Daily Suraj

ਪੰਜਾਬੀ

ਪੰਜਾਬ 'ਚ ਝੋਨੇ ਦੀ ਖ਼ਰੀਦ ਮਿੱਥੇ ਟੀਚੇ ਦੇ ਬਿਲਕੁਲ ਨੇੜੇ, ਨਵੀਂ ਆਮਦ ਦੀ ਖ਼ਰੀਦ 'ਤੇ ਫਸਿਆ ਪੇਚ

14 Nov, 2026 09:37 AM

ਪੰਜਾਬ ਵਿੱਚ ਝੋਨੇ ਦੀ ਸਰਕਾਰੀ ਖ਼ਰੀਦ ਨਿਰਧਾਰਤ ਟੀਚੇ ਦੇ ਬਿਲਕੁਲ ਨੇੜੇ ਪਹੁੰਚ ਕੇ ਉਸ ਨੂੰ ਪਾਰ ਕਰਨ ਦੀ ਸਥਿਤੀ ਵਿੱਚ ਆ ਗਈ ਹੈ, ਜਿਸ ਕਾਰਨ ਹੁਣ ਮੰਡੀਆਂ ਵਿੱਚ ਪਹੁੰਚ ਰਹੀ ਨਵੀਂ ਫ਼ਸਲ ਦੀ ਖ਼ਰੀਦ ਨੂੰ ਲੈ ਕੇ ਪੇਚ ਫਸ ਗਿਆ ਹੈ। ਸੂਬੇ ਵਿੱਚ ਮੌਜੂਦਾ ਸੀਜ਼ਨ ਦੌਰਾਨ 180 ਲੱਖ ਟਨ ਝੋਨੇ ਦੀ ਖ਼ਰੀਦ ਦਾ ਟੀਚਾ ਤੈਅ ਕੀਤਾ ਗਿਆ ਸੀ, ਜਦੋਂ ਕਿ ਹੁਣ ਤੱਕ 179.40 ਲੱਖ ਟਨ ਝੋਨੇ ਦੀ ਖ਼ਰੀਦ ਮੁਕੰਮਲ ਹੋ ਚੁੱਕੀ ਹੈ। ਤੈਅ ਕੀਤੇ ਗਏ ਟੀਚੇ ਤੋਂ ਵੱਧ ਖ਼ਰੀਦ ਕਰਨ ਲਈ ਕੇਂਦਰ ਸਰਕਾਰ ਵੱਲੋਂ ਅਜੇ ਤੱਕ ਹਰੀ ਝੰਡੀ ਨਹੀਂ ਦਿੱਤੀ ਗਈ ਹੈ। ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਸੀਜ਼ਨ ਦੇ ਅਖ਼ੀਰ ਤੱਕ ਮੰਡੀਆਂ ਵਿੱਚ ਆਉਣ ਵਾਲੀ ਸਮੁੱਚੀ ਜਿਣਸ ਖ਼ਰੀਦਣ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਹੈ, ਪਰ ਕੇਂਦਰ ਵੱਲੋਂ ਇਸ ਸਬੰਧੀ ਅਜੇ ਤੱਕ ਕੋਈ ਹੁੰਗਾਰਾ ਨਹੀਂ ਭਰਿਆ ਗਿਆ ਹੈ। ਜੇਕਰ ਸੂਬਾ ਸਰਕਾਰ ਕੇਂਦਰੀ ਪ੍ਰਵਾਨਗੀ ਤੋਂ ਬਿਨਾਂ ਵਾਧੂ ਝੋਨੇ ਦੀ ਖ਼ਰੀਦ ਕਰਦੀ ਹੈ, ਤਾਂ ਉਸ ਦੀ ਅਦਾਇਗੀ ਸੂਬਾਈ ਖ਼ਜ਼ਾਨੇ ਵਿੱਚੋਂ ਕਰਨੀ ਪੈ ਸਕਦੀ ਹੈ। ਦੂਜੇ ਪਾਸੇ, ਕੇਂਦਰ ਸਰਕਾਰ ਨੂੰ ਇਹ ਖ਼ਦਸ਼ਾ ਹੈ ਕਿ ਬਾਹਰਲੇ ਸੂਬਿਆਂ ਤੋਂ ਝੋਨਾ ਲਿਆ ਕੇ ਪੰਜਾਬ ਦੀਆਂ ਮੰਡੀਆਂ ਵਿੱਚ ਵੇਚਿਆ ਗਿਆ ਹੈ, ਜਦੋਂ ਕਿ ਪੰਜਾਬ ਸਰਕਾਰ ਨੇ ਆਪਣੀ ਦਲੀਲ ਵਿੱਚ ਸਪੱਸ਼ਟ ਕੀਤਾ ਹੈ ਕਿ ਐਤਕੀਂ ਸੂਬੇ ਵਿੱਚ ਝੋਨੇ ਦੇ ਝਾੜ ਵਿੱਚ 7 ਤੋਂ 8 ਫ਼ੀਸਦੀ ਤੱਕ ਵਾਧਾ ਦਰਜ ਕੀਤਾ ਗਿਆ ਹੈ।200 ਲੱਖ ਟਨ ਦੇ ਅੰਕੜੇ ਨੂੰ ਛੂਹ ਸਕਦੀ ਹੈ ਕੁੱਲ ਖ਼ਰੀਦ ਸੂਬੇ ਦੇ ਬਠਿੰਡਾ, ਬਰਨਾਲਾ ਅਤੇ ਮਾਨਸਾ ਜ਼ਿਲ੍ਹਿਆਂ ਵਿੱਚ ਅਜੇ ਵੀ ਕੁਝ ਫ਼ੀਸਦੀ ਫ਼ਸਲ ਦੀ ਕਟਾਈ ਬਾਕੀ ਹੈ। ਬੀਤੇ ਦਿਨ ਵੀ ਸੂਬੇ ਦੀਆਂ ਮੰਡੀਆਂ ਵਿੱਚ 3.39 ਲੱਖ ਟਨ ਨਵੀਂ ਜਿਣਸ ਦੀ ਆਮਦ ਹੋਈ ਹੈ। ਆਮਦ ਦੀ ਇਸ ਰਫ਼ਤਾਰ ਨੂੰ ਦੇਖਦਿਆਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਸੀਜ਼ਨ ਵਿੱਚ ਕੁੱਲ ਝੋਨੇ ਦੀ ਖ਼ਰੀਦ 200 ਲੱਖ ਟਨ ਤੱਕ ਪਹੁੰਚ ਸਕਦੀ ਹੈ। ਇਸ ਦੌਰਾਨ ਕਿਸਾਨ ਆਗੂਆਂ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਜੇਕਰ ਸਮੇਂ ਸਿਰ ਖ਼ਰੀਦ ਨਾ ਹੋਈ ਤਾਂ ਮੰਡੀਆਂ ਵਿੱਚ ਕਿਸਾਨਾਂ ਦਾ ਝੋਨਾ ਰੁਲੇਗਾ। ਉਨ੍ਹਾਂ ਮੰਗ ਕੀਤੀ ਕਿ ਸੂਬਾ ਸਰਕਾਰ ਨੂੰ ਖ਼ਰੀਦ ਦੇ ਅਗੇਤੇ ਅਤੇ ਢੁਕਵੇਂ ਪ੍ਰਬੰਧ ਯਕੀਨੀ ਬਣਾਉਣੇ ਚਾਹੀਦੇ ਹਨ।ਝਾੜ ਵਧਣ ਪਿੱਛੇ ਬਿਜਲੀ ਤੇ ਨਹਿਰੀ ਪਾਣੀ ਦੀ ਅਹਿਮ ਭੂਮਿਕਾ ਵੇਰਵਿਆਂ ਅਨੁਸਾਰ ਕੇਂਦਰ ਸਰਕਾਰ ਨੂੰ ਭੇਜੇ ਗਏ ਪੱਤਰ ਵਿੱਚ ਸੂਬਾ ਸਰਕਾਰ ਨੇ ਦੱਸਿਆ ਹੈ ਕਿ ਇਸ ਵਾਰ ਅਨੁਕੂਲ ਹਾਲਾਤਾਂ ਸਦਕਾ ਝੋਨੇ ਦੇ ਝਾੜ ਵਿੱਚ ਚੋਖਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਬਾਸਮਤੀ ਅਤੇ ਨਰਮੇ ਹੇਠਲਾ ਕਾਫ਼ੀ ਰਕਬਾ ਵੀ ਇਸ ਵਾਰ ਝੋਨੇ ਦੀ ਬਿਜਾਂਦ ਹੇਠ ਆ ਗਿਆ ਹੈ, ਜਿਸ ਨਾਲ ਪੈਦਾਵਾਰ ਵਧੀ ਹੈ। ਪੱਤਰ ਵਿੱਚ ਖੇਤੀ ਉਪਜ ਵਿੱਚ ਹੋਏ ਇਸ ਵਾਧੇ ਲਈ ਨਿਰਵਿਘਨ ਬਿਜਲੀ ਅਤੇ ਨਹਿਰੀ ਪਾਣੀ ਦੀ ਨਿਯਮਤ ਸਪਲਾਈ ਨੂੰ ਵੀ ਅਹਿਮ ਕਾਰਨ ਦੱਸਿਆ ਗਿਆ ਹੈ।

Latest News