ਜਬਲਪੁਰ ਕਿਸ਼ਤੀ ਹਾਦਸਾ: ਮਮਤਾ ਦੀ ਅਮਰ ਮਿਸਾਲ, ਦੁਰਗਾ ਪੂਜਾ ਪੰਡਾਲ ਵਿੱਚ ਮਾਂ-ਪੁੱਤ ਦੀ ਮੂਰਤੀ ਨੇ ਨਮ ਕੀਤੀਆਂ ਸਭ ਦੀਆਂ ਅੱਖਾਂ
- ਦੇਸ਼
- (Asia/Kolkata)
ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਕੁਝ ਸਮਾਂ ਪਹਿਲਾਂ ਵਾਪਰੇ ਦਰਦਨਾਕ ਬਰਗੀ ਡੈਮ ਕਿਸ਼ਤੀ ਹਾਦਸੇ ਵਿੱਚ ਮਾਂ ਦੇ ਅਥਾਹ ਪਿਆਰ ਅਤੇ ਅੰਤਿਮ ਸਾਹਾਂ ਤੱਕ ਬੱਚੇ ਨੂੰ ਬਚਾਉਣ ਦੀ ਜੱਦੋਜਹਿਦ ਨੇ ਪੂਰੇ ਦੇਸ਼ ਦੀਆਂ ਅੱਖਾਂ ਨਮ ਕਰ ਦਿੱਤੀਆਂ ਸਨ। ਹੁਣ ਇਸੇ ਦਰਦਨਾਕ ਘਟਨਾ ਨੂੰ ਯਾਦ ਕਰਦਿਆਂ ਦੁਰਗਾ ਪੂਜਾ ਮੌਕੇ ਇੱਕ ਪੰਡਾਲ ਵਿੱਚ ਮਾਂ ਦੀ ਮਹਾਨ ਕੁਰਬਾਨੀ ਨੂੰ ਸਮਰਪਿਤ ਇੱਕ ਵਿਸ਼ੇਸ਼ ਬੁੱਤ ਸਥਾਪਤ ਕੀਤਾ ਗਿਆ ਹੈ, ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਜ਼ਿਕਰਯੋਗ ਹੈ ਕਿ ਜਬਲਪੁਰ ਦੇ ਬਰਗੀ ਡੈਮ ਦੇ ਨਰਮਦਾ ਜਲ ਭੰਡਾਰ ਵਿੱਚ ਅਚਾਨਕ ਆਏ ਭਿਆਨਕ ਤੂਫ਼ਾਨ ਕਾਰਨ ਸੈਲਾਨੀਆਂ ਨਾਲ ਭਰੀ ਇੱਕ ਕਿਸ਼ਤੀ ਪਲਟ ਗਈ ਸੀ। ਇਸ ਭਿਆਨਕ ਹਾਦਸੇ ਦੌਰਾਨ ਬਚਾਅ ਕਾਰਜਾਂ ਸਮੇਂ ਜਦੋਂ ਗੋਤਾਖੋਰਾਂ ਨੇ ਪਾਣੀ ਵਿੱਚੋਂ ਮਾਂ (ਮੈਰੀਨਾ) ਅਤੇ ਉਸ ਦੇ ਚਾਰ ਸਾਲਾ ਮਾਸੂਮ ਪੁੱਤਰ (ਤ੍ਰਿਸ਼ਾਨ) ਦੀਆਂ ਲਾਸ਼ਾਂ ਬਾਹਰ ਕੱਢੀਆਂ, ਤਾਂ ਉੱਥੇ ਮੌਜੂਦ ਹਰ ਵਿਅਕਤੀ ਦਾ ਕਲੇਜਾ ਕੰਬ ਗਿਆ। ਮਾਂ ਨੇ ਆਪਣੇ ਆਖ਼ਰੀ ਪਲਾਂ ਵਿੱਚ ਮੌਤ ਦੇ ਸਾਹਮਣੇ ਵੀ ਆਪਣੇ ਲਾਡਲੇ ਨੂੰ ਆਪਣੀ ਲਾਈਫ਼ ਜੈਕਟ ਦੇ ਅੰਦਰ ਕੱਸ ਕੇ ਬੰਨ੍ਹਿਆ ਹੋਇਆ ਸੀ ਅਤੇ ਉਸ ਨੂੰ ਆਪਣੀ ਬੁੱਕਲ ਵਿੱਚ ਘੁੱਟ ਕੇ ਰੱਖਿਆ ਸੀ। ਇਸ ਦਿਲ-ਕੰਬਾਊ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਇੰਟਰਨੈੱਟ ’ਤੇ ਇੱਕ ਭਾਵੁਕ ਆਰਟਵਰਕ (ਡਿਜੀਟਲ ਤਸਵੀਰ) ਵੀ ਵੱਡੇ ਪੱਧਰ ’ਤੇ ਵਾਇਰਲ ਹੋਈ ਸੀ, ਜਿਸ ਨੂੰ ਦੇਖ ਕੇ ਲੱਖਾਂ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸਨ। ਇਸੇ ਭਾਵਨਾ ਨੂੰ ਸਤਿਕਾਰ ਦਿੰਦਿਆਂ ਦੁਰਗਾ ਪੂਜਾ ਪੰਡਾਲ ਦੇ ਪ੍ਰਬੰਧਕਾਂ ਨੇ ‘ਮਾਂ ਸ਼ਕਤੀ’ ਦੇ ਰੂਪ ਵਿੱਚ ਇਸ ਦਰਦਨਾਕ ਘਟਨਾ ਨੂੰ ਮੂਰਤੀ ਦੇ ਰੂਪ ਵਿੱਚ ਪੇਸ਼ ਕਰਦਿਆਂ ਮਾਂ ਦੀ ਬੇਮਿਸਾਲ ਮਮਤਾ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਦੂਜੇ ਪਾਸੇ, ਸੋਸ਼ਲ ਮੀਡੀਆ ’ਤੇ ਇਸ ਵਾਇਰਲ ਤਸਵੀਰ ਅਤੇ ਮੂਰਤੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਵੀ ਚੱਲ ਰਹੀਆਂ ਹਨ। ਕੁਝ ਯੂਜ਼ਰਾਂ ਦਾ ਮੰਨਣਾ ਹੈ ਕਿ ਇਹ ਮੂਲ ਡਿਜੀਟਲ ਤਸਵੀਰ ਅਸਲ ਨਹੀਂ, ਸਗੋਂ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੁਆਰਾ ਤਿਆਰ ਕੀਤੀ ਗਈ ਇੱਕ ਕਾਲਪਨਿਕ ਤਸਵੀਰ ਹੈ, ਜਿਸ ਨੂੰ ਹਾਦਸੇ ਦੀ ਯਾਦ ਵਜੋਂ ਜੋੜਿਆ ਗਿਆ ਸੀ।
Leave a Reply