‘ਲਾਰੈਂਸ ਆਫ਼ ਪੰਜਾਬ’ ਵੈੱਬ ਸੀਰੀਜ਼ ’ਤੇ ਰੋਕ ਲਈ ਪੰਜਾਬ ਪੁਲੀਸ ਦੀ ਕੇਂਦਰ ਕੋਲ ਅਪੀਲ
- ਪੰਜਾਬ
- (Asia/Kolkata)
ਪੰਜਾਬ ਪੁਲੀਸ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਆਉਣ ਵਾਲੀ ਵੈੱਬ ਸੀਰੀਜ਼ ‘ਲਾਰੈਂਸ ਆਫ਼ ਪੰਜਾਬ’ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਪੁਲੀਸ ਨੇ ਇਹ ਕਦਮ ਸੂਬੇ ਦੀ ਅਮਨ-ਕਾਨੂੰਨ ਸਥਿਤੀ ਅਤੇ ਵੱਡੇ ਸਮਾਜਿਕ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਚੁੱਕਿਆ ਹੈ। ਨਾਲ ਹੀ, ਓਟੀਟੀ ਪਲੇਟਫ਼ਾਰਮ ’ਤੇ ਇਸ ਸੀਰੀਜ਼ ਦੀ ਪ੍ਰਚਾਰ ਸਮੱਗਰੀ ਨੂੰ ਬਲੌਕ ਕਰਨ ਦੀ ਵੀ ਬੇਨਤੀ ਕੀਤੀ ਗਈ ਹੈ। ਜਾਣਕਾਰੀ ਮੁਤਾਬਕ, ਇਹ ਵੈੱਬ ਸੀਰੀਜ਼ 27 ਅਪਰੈਲ ਨੂੰ ਓਟੀਟੀ ਪਲੇਟਫ਼ਾਰਮ ਜ਼ੀ ਫਾਈਵ (ZEE5) ’ਤੇ ਰਿਲੀਜ਼ ਹੋਣੀ ਨਿਰਧਾਰਿਤ ਹੈ। ਸਾਈਬਰ ਕ੍ਰਾਈਮ ਵਿੰਗ ਦੇ ਸਪੈਸ਼ਲ ਡੀਜੀਪੀ ਵੱਲੋਂ ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੂੰ ਭੇਜੇ ਗਏ ਪੱਤਰ ਵਿੱਚ ਕਿਹਾ ਗਿਆ ਹੈ ਕਿ ਇਸ ਸੀਰੀਜ਼ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜ਼ਿੰਦਗੀ ਅਤੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਰਗੀਆਂ ਗੰਭੀਰ ਅਪਰਾਧਿਕ ਘਟਨਾਵਾਂ ਨੂੰ ਦਰਸਾਇਆ ਗਿਆ ਹੈ। ਪੱਤਰ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਸੀਰੀਜ਼ ਵਿੱਚ ਲਾਰੈਂਸ ਬਿਸ਼ਨੋਈ ਦੇ ਇੱਕ ਵਿਦਿਆਰਥੀ ਆਗੂ ਤੋਂ ਅਪਰਾਧ ਜਗਤ ਦੇ ਪ੍ਰਮੁੱਖ ਚਿਹਰੇ ਵਜੋਂ ਉਭਰਨ ਦੀ ਕਹਾਣੀ ਦਿਖਾਈ ਗਈ ਹੈ। ਪੁਲੀਸ ਅਨੁਸਾਰ, ਇਸ ਤਰ੍ਹਾਂ ਦੀ ਪੇਸ਼ਕਸ਼ ਅਪਰਾਧ ਨੂੰ ਵਡਿਆਉਣ ਵਾਲੀ ਹੈ, ਜਿਸ ਨਾਲ ਨੌਜਵਾਨਾਂ ’ਤੇ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ। ਪੰਜਾਬ ਪੁਲੀਸ ਨੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਸਮਾਜ ਦੇ ਵੱਖ-ਵੱਖ ਵਰਗਾਂ ਵੱਲੋਂ ਇਸ ਸੀਰੀਜ਼ ਖ਼ਿਲਾਫ਼ ਤਿੱਖਾ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ। ਜੇਕਰ ਇਹ ਰੋਸ ਵਧਦਾ ਹੈ ਤਾਂ ਸੂਬੇ ਦੀ ਕਾਨੂੰਨ ਵਿਵਸਥਾ ’ਤੇ ਵੀ ਅਸਰ ਪੈ ਸਕਦਾ ਹੈ। ਇਸ ਲਈ ਤੁਰੰਤ ਕਾਰਵਾਈ ਕਰਦਿਆਂ ਸੀਰੀਜ਼ ਨੂੰ ਜਨਤਕ ਪਹੁੰਚ ਤੋਂ ਰੋਕਣ ਦੀ ਲੋੜ ਹੈ। ਇਸ ਮਾਮਲੇ ਵਿੱਚ ਪੰਜਾਬ ਪੁਲੀਸ ਨੇ ਸੂਚਨਾ ਤਕਨਾਲੋਜੀ ਐਕਟ, 2000 ਦੀ ਧਾਰਾ 69ਏ (1) ਦਾ ਹਵਾਲਾ ਦਿੰਦਿਆਂ ਓਟੀਟੀ ਪਲੇਟਫ਼ਾਰਮ ਤੋਂ ਸਮੱਗਰੀ ਬਲੌਕ ਕਰਨ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹਵਾਲੇ ਨਾਲ ਵੀ ਇਸ ਸੀਰੀਜ਼ ’ਤੇ ਪਾਬੰਦੀ ਲਗਾਉਣ ਦੀ ਗੱਲ ਕੀਤੀ ਗਈ ਹੈ। ਇਹ ਵੀ ਯਾਦ ਰਹੇ ਕਿ ‘ਲਾਰੈਂਸ ਆਫ਼ ਪੰਜਾਬ’ ਵੈੱਬ ਸੀਰੀਜ਼ ਨੂੰ ਹਾਈ ਕੋਰਟ ਵਿੱਚ ਵੀ ਚੁਣੌਤੀ ਦਿੱਤੀ ਗਈ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਜਨਹਿਤ ਪਟੀਸ਼ਨ ਦਾਇਰ ਕਰਕੇ ਅਦਾਲਤ ਤੋਂ ਦਖ਼ਲ ਦੀ ਮੰਗ ਕੀਤੀ ਗਈ ਹੈ।
Leave a Reply