ਸ੍ਰੀ ਅਨੰਦਪੁਰ ਸਾਹਿਬ ਮਾਮਲਾ: ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਵੱਲੋਂ ਜਾਂਚ ਲਈ ਕਮੇਟੀ ਗਠਿਤ, 15 ਦਿਨਾਂ 'ਚ ਮੰਗੀ ਰਿਪੋਰਟ

ਸ੍ਰੀ ਅਨੰਦਪੁਰ ਸਾਹਿਬ ਮਾਮਲਾ: ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਵੱਲੋਂ ਜਾਂਚ ਲਈ ਕਮੇਟੀ ਗਠਿਤ, 15 ਦਿਨਾਂ 'ਚ ਮੰਗੀ ਰਿਪੋਰਟ

ਸ੍ਰੀ ਅਨੰਦਪੁਰ ਸਾਹਿਬ ਨਾਲ ਸਬੰਧਤ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰਾਂ 'ਤੇ ਆਧਾਰਿਤ ਇੱਕ ਉੱਚ-ਪੱਧਰੀ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਕਮੇਟੀ ਮਾਮਲੇ ਨਾਲ ਸਬੰਧਤ ਹਰੇਕ ਪੱਖ ਦੀ ਬਾਰੀਕੀ ਨਾਲ ਜਾਂਚ ਕਰਕੇ 15 ਦਿਨਾਂ ਦੇ ਅੰਦਰ-ਅੰਦਰ ਆਪਣੀ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ਸੌਂਪੇਗੀ। ਐਡਵੋਕੇਟ ਧਾਮੀ ਨੇ ਸਪੱਸ਼ਟ ਕੀਤਾ ਕਿ ਸੰਗਤ ਵੱਲੋਂ ਉਠਾਏ ਜਾ ਰਹੇ ਹਰ ਸਵਾਲ ਦਾ ਜਵਾਬ ਜਾਂਚ ਰਿਪੋਰਟ ਆਉਣ ਤੋਂ ਬਾਅਦ ਤੱਥਾਂ ਸਮੇਤ ਦਿੱਤਾ ਜਾਵੇਗਾ। ਗਠਿਤ ਕੀਤੀ ਗਈ ਜਾਂਚ ਕਮੇਟੀ ਵਿੱਚ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਬਲਦੇਵ ਸਿੰਘ ਕਾਇਮਪੁਰ, ਮੈਂਬਰ ਗੁਰਮੀਤ ਸਿੰਘ ਬੂਹ, ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਅਤੇ ਬੀਬੀ ਗੁਰਿੰਦਰ ਕੌਰ ਭੋਲੂਵਾਲਾ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੂੰ ਕਮੇਟੀ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਭਾਵੇਂ ਇਸ ਮਾਮਲੇ ਦੀ ਵਿਭਾਗੀ ਜਾਂਚ ਪਹਿਲਾਂ ਤੋਂ ਚੱਲ ਰਹੀ ਹੈ, ਪਰ ਇਹ ਵਿਸ਼ੇਸ਼ ਕਮੇਟੀ ਹਰ ਪਹਿਲੂ ਦੀ ਡੂੰਘਾਈ ਨਾਲ ਸਮੀਖਿਆ ਕਰੇਗੀ। ਇਸ ਦੌਰਾਨ ਪ੍ਰਸ਼ਾਸਕੀ ਕਾਰਵਾਈ ਦੀ ਜਾਣਕਾਰੀ ਦਿੰਦਿਆਂ ਐਡਵੋਕੇਟ ਧਾਮੀ ਨੇ ਦੱਸਿਆ ਕਿ ਬਹਿਰੀਨ ਨਾਲ ਸਬੰਧਿਤ ਬੀਬੀ ਵੱਲੋਂ ਲਗਾਏ ਗਏ ਦੋਸ਼ਾਂ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਮੁਅੱਤਲ ਚੱਲ ਰਹੇ ਵਧੀਕ ਹੈੱਡ ਗ੍ਰੰਥੀ ਭਾਈ ਮਲਕੀਤ ਸਿੰਘ ਨੂੰ ਸੇਵਾਵਾਂ ਤੋਂ ਫਾਰਗ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਭਾਈ ਅਮਰਜੀਤ ਸਿੰਘ ਵੱਲੋਂ ਵੀਡੀਓ ਸੰਦੇਸ਼ ਰਾਹੀਂ ਸ਼੍ਰੋਮਣੀ ਕਮੇਟੀ ਮੈਂਬਰ ਵਜੋਂ ਭੇਜਿਆ ਗਿਆ ਅਸਤੀਫ਼ਾ ਵੀ ਪ੍ਰਵਾਨ ਕਰ ਲਿਆ ਗਿਆ ਹੈ। ਆਪਣਾ ਪੱਖ ਸਪੱਸ਼ਟ ਕਰਦਿਆਂ ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਬੀਬੀ ਕਿੱਥੋਂ ਆਈ ਅਤੇ ਇਸ ਨੂੰ ਕੌਣ ਲੈ ਕੇ ਆਇਆ, ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਹ ਬੀਬੀ ਉਨ੍ਹਾਂ ਨੂੰ ਇੱਕ-ਦੋ ਵਾਰ ਮਿਲੀ ਜ਼ਰੂਰ ਸੀ, ਪਰ ਉਸ ਨੇ ਕਿਸੇ ਅਨੈਤਿਕ ਹਰਕਤ ਬਾਰੇ ਉਨ੍ਹਾਂ ਨਾਲ ਕੋਈ ਗੱਲ ਨਹੀਂ ਕੀਤੀ ਸੀ। ਉਨ੍ਹਾਂ ਕਿਹਾ ਕਿ ਇਹ ਅਸੰਭਵ ਹੈ ਕਿ ਉਨ੍ਹਾਂ ਦੇ ਧਿਆਨ ਵਿੱਚ ਅਜਿਹਾ ਸੰਵੇਦਨਸ਼ੀਲ ਮਾਮਲਾ ਲਿਆਂਦਾ ਜਾਵੇ ਅਤੇ ਉਹ ਕੋਈ ਕਾਰਵਾਈ ਨਾ ਕਰਨ। ਸੋਸ਼ਲ ਮੀਡੀਆ 'ਤੇ ਚੱਲ ਰਹੇ ਪ੍ਰਚਾਰ 'ਤੇ ਚਿੰਤਾ ਪ੍ਰਗਟਾਉਂਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਪ੍ਰਚਾਰ ਦੀ ਇੱਕ ਮਰਯਾਦਾ ਹੋਣੀ ਜ਼ਰੂਰੀ ਹੈ। ਕਿਸੇ ਵੀ ਵਿਅਕਤੀ ਬਾਰੇ ਬਿਨਾਂ ਤੱਥਾਂ ਦੇ ਆਪਣੀ ਮਰਜ਼ੀ ਨਾਲ ਰਾਏ ਬਣਾ ਕੇ ਸੋਸ਼ਲ ਮੀਡੀਆ 'ਤੇ ਫੈਸਲੇ ਸੁਣਾਉਣਾ ਗਲਤ ਹੈ। ਉਨ੍ਹਾਂ ਦੁਹਰਾਇਆ ਕਿ ਉਹ ਸੰਗਤ ਨੂੰ ਜਵਾਬਦੇਹ ਹਨ ਅਤੇ ਜਾਂਚ ਰਿਪੋਰਟ ਆਉਣ ਤੋਂ ਬਾਅਦ ਪੂਰੀ ਪਾਰਦਰਸ਼ਤਾ ਨਾਲ ਸਾਰੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਉਨ੍ਹਾਂ ਪੁਲੀਸ ਨੂੰ ਵੀ ਇਸ ਮਾਮਲੇ ਦੀ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਜਾਂਚ ਕਰਨ ਦੀ ਅਪੀਲ ਕੀਤੀ ਤਾਂ ਜੋ ਇਨਸਾਫ਼ ਯਕੀਨੀ ਬਣਾਇਆ ਜਾ ਸਕੇ।