ਮਹਿੰਗਾਈ ਦੀ ਮਾਰ: ਕੈਨੇਡਾ ਵਿੱਚ ਬੱਚਿਆਂ ਦੀਆਂ ਖੇਡਾਂ ਤੇ ਹੋਰ ਗਤੀਵਿਧੀਆਂ ਦਾ ਖਰਚਾ ਚੁੱਕਣ ਲਈ ਕਰਜ਼ਾ ਲੈਣ ਨੂੰ ਮਜਬੂਰ ਮਾਪੇ
ਕੈਨੇਡਾ ਵਿੱਚ ਬੱਚਿਆਂ ਦੀਆਂ ਖੇਡਾਂ ਅਤੇ ਹੋਰ ਪਾਠਕ੍ਰਮ ਤੋਂ ਬਾਹਰਲੀਆਂ (ਐਕਸਟਰਾ-ਕਰੀਕੁਲਰ) ਗਤੀਵਿਧੀਆਂ ’ਤੇ ਹੋਣ ਵਾਲਾ ਖਰਚਾ ਮਾਪਿਆਂ ਲਈ ਇੱਕ ਵੱਡੀ ਆਰਥਿਕ ਚੁਣੌਤੀ ਬਣਦਾ ਜਾ ਰਿਹਾ ਹੈ। ਪ੍ਰਸਿੱਧ ਖੋਜ ਸੰਸਥਾ ‘ਨੈਨੋਸ ਰਿਸਰਚ’ (Nanos Research) ਵੱਲੋਂ ਕੀਤੇ ਗਏ ਇੱਕ ਤਾਜ਼ਾ ਸਰਵੇਖਣ ਵਿੱਚ ਇਹ ਹੈਰਾਨ ਕਰਨ ਵਾਲਾ ਤੱਥ ਸਾਹਮਣੇ ਆਇਆ ਹੈ ਕਿ ਕਈ ਮਾਪੇ ਆਪਣੇ ਬੱਚਿਆਂ ਦੀਆਂ ਗਤੀਵਿਧੀਆਂ ਦੀਆਂ ਫੀਸਾਂ ਪੂਰੀਆਂ ਕਰਨ ਲਈ ਘਰੇਲੂ ਖਰਚਿਆਂ ਵਿੱਚ ਭਾਰੀ ਕਟੌਤੀ ਕਰ ਰਹੇ ਹਨ, ਜਦਕਿ ਇੱਕ ਵੱਡਾ ਵਰਗ ਕਰਜ਼ਾ ਲੈਣ ਤੱਕ ਲਈ ਮਜਬੂਰ ਹੈ। ਇਸ ਸਰਵੇਖਣ ਵਿੱਚ ਦੇਸ਼ ਭਰ ਦੇ 475 ਮਾਪਿਆਂ ਨੂੰ ਸ਼ਾਮਲ ਕੀਤਾ ਗਿਆ ਸੀ। ਸਰਵੇ ਦੇ ਨਤੀਜਿਆਂ ਅਨੁਸਾਰ, 30 ਫ਼ੀ ਸਦੀ ਮਾਪਿਆਂ ਨੇ ਸਵੀਕਾਰ ਕੀਤਾ ਕਿ ਉਹ ਬੱਚਿਆਂ ਦੀਆਂ ਗਤੀਵਿਧੀਆਂ ਦਾ ਖਰਚਾ ਚੁੱਕਣ ਲਈ ਆਪਣੇ ਹੋਰ ਜ਼ਰੂਰੀ ਖਰਚਿਆਂ ਨੂੰ ਘਟਾ ਰਹੇ ਹਨ, ਉੱਥੇ ਹੀ 14 ਫ਼ੀ ਸਦੀ ਮਾਪਿਆਂ ਨੇ ਇਸ ਲਈ ਕਰਜ਼ਾ ਲੈਣ ਦੀ ਗੱਲ ਕਹੀ ਹੈ। ਇਸ ਤੋਂ ਇਲਾਵਾ, 6 ਫ਼ੀ ਸਦੀ ਮਾਪਿਆਂ ਨੇ ਬੱਚਿਆਂ ਦੀ ਉੱਚ ਪੜ੍ਹਾਈ ਲਈ ਕੀਤੀ ਜਾਣ ਵਾਲੀ ਬਚਤ ਕਰਨੀ ਛੱਡ ਦਿੱਤੀ ਹੈ, ਜਦਕਿ 2 ਫ਼ੀ ਸਦੀ ਮਾਪੇ ਵਾਧੂ ਕੰਮ (ਓਵਰਟਾਈਮ ਜਾਂ ਦੂਜੀ ਨੌਕਰੀ) ਕਰਕੇ ਪੈਸੇ ਇਕੱਠੇ ਕਰ ਰਹੇ ਹਨ। ਨੈਨੋਸ ਰਿਸਰਚ ਦੇ ਮੁਖੀ ਨਿੱਕ ਨੈਨੋਸ ਮੁਤਾਬਕ, 35 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਮਾਪਿਆਂ ਉੱਤੇ ਇਹ ਵਿੱਤੀ ਦਬਾਅ ਕਿਤੇ ਜ਼ਿਆਦਾ ਗੰਭੀਰ ਹੈ। ਮਾਪਿਆਂ ਦਾ ਕਹਿਣਾ ਹੈ ਕਿ ਹਾਕੀ, ਤੈਰਾਕੀ, ਕਲਾ (ਆਰਟ) ਦੀਆਂ ਕਲਾਸਾਂ ਅਤੇ ਹੋਰ ਰਚਨਾਤਮਕ ਗਤੀਵਿਧੀਆਂ ਦੀਆਂ ਫੀਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਾਰਨ ਘਰ ਦਾ ਬਜਟ ਸੰਭਾਲਣਾ ਮੁਸ਼ਕਲ ਹੋ ਗਿਆ ਹੈ।ਵਧਦੇ ਖਰਚਿਆਂ ਨਾਲ ਨਜਿੱਠਣ ਲਈ ਕੈਨੇਡੀਅਨ ਪਰਿਵਾਰ ਕਈ ਤਰ੍ਹਾਂ ਦੇ ਵਿਹਾਰਕ ਤਰੀਕੇ ਅਪਣਾ ਰਹੇ ਹਨ। ਲਾਗਤ ਘਟਾਉਣ ਲਈ ਕਈ ਮਾਪੇ ਬੱਚਿਆਂ ਲਈ ਨਵੇਂ ਦੀ ਬਜਾਏ ਪੁਰਾਣਾ (ਸੈਕਿੰਡ-ਹੈਂਡ) ਸਾਮਾਨ ਖਰੀਦ ਰਹੇ ਹਨ। ਇੰਨਾ ਹੀ ਨਹੀਂ, ਟੂਰਨਾਮੈਂਟਾਂ ਜਾਂ ਹੋਰ ਪ੍ਰੋਗਰਾਮਾਂ ਦੌਰਾਨ ਯਾਤਰਾ ਖਰਚ ਬਚਾਉਣ ਲਈ ਪਰਿਵਾਰ ਹੋਟਲਾਂ ਵਿੱਚ ਰੁਕਣ ਦੀ ਬਜਾਏ ਰਿਸ਼ਤੇਦਾਰਾਂ ਕੋਲ ਠਹਿਰਨ ਨੂੰ ਤਰਜੀਹ ਦੇ ਰਹੇ ਹਨ ਅਤੇ ਬਾਹਰ ਖਾਣਾ ਖਾਣ ਦੀ ਥਾਂ ਘਰੋਂ ਹੀ ਖਾਣਾ ਪੈਕ ਕਰਕੇ ਨਾਲ ਲੈ ਕੇ ਜਾ ਰਹੇ ਹਨ।