ਕੈਨੇਡਾ ਵਿੱਚ ਬਜ਼ੁਰਗ ਜੋੜੇ ਦੇ ਕਤਲ ਮਾਮਲੇ ‘ਚ 3 ਪੰਜਾਬੀ ਨੌਜਵਾਨ ਦੋਸ਼ੀ ਕਰਾਰ

ਕੈਨੇਡਾ ਵਿੱਚ ਬਜ਼ੁਰਗ ਜੋੜੇ ਦੇ ਕਤਲ ਮਾਮਲੇ ‘ਚ 3 ਪੰਜਾਬੀ ਨੌਜਵਾਨ ਦੋਸ਼ੀ ਕਰਾਰ

ਕੈਨੇਡਾ ਦੀ ਇੱਕ ਅਦਾਲਤ ਨੇ ਐਬਟਸਫੋਰਡ ਵਿੱਚ ਇੱਕ ਬਜ਼ੁਰਗ ਜੋੜੇ ਦੇ ਕਤਲ ਮਾਮਲੇ ਵਿੱਚ ਭਾਰਤੀ ਮੂਲ ਦੇ ਤਿੰਨ ਨੌਜਵਾਨਾਂ ਨੂੰ ਪਹਿਲੇ ਦਰਜੇ ਦੇ ਕਤਲ ਦਾ ਦੋਸ਼ੀ ਕਰਾਰ ਦਿੱਤਾ ਹੈ। CBC News ਦੀ ਰਿਪੋਰਟ ਮੁਤਾਬਕ, Arnold de Jong ਅਤੇ Joanne de Jong ਮਈ 2022 ਵਿੱਚ ਆਪਣੇ ਘਰ ਵਿੱਚ ਮ੍ਰਿਤਕ ਹਾਲਤ ਵਿੱਚ ਮਿਲੇ ਸਨ। ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਦੀ ਜੱਜ Brenda Brown ਨੇ ਸ਼ੁੱਕਰਵਾਰ ਨੂੰ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ Gurkarn Singh, Abhijit Singh ਅਤੇ Khushveer Toor ਨੇ ਇਸ ਕਤਲ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਅਦਾਲਤ ਵਿੱਚ ਦੱਸਿਆ ਗਿਆ ਕਿ ਇਹ ਕਤਲ ਪੈਸਿਆਂ ਦੀ ਲਾਲਚ ਕਾਰਨ ਕੀਤੇ ਗਏ ਸਨ। ਤਿੰਨੇ ਮੁਲਜ਼ਮ ਅਭਿਜੀਤ ਸਿੰਘ ਦੀ ਸਫਾਈ ਕੰਪਨੀ ਵਿੱਚ ਕੰਮ ਕਰਦੇ ਸਨ ਅਤੇ ਪਹਿਲਾਂ ਇਸ ਬਜ਼ੁਰਗ ਜੋੜੇ ਦੇ ਘਰ ਸਫਾਈ ਦਾ ਕੰਮ ਵੀ ਕਰ ਚੁੱਕੇ ਸਨ। ਪ੍ਰੌਸੀਕਿਊਟਰਾਂ ਦੇ ਅਨੁਸਾਰ, ਮੁਲਜ਼ਮਾਂ ਨੇ ਮਿਲ ਕੇ ਜੋੜੇ ਨੂੰ ਲੁੱਟਣ ਅਤੇ ਕਤਲ ਕਰਨ ਦੀ ਯੋਜਨਾ ਬਣਾਈ ਸੀ। ਉਨ੍ਹਾਂ ਘਰ ਵਿੱਚੋਂ ਕ੍ਰੈਡਿਟ ਕਾਰਡ, ਚੈੱਕ ਅਤੇ ਹੋਰ ਕੀਮਤੀ ਸਾਮਾਨ ਚੋਰੀ ਕੀਤਾ ਸੀ। ਮਾਮਲੇ ਦੀ ਜਾਂਚ ਦੌਰਾਨ ਘਟਨਾ ਸਥਾਨ ਤੋਂ ਮਿਲੇ ਡੀਐਨਏ, ਰੱਸੀ ਅਤੇ ਬੇਸਬਾਲ ਬੈਟ ਵਰਗੇ ਸਬੂਤਾਂ ਨੇ ਤਿੰਨਾਂ ਨੂੰ ਦੋਸ਼ੀ ਸਾਬਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਤੋਂ ਇਲਾਵਾ, ਅਭਿਜੀਤ ਸਿੰਘ ਦੇ ਮੋਬਾਈਲ ਫੋਨ ਤੋਂ ਅਜਿਹੀਆਂ ਆਨਲਾਈਨ ਸਰਚਾਂ ਵੀ ਮਿਲੀਆਂ, ਜਿਨ੍ਹਾਂ ਵਿੱਚ ਉਹ ਕੈਨੇਡਾ ਵਿੱਚ ਕਤਲ ਦੇ ਦੋਸ਼ੀਆਂ ਨੂੰ ਮਿਲਣ ਵਾਲੀ ਸਜ਼ਾ ਬਾਰੇ ਜਾਣਕਾਰੀ ਲੱਭ ਰਿਹਾ ਸੀ। ਅਦਾਲਤ ਵੱਲੋਂ ਤਿੰਨਾਂ ਦੋਸ਼ੀਆਂ ਨੂੰ ਸਜ਼ਾ 28 ਮਈ ਨੂੰ ਸੁਣਾਈ ਜਾਵੇਗੀ।