ਨਿਊਯਾਰਕ ਵਿੱਚ ਬਜ਼ੁਰਗ ਸਿੱਖ ਟੈਕਸੀ ਡਰਾਈਵਰ ਨਾਲ ਧੱਕਾਮੁੱਕੀ, ਵੀਡੀਓ ਵਾਇਰਲ ਮਗਰੋਂ ਰੋਸ

ਨਿਊਯਾਰਕ ਵਿੱਚ ਬਜ਼ੁਰਗ ਸਿੱਖ ਟੈਕਸੀ ਡਰਾਈਵਰ ਨਾਲ ਧੱਕਾਮੁੱਕੀ, ਵੀਡੀਓ ਵਾਇਰਲ ਮਗਰੋਂ ਰੋਸ

ਨਿਊਯਾਰਕ ਸਿਟੀ ਵਿੱਚ ਇੱਕ ਬਜ਼ੁਰਗ ਸਿੱਖ ਟੈਕਸੀ ਡਰਾਈਵਰ ਨਾਲ ਧੱਕਾਮੁੱਕੀ ਦੀ ਪਰੇਸ਼ਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਵਿੱਚ ਭਾਰੀ ਗੁੱਸਾ ਦੇਖਿਆ ਜਾ ਰਿਹਾ ਹੈ। ਕਥਿਤ ਤੌਰ ’ਤੇ ਇੱਕ ਅਫਰੀਕੀ-ਅਮਰੀਕੀ ਵਿਅਕਤੀ ਵੱਲੋਂ ਡਰਾਈਵਰ ’ਤੇ ਹਮਲਾ ਕੀਤਾ ਗਿਆ। ਵਾਇਰਲ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਸੜਕ ਕਿਨਾਰੇ ਹੋਈ ਬਹਿਸ ਮਗਰੋਂ ਹਮਲਾਵਰ ਵੱਲੋਂ ਬਜ਼ੁਰਗ ਡਰਾਈਵਰ ਨੂੰ ਜ਼ੋਰ ਨਾਲ ਧੱਕਾ ਦੇ ਕੇ ਜ਼ਮੀਨ ’ਤੇ ਸੁੱਟ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਨੇ ਡਰਾਈਵਰ ’ਤੇ ਦੂਜੀ ਗੱਡੀ ਨੂੰ ਟੱਕਰ ਮਾਰਨ ਦਾ ਦੋਸ਼ ਲਗਾਇਆ ਅਤੇ ਧਮਕੀਆਂ ਦੇਣ ਤੋਂ ਬਾਅਦ ਇਹ ਹਿੰਸਕ ਕਰਤੂਤ ਕੀਤੀ। ਘਟਨਾ ਵਿੱਚ ਪੀੜਤ ਨੂੰ ਸੱਟਾਂ ਲੱਗੀਆਂ ਹਨ, ਹਾਲਾਂਕਿ ਸੋਸ਼ਲ ਮੀਡੀਆ ਅਪਡੇਟਾਂ ਮੁਤਾਬਕ ਉਹ ਹੁਣ ਸੁਰੱਖਿਅਤ ਹੈ ਅਤੇ “ਚੜ੍ਹਦੀ ਕਲਾ” ਵਿੱਚ ਹੈ। ਇਸ ਮਾਮਲੇ ’ਤੇ ਸਿੱਖ ਜਥੇਬੰਦੀਆਂ ਵੱਲੋਂ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਨ੍ਹਾਂ ਨੇ ਹਮਲੇ ਦੀ ਕੜੀ ਨਿੰਦਾ ਕਰਦਿਆਂ ਖ਼ਾਸ ਕਰਕੇ ਜਨਤਕ ਸੇਵਾਵਾਂ ਵਿੱਚ ਕੰਮ ਕਰਨ ਵਾਲੇ ਬਜ਼ੁਰਗ ਮੈਂਬਰਾਂ ਦੀ ਸੁਰੱਖਿਆ ’ਤੇ ਗੰਭੀਰ ਚਿੰਤਾ ਜਤਾਈ ਹੈ। ਭਾਈਚਾਰਕ ਆਗੂਆਂ ਨੇ ਇਸ ਘਟਨਾ ਵਿੱਚ ਵਰਤੀ ਗਈ ਹਿੰਸਾ ਦੇ ਪੱਧਰ ’ਤੇ ਸਵਾਲ ਚੁੱਕੇ ਹਨ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਇਹ ਵੀ ਉਜਾਗਰ ਕੀਤਾ ਕਿ ਕਈ ਸਿੱਖ ਟੈਕਸੀ ਡਰਾਈਵਰ ਪਰਵਾਸੀ ਅਤੇ ਸੀਨੀਅਰ ਨਾਗਰਿਕ ਹਨ, ਜੋ ਅਜਿਹੀਆਂ ਘਟਨਾਵਾਂ ਦੇ ਕਾਰਨ ਵਧੇਰੇ ਖ਼ਤਰੇ ਵਿੱਚ ਰਹਿੰਦੇ ਹਨ। ਇਹ ਘਟਨਾ ਅਜਿਹੀਆਂ ਹੋਰ ਵਾਪਰ ਰਹੀਆਂ ਘਟਨਾਵਾਂ ਦੇ ਸੰਦਰਭ ਵਿੱਚ ਹੋਰ ਵੀ ਚਿੰਤਾਜਨਕ ਮੰਨੀ ਜਾ ਰਹੀ ਹੈ। 22 ਅਪਰੈਲ ਨੂੰ Woodstock ਵਿੱਚ ਵੀ ਇੱਕ ਬਜ਼ੁਰਗ ਸਿੱਖ ਵਿਅਕਤੀ ਨਾਲ ਧੱਕਾਮੁੱਕੀ ਅਤੇ ਗਾਲੀ-ਗਲੋਚ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸਨੂੰ ਨਫ਼ਰਤ ਨਾਲ ਪ੍ਰੇਰਿਤ ਹਮਲਾ ਦੱਸਿਆ ਗਿਆ ਸੀ। ਅਮਰੀਕਾ ਵਿੱਚ ਪਿਛਲੇ ਸਮੇਂ ਦੌਰਾਨ ਸਿੱਖ ਟੈਕਸੀ ਡਰਾਈਵਰਾਂ ’ਤੇ ਹੋਏ ਘਾਤਕ ਹਮਲਿਆਂ ਨੇ ਭਾਈਚਾਰੇ ਵਿੱਚ ਚਿੰਤਾ ਹੋਰ ਵਧਾ ਦਿੱਤੀ ਹੈ। ਇਸ ਕਾਰਨ ਸੁਰੱਖਿਆ ਉਪਾਅ ਅਤੇ ਜਾਗਰੂਕਤਾ ਵਧਾਉਣ ਦੀ ਮੰਗ ਤੇਜ਼ ਹੋ ਰਹੀ ਹੈ। ਫਿਲਹਾਲ, ਨਿਊਯਾਰਕ ਦੇ ਅਧਿਕਾਰੀਆਂ ਵੱਲੋਂ ਇਸ ਮਾਮਲੇ ’ਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ। ਹਾਲਾਂਕਿ ਵਧਦੇ ਜਨਤਕ ਦਬਾਅ ਦੇ ਮੱਦੇਨਜ਼ਰ ਇਸ ਘਟਨਾ ਦੀ ਜਾਂਚ ਸ਼ੁਰੂ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।