ਜੇਲ੍ਹ ਵਿੱਚ ਬੰਦ ਨਰਗਿਸ ਮੁਹੰਮਦੀ ਦੀ ਸਿਹਤ ਖਰਾਬ ਹੋਣ ਦੀ ਖ਼ਬਰ
- ਵਿਦੇਸ਼
- (Asia/Kolkata)
ਇਰਾਨ ਦੀ ਜੇਲ੍ਹ ਵਿੱਚ ਬੰਦ ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਨਰਗਿਸ ਮੁਹੰਮਦੀ ਦੀ ਸਿਹਤ ਵਿਗੜ ਰਹੀ ਹੈ। ਉਨ੍ਹਾਂ ਦੇ ਪਤੀ ਨੇ ਦੱਸਿਆ ਕਿ ਇਸ ਦਾ ਇੱਕ ਕਾਰਨ ਉਹ ਕੁੱਟਮਾਰ ਹੈ ਜੋ ਉਨ੍ਹਾਂ ਨੇ ਦੋ ਮਹੀਨੇ ਪਹਿਲਾਂ ਆਪਣੀ ਗ੍ਰਿਫ਼ਤਾਰੀ ਦੌਰਾਨ ਝੱਲੀ। ਪੈਰਿਸ ਵਿੱਚ ਆਪਣੇ ਘਰ ਤੋਂ ਗੱਲਬਾਤ ਦੌਰਾਨ ਤਾਗੀ ਰਹਿਮਾਨੀ ਨੇ ਕਿਹਾ ਕਿ 12 ਦਸੰਬਰ ਨੂੰ ਪੂਰਬੀ ਇਰਾਨੀ ਸ਼ਹਿਰ ਮਸ਼ਹਦ ਦੀ ਯਾਤਰਾ ਦੌਰਾਨ ਗ੍ਰਿਫ਼ਤਾਰ ਕੀਤੇ ਜਾਣ ਦੇ ਬਾਅਦ ਤੋਂ ਉਹ ਆਪਣੀ ਪਤਨੀ ਨਾਲ ਗੱਲ ਨਹੀਂ ਕਰ ਸਕੇ। ਨਰਗਿਸ ਨੂੰ ਆਪਣੇ ਭਰਾ ਨਾਲ ਸਿਰਫ਼ ਇੱਕ ਵਾਰ ਸੰਖੇਪ ਫੋਨ ਕਾਲ ਦੀ ਇਜਾਜ਼ਤ ਦਿੱਤੀ ਗਈ ਅਤੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਨਵੀਂ ਸਜ਼ਾ ਸੁਣਾਏ ਜਾਣ ਤੋਂ ਬਾਅਦ ਉਨ੍ਹਾਂ ਆਪਣੇ ਵਕੀਲ ਨਾਲ ਸਿਰਫ਼ ਇੱਕ ਵਾਰ ਗੱਲ ਕੀਤੀ ਹੈ। ਮੁਹੰਮਦੀ ਨੂੰ ਇਰਾਨ ਵਿੱਚ ਦੇਸ਼ ਵਿਆਪੀ ਪ੍ਰਦਰਸ਼ਨ ਸ਼ੁਰੂ ਹੋਣ ਤੋਂ ਕਈ ਹਫ਼ਤੇ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਪ੍ਰਦਰਸ਼ਨ 8 ਤੇ 9 ਜਨਵਰੀ ਨੂੰ ਲੱਖਾਂ ਲੋਕਾਂ ਦੇ ਮਾਰਚ ਦੇ ਰੂਪ ਵਿੱਚ ਸਿਖਰ ’ਤੇ ਪਹੁੰਚ ਗਏ ਸਨ, ਜਿਸ ਨੂੰ ਬਾਅਦ ਵਿੱਚ ਸਰਕਾਰ ਨੇ ਸਖ਼ਤੀ ਨਾਲ ਦਰੜ ਦਿੱਤਾ ਸੀ। ਇਸ ਤੋਂ ਪਹਿਲਾਂ 16 ਜਨਵਰੀ ਨੂੰ ਇਰਾਨੀ ਸੁਰੱਖਿਆ ਏਜੰਟ ਰਾਤ 2 ਵਜੇ ਅੱਧਾ ਦਰਜਨ ਕਾਰਾਂ ਵਿੱਚ ਸਵਾਰ ਹੋ ਕੇ ਨਖਈ ਪਰਿਵਾਰ ਦੇ ਘਰ ਦੇ ਬਾਹਰ ਪੁੱਜੇ। ਉਨ੍ਹਾਂ ਸੁੱਤੀਆਂ ਹੋਈਆਂ ਦੋ ਭੈਣਾਂ ਨਿਊਸ਼ਾ ਤੇ ਮੋਨਾ ਨੂੰ ਜਗਾਇਆ ਅਤੇ ਉਨ੍ਹਾਂ ਨੂੰ ਆਪਣੇ ਫੋਨਾਂ ਦੇ ਪਾਸਵਰਡ ਦੇਣ ਲਈ ਮਜਬੂਰ ਕੀਤਾ। ਇਸ ਤੋਂ ਬਾਅਦ ਉਹ ਦੋਹਾਂ ਨੂੰ ਆਪਣੇ ਨਾਲ ਲੈ ਗਏ। ਇਨ੍ਹਾਂ ਮਹਿਲਾਵਾਂ ’ਤੇ ਹਫ਼ਤਾ ਪਹਿਲਾਂ ਇਰਾਨ ਨੂੰ ਹਿਲਾ ਕੇ ਰੱਖ ਦੇਣ ਵਾਲੇ ਦੇਸ਼ ਵਿਆਪੀ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਦਾ ਦੋਸ਼ ਲਗਾਇਆ ਗਿਆ ਸੀ।
Leave a Reply