ਪਾਕਿਸਤਾਨੀ ਖੂਫੀਆ ਏਜੰਸੀ ਨੂੰ ਫੌਜੀ ਜਾਣਕਾਰੀ ਲੀਕ ਕਰਨ ਦੇ ਦੋਸ਼ ਹੇਠ ਭਾਰਤੀ ਜਲ ਸੈਨਾ ਦਾ ਜਵਾਨ ਗ੍ਰਿਫ਼ਤਾਰ

ਪਾਕਿਸਤਾਨੀ ਖੂਫੀਆ ਏਜੰਸੀ ਨੂੰ ਫੌਜੀ ਜਾਣਕਾਰੀ ਲੀਕ ਕਰਨ ਦੇ ਦੋਸ਼ ਹੇਠ ਭਾਰਤੀ ਜਲ ਸੈਨਾ ਦਾ ਜਵਾਨ ਗ੍ਰਿਫ਼ਤਾਰ

ਆਂਧਰਾ ਪ੍ਰਦੇਸ਼ ਪੁਲੀਸ ਦੇ ਕਾਊਂਟਰ ਇੰਟੈਲੀਜੈਂਸ (ਸੀ.ਆਈ.) ਸੈੱਲ ਨੇ ਪਾਕਿਸਤਾਨੀ ਖੂਫੀਆ ਏਜੰਸੀ ਨੂੰ ਸੰਵੇਦਨਸ਼ੀਲ ਫੌਜੀ ਜਾਣਕਾਰੀ ਲੀਕ ਕਰਨ ਦੇ ਗੰਭੀਰ ਦੋਸ਼ਾਂ ਹੇਠ ਭਾਰਤੀ ਜਲ ਸੈਨਾ ਦੇ 31 ਸਾਲਾ ਜਵਾਨ ਪ੍ਰਦੀਪ ਮੁਖਰਜੀ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰਤ ਸਰੋਤਾਂ ਅਨੁਸਾਰ ਇਹ ਪੂਰਾ ਮਾਮਲਾ ਸੋਸ਼ਲ ਮੀਡੀਆ 'ਤੇ 'ਹਨੀ-ਟ੍ਰੈਪ' ਰਾਹੀਂ ਕੀਤੀ ਜਾ ਰਹੀ ਜਾਸੂਸੀ ਨਾਲ ਜੁੜਿਆ ਹੋਇਆ ਹੈ।ਜਾਣਕਾਰੀ ਅਨੁਸਾਰ, ਸੀ.ਆਈ. ਸੈੱਲ ਨੇ ਮੁਖਰਜੀ ਨੂੰ 3 ਅਕਤੂਬਰ ਨੂੰ ਤਾਮਿਲਨਾਡੂ ਦੇ ਕੋਇੰਬਟੂਰ ਸਥਿਤ ਜਲ ਸੈਨਾ ਦੇ ਲੀਡਰਸ਼ਿਪ ਸਿਖਲਾਈ ਕੇਂਦਰ 'ਆਈ.ਐਨ.ਐਸ. ਅਗਰਾਨੀ' (INS Agrani) ਤੋਂ ਹਿਰਾਸਤ ਵਿੱਚ ਲਿਆ। ਪੱਛਮੀ ਬੰਗਾਲ ਦਾ ਮੂਲ ਨਿਵਾਸੀ ਪ੍ਰਦੀਪ ਮੁਖਰਜੀ ਸਾਲ 2014 ਵਿੱਚ ਭਾਰਤੀ ਜਲ ਸੈਨਾ ਵਿੱਚ ਭਰਤੀ ਹੋਇਆ ਸੀ ਅਤੇ ਉਹ ਵਿਸ਼ਾਖਾਪਟਨਮ ਸਥਿਤ 'ਈਸਟਰਨ ਨੇਵਲ ਕਮਾਂਡ' ਵਿਖੇ ਤਾਇਨਾਤ ਸੀ। ਗ੍ਰਿਫ਼ਤਾਰੀ ਦੇ ਸਮੇਂ ਉਹ ਇੱਕ ਮੈਨੇਜਮੈਂਟ ਕੋਰਸ ਵਿੱਚ ਹਿੱਸਾ ਲੈਣ ਲਈ ਕੋਇੰਬਟੂਰ ਆਇਆ ਹੋਇਆ ਸੀ ਅਤੇ ਉੱਥੇ ਲਗਪਗ ਇੱਕ ਹਫ਼ਤੇ ਤੋਂ ਠਹਿਰਿਆ ਹੋਇਆ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਕੁਝ ਮਹੀਨੇ ਪਹਿਲਾਂ ਇੱਕ ਪਾਕਿਸਤਾਨੀ ਮਹਿਲਾ ਖੂਫੀਆ ਏਜੰਟ ਨੇ ਸੋਸ਼ਲ ਮੀਡੀਆ ਰਾਹੀਂ ਮੁਖਰਜੀ ਨਾਲ ਸੰਪਰਕ ਕੀਤਾ ਸੀ। ਸਮੇਂ ਦੇ ਨਾਲ ਉਸ ਨੇ ਇੰਟਰਨੈੱਟ ਰਾਹੀਂ ਬਣਾਏ ਸਬੰਧਾਂ ਦਾ ਫਾਇਦਾ ਚੁੱਕ ਕੇ ਭਾਰਤੀ ਜਲ ਸੈਨਾ ਦੀਆਂ ਰਣਨੀਤਕ ਸੰਪਤੀਆਂ, ਜਹਾਜ਼ਾਂ ਦੀ ਆਵਾਜਾਈ ਅਤੇ ਵਿਸ਼ਾਖਾਪਟਨਮ ਬੇਸ ਦੇ ਕੰਮਕਾਜ ਨਾਲ ਜੁੜੀ ਬੇਹੱਦ ਸੰਵੇਦਨਸ਼ੀਲ ਜਾਣਕਾਰੀ ਹਾਸਲ ਕਰ ਲਈ। ਸਰਹੱਦ ਪਾਰੋਂ ਹੁੰਦੀ ਜਾਸੂਸੀ ਅਤੇ ਅਤਿਵਾਦੀ ਖਤਰਿਆਂ ਨਾਲ ਨਜਿੱਠਣ ਵਾਲੀ ਵਿਸ਼ੇਸ਼ ਇਕਾਈ ਸੀ.ਆਈ. ਸੈੱਲ ਨੇ ਜਵਾਨ ਦੀਆਂ ਸ਼ੱਕੀ ਡਿਜੀਟਲ ਗਤੀਵਿਧੀਆਂ 'ਤੇ ਲਗਾਤਾਰ ਨਜ਼ਰ ਰੱਖਣ ਤੋਂ ਬਾਅਦ ਇਹ ਵੱਡੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ।