ਈਡੀ ਦੀ ਮੋਹਾਲੀ ਸਥਿਤ GMADA ਦਫ਼ਤਰ ਵਿੱਚ ਛਾਪੇਮਾਰੀ, ਦਸਤਾਵੇਜ਼ਾਂ ਦੀ ਜਾਂਚ ਸ਼ੁਰੂ
- ਪੰਜਾਬ
- (Asia/Kolkata)
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੰਗਲਵਾਰ ਨੂੰ ਮੋਹਾਲੀ ਸਥਿਤ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA) ਦੇ ਦਫ਼ਤਰ ਵਿੱਚ ਛਾਪੇਮਾਰੀ ਕੀਤੀ। ਸੂਤਰਾਂ ਅਨੁਸਾਰ, ਈਡੀ ਦੀਆਂ ਟੀਮਾਂ ਤਿੰਨ ਵਾਹਨਾਂ ਵਿੱਚ ਦਫ਼ਤਰ ਪਹੁੰਚੀਆਂ ਅਤੇ ਪਹੁੰਚਦੇ ਹੀ ਜਾਂਚ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਮਿਲੀ ਜਾਣਕਾਰੀ ਮੁਤਾਬਕ, ਇਸ ਕਾਰਵਾਈ ਵਿੱਚ ਜਲੰਧਰ, ਚੰਡੀਗੜ੍ਹ ਅਤੇ ਦਿੱਲੀ ਤੋਂ ਆਈਆਂ ਈਡੀ ਦੀਆਂ ਟੀਮਾਂ ਸ਼ਾਮਲ ਹਨ। ਅਧਿਕਾਰੀ ਦਫ਼ਤਰ ਵਿੱਚ ਮੌਜੂਦ ਰਿਕਾਰਡ ਅਤੇ ਮਾਮਲੇ ਨਾਲ ਸਬੰਧਤ ਦਸਤਾਵੇਜ਼ਾਂ ਦੀ ਜਾਂਚ ਕਰ ਰਹੇ ਹਨ। ਹਾਲਾਂਕਿ, ਇਸ ਕਾਰਵਾਈ ਸਬੰਧੀ ਈਡੀ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ। ਸੂਤਰਾਂ ਦੇ ਹਵਾਲੇ ਨਾਲ ਜਾਣਕਾਰੀ ਸਾਹਮਣੇ ਆਈ ਹੈ ਕਿ ਈਡੀ ਕਰੀਬ 150 ਕਰੋੜ ਰੁਪਏ ਦੇ ਕਥਿਤ ਭੂਮੀ ਵਰਤੋਂ ਬਦਲਾਅ (CLU) ਘੁਟਾਲੇ ਅਤੇ GMADA ਅੰਦਰ ਫੀਸ ਡਿਫਾਲਟ ਨਾਲ ਜੁੜੇ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਜਾਂਚ ਦੇ ਘੇਰੇ ਵਿੱਚ ਨਵਾਂ ਚੰਡੀਗੜ੍ਹ ਸਥਿਤ ਸਨਟੇਕ ਸਿਟੀ ਸਮੇਤ ਕਈ ਪ੍ਰੋਜੈਕਟ ਦੱਸੇ ਜਾ ਰਹੇ ਹਨ। ਜਾਣਕਾਰੀ ਅਨੁਸਾਰ, ਇਨ੍ਹਾਂ ਪ੍ਰੋਜੈਕਟਾਂ ਨਾਲ ਸਬੰਧਤ ਦੋ ਬਿਲਡਰਾਂ ਦੇ ਟਿਕਾਣਿਆਂ ’ਤੇ ਪਹਿਲਾਂ ਵੀ ਛਾਪੇਮਾਰੀ ਕੀਤੀ ਜਾ ਚੁੱਕੀ ਹੈ। ਮੰਨਿਆ ਜਾ ਰਿਹਾ ਹੈ ਕਿ GMADA ਦਫ਼ਤਰ ਵਿੱਚ ਚੱਲ ਰਹੀ ਮੌਜੂਦਾ ਕਾਰਵਾਈ ਵੀ ਉਸੇ ਜਾਂਚ ਲੜੀ ਦਾ ਹਿੱਸਾ ਹੈ। ਫਿਲਹਾਲ ਈਡੀ ਵੱਲੋਂ ਰਿਕਾਰਡ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਅਗਲੇ ਪੜਾਅ ਦੀ ਕਾਰਵਾਈ ਸਬੰਧੀ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ। ਮਾਮਲੇ ’ਤੇ ਅਧਿਕਾਰਕ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
Leave a Reply