ਬਰਨਾਲਾ ਵਿੱਚ ਪਾਣੀ ਦੇ ਸੰਕਟ ਨੇ ਧਾਰਿਆ ਸਿਆਸੀ ਰੂਪ, ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਖੋਲ੍ਹਿਆ ਮੋਰਚਾ

ਬਰਨਾਲਾ ਵਿੱਚ ਪਾਣੀ ਦੇ ਸੰਕਟ ਨੇ ਧਾਰਿਆ ਸਿਆਸੀ ਰੂਪ, ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਖੋਲ੍ਹਿਆ ਮੋਰਚਾ

ਬਰਨਾਲਾ ਸ਼ਹਿਰ ਦੇ ਕੇ.ਸੀ. ਰੋਡ ਨਾਲ ਲੱਗਦੇ ਕਈ ਪ੍ਰਮੁੱਖ ਵਾਰਡਾਂ ਵਿੱਚ ਪਿਛਲੇ ਕਰੀਬ ਇੱਕ ਹਫ਼ਤੇ ਤੋਂ ਚੱਲ ਰਹੇ ਪੀਣ ਵਾਲੇ ਪਾਣੀ ਦੇ ਗੰਭੀਰ ਸੰਕਟ ਨੇ ਸੋਮਵਾਰ ਨੂੰ ਵੱਡਾ ਸਿਆਸੀ ਰੂਪ ਧਾਰ ਲਿਆ। ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਵਾਰਡ ਵਾਸੀਆਂ ਦੇ ਨਾਲ ਮਿਲ ਕੇ ਨਗਰ ਨਿਗਮ (ਨਗਰ ਕੌਂਸਲ) ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ। ਇਸ ਦੌਰਾਨ ਕੇ.ਸੀ. ਰੋਡ ’ਤੇ ਇਕੱਠੇ ਹੋਏ ਸੈਂਕੜੇ ਲੋਕਾਂ ਨੇ ਸੜਕ ਜਾਮ ਕਰਕੇ ਪ੍ਰਸ਼ਾਸਨ ਦੇ ਰਵੱਈਏ ਵਿਰੁੱਧ ਪੱਕਾ ਰੋਸ ਧਰਨਾ ਸ਼ੁਰੂ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸੰਬੰਧਿਤ ਅਧਿਕਾਰੀਆਂ ਨੂੰ ਵਾਰ-ਵਾਰ ਸਮੱਸਿਆ ਤੋਂ ਜਾਣੂ ਕਰਵਾਉਣ ਦੇ ਬਾਵਜੂਦ ਵੀ ਪਾਣੀ ਦੀ ਕਮੀ ਦਾ ਕੋਈ ਹੱਲ ਨਹੀਂ ਕੀਤਾ ਗਿਆ। ਹਾਲਾਤ ਇਹ ਹਨ ਕਿ ਪ੍ਰਭਾਵਿਤ ਇਲਾਕਿਆਂ ਦੇ ਲੋਕ ਦੂਜੇ ਵਾਰਡਾਂ ਵਿੱਚੋਂ ਬਾਲਟੀਆਂ ਭਰ ਕੇ ਪਾਣੀ ਲਿਆਉਣ ਲਈ ਮਜਬੂਰ ਹਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਨਗਰ ਨਿਗਮ ਵੱਲੋਂ ਪੀਣ ਵਾਲੇ ਪਾਣੀ ਦੀ ਕੋਈ ਬਦਲਵੀਂ ਵਿਵਸਥਾ ਨਹੀਂ ਕੀਤੀ ਗਈ। ਇਸ ਧਰਨੇ ਦੀ ਅਗਵਾਈ ਕੌਂਸਲਰ ਊਸਾ ਰਾਣੀ ਨੇ ਕੀਤੀ। ਪ੍ਰਦਰਸ਼ਨ ਵਿੱਚ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਬਾਠ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮਡੇਰ, ਭਾਜਪਾ ਆਗੂ ਨਰਿੰਦਰ ਗਰਗ ਨੀਟਾ, ਰਜਿੰਦਰ ਉੱਪਲ, ਸੰਦੀਪ ਸੇਠੀ ਅਤੇ ਵੱਡੀ ਗਿਣਤੀ ਵਿੱਚ ਵਾਰਡ ਵਾਸੀਆਂ ਨੇ ਹਿੱਸਾ ਲਿਆ। ਧਰਨੇ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਨਗਰ ਨਿਗਮ ਦੇ ਮੇਅਰ ਹੁਸਨਪ੍ਰੀਤ ਭਾਰਦਵਾਜ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਵਾਰਡ ਨੰਬਰ 29, 39, 40 ਅਤੇ 41 ਵਿੱਚ ਪਿਛਲੇ ਇੱਕ ਹਫ਼ਤੇ ਤੋਂ ਚੱਲ ਰਹੇ ਪੀਣ ਵਾਲੇ ਪਾਣੀ ਦੇ ਸੰਕਟ ਦਾ ਤੁਰੰਤ ਹੱਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।