰ ਗੰਗਾ ਰਾਮ ਹਸਪਤਾਲ, 12 ਨੂੰ ਰਾਮ ਮਨੋਹਰ ਲੋਹੀਆ (ਆਰਐਮਐਲ) ਹਸਪਤਾਲ ਅਤੇ ਇੱਕ ਨੂੰ ਲੇਡੀ ਹਾਰਡਿੰਗ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕਾਂ ਵਿੱਚੋਂ ਇੱਕ ਦੀ ਪਛਾਣ ਸ਼ਾਹਬਾਜ਼ ਆਲਮ (30), ਵਾਸੀ ਬਿਜਨੌਰ (ਉੱਤਰ ਪ੍ਰਦੇਸ਼) ਵਜੋਂ ਹੋਈ ਹੈ, ਜਦਕਿ ਦੂਜੇ ਮ੍ਰਿਤਕ (ਉਮਰ ਲਗਭਗ 25 ਸਾਲ) ਦੀ ਪਛਾਣ ਅਜੇ ਨਹੀਂ ਹੋ ਸਕੀ। ਪੁਲੀਸ ਨੇ ਅਲਵਰ (ਰਾਜਸਥਾਨ) ਦੇ ਰਹਿਣ ਵਾਲੇ ਬੱਸ ਡਰਾਈਵਰ ਪੰਕਜ ਕੁਮਾਰ (26) ਨੂੰ ਹਿਰਾਸਤ ਵਿੱਚ ਲੈ ਲਿਆ ਹੈ, ਜਿਸ ਦਾ ਇਲਾਜ ਜਾਰੀ ਹੈ। ਮਾਮਲੇ ਸਬੰਧੀ ਪੁਲੀਸ ਵੱਲੋਂ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜੇਕਰ ਪੁਲੀਸ ਅਤੇ ਸਥਾਨਕ ਲੋਕ ਸਮੇਂ ਸਿਰ ਮਦਦ ਨਾ ਕਰਦੇ ਤਾਂ ਜਾਨੀ ਨੁਕਸਾਨ ਹੋਰ ਵੀ ਵੱਧ ਹੋ ਸਕਦਾ ਸੀ।
Leave a Reply